ਹੁਸ਼ਿਆਰਪੁਰ, 2 ਜਨਵਰੀ:/ਜ਼ਿਲ੍ਹਾ ਪ੍ਰਸ਼ਾਸ਼ਨ, ਟਰਾਂਸਪੋਰਟ ਵਿਭਾਗ ਅਤੇ ਪੁਲਿਸ ਵਿਭਾਗ ਵੱਲੋਂ ਲਾਇਨਜ਼ ਕਲੱਬ ਹੁਸ਼ਿਆਰਪੁਰ ਸਿਟੀ ਪ੍ਰੀਤ ਦੇ ਸਹਿਯੋਗ ਨਾਲ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ 1 ਜਨਵਰੀ ਤੋਂ 7 ਜਨਵਰੀ 2013 ਤੱਕ ਮਨਾਏ ਜਾ ਰਹੇ 24ਵੇਂ ਸੜਕ ਸੁਰੱਖਿਆ ਸਪਤਾਹ ਤਹਿਤ ਅੱਜ ਪ੍ਰਭਾਤ ਚੌਕ ਹੁਸ਼ਿਆਰਪੁਰ ਵਿਖੇ ਹਰ ਕਿਸਮ ਦੀਆਂ ਗੱਡੀਆਂ ਨੂੰ ਰਿਫਲੈਕਟਰ ਲਗਾਏ ਗਏ ਅਤੇ ਗੱਡੀਆਂ ਦੇ ਡਰਾਈਵਰਾਂ ਨੂੰ ਸੜਕ ਤੇ ਚੱਲਣ ਸਬੰਧੀ ਨਿਯਮਾਂ ਦੀ ਜਾਣਕਾਰੀ ਦਿੱਤੀ ਗਈ। ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਪੀ.ਐਸ. ਗਿੱਲ, ਸਹਾਇਕ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਮਨਜੀਤ ਸਿੰਘ, ਏ ਐਸ ਆਈ ਗੁਰਦੇਵ ਸਿੰਘ, ਟਰੈਫਿਕ ਇੰਚਾਰਜ ਅਮਰਜੀਤ ਅਤੇ ਲਾਇਨਜ ਕਲੱਬ ਹੁਸ਼ਿਆਰਪੁਰ ਸਿਟੀ ਪ੍ਰੀਤ ਦੇ ਪ੍ਰਧਾਨ ਆਗਿਆ ਪਾਲ ਸਿੰਘ ਨੇ ਸਾਂਝੇ ਤੌਰ ਤੇ ਸਰਕਾਰੀ ਤੇ ਗੈਰ ਸਰਕਾਰੀ ਗੱਡੀਆਂ, ਟਰੈਕਟਰ-ਟਰਾਲੀਆਂ, ਥਰੀਵੀਲਰ ਅਤੇ ਹੋਰ ਵਾਹਨਾਂ ਨੂੰ ਮੌਕੇ ਤੇ ਹੀ ਰਿਫਲੈਕਟਰ ਲਗਾਏ। ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਨੇ ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਟੇਟ ਟਰਾਂਸਪੋਰਟ ਕਮਿਸ਼ਨ ਪੰਜਾਬ ਚੰਡੀਗੜ੍ਹ ਦੇ ਆਦੇਸ਼ ਅਨੁਸਾਰ ਮਨਾਏ ਜਾ ਰਹੇ 24ਵੇਂ ਸੜਕ ਸੁਰੱਖਿਆ ਹਫ਼ਤੇ ਦੌਰਾਨ 1 ਜਨਵਰੀ ਨੂੰ ਹੁਸ਼ਿਆਰਪੁਰ ਦੇ ਮੁੱਖ ਚੌਕਾਂ ਵਿੱਚ ਟਰੈਫਿਕ ਨਿਯਮਾਂ ਦੀ ਜਾਣਕਾਰੀ ਦੇਣ ਸਬੰਧੀ ਬੈਨਰ ਲਗਾਏ ਗਏ ਹਨ। ਅੱਜ ਜਿਲ੍ਹੇ ਭਰ ਵਿੱਚ ਹਰ ਤਰ੍ਹਾਂ ਦੀਆਂ ਗੱਡੀਆਂ ਨੂੰ ਰਿਫਲੈਕਟਰ ਲਗਾਉਣ ਦੀ ਵਿਸ਼ੇਸ਼ ਮੁਹਿੰਮ ਤਹਿਤ ਲਗਭਗ 525 ਗੱਡੀਆਂ ਨੂੰ ਰਿਫਲੈਕਟਰ ਲਗਾਏ ਗਏ । ਉਨ੍ਹਾਂ ਦੱਸਿਆ ਕਿ ਇਸ ਸਪਤਾਹ ਦੌਰਾਨ 3 ਜਨਵਰੀ ਨੂੰ ਸ਼ਹਿਰ ਦੇ ਮੁੱਖ ਬਸ ਸਟੈਂਡ ਵਿਖੇ ਸਰਕਾਰੀ ਅਤੇ ਪ੍ਰਾਈਵੇਟ ਬਸ ਡਰਾਈਵਰਾਂ ਦੀਆਂ ਅੱਖਾਂ ਦੀ ਮੈਡੀਕਲ ਜਾਂਚ ਸਬੰਧੀ ਮੁਫ਼ਤ ਕੈਂਪ ਲਗਾਇਆ ਜਾਵੇਗਾ ਜਿਸ ਵਿੱਚ ਡਰਾਈਵਰਾਂ ਦੀਆਂ ਅੱਖਾਂ ਦਾ ਮੁਆਇਨਾ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਅੱਖਾਂ ਦੀ ਸਹੀ ਦੇਖ-ਭਾਲ ਕਰਨ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਹੋਰ ਦੱਸਿਆ ਕਿ 4 ਜਨਵਰੀ ਨੂੰ ਹੁਸ਼ਿਆਰਪੁਰ ਵਿਖੇ ਚਲ ਰਹੇ ਪ੍ਰਦੂਸ਼ਣ ਚੈਕ ਸੈਂਟਰਾਂ ਦੀ ਚੈਕਿੰਗ ਕੀਤੀ ਜਾਵੇਗੀ, 5 ਜਨਵਰੀ ਨੂੰ ਸ਼ੂਗਰ ਮਿੱਲ ਦਸੂਹਾ ਅਤੇ ਮੁਕੇਰੀਆਂ ਵਿਖੇ ਟਰੈਕਟਰ-ਟਰਾਲੀਆਂ, ਟਰੱਕਾਂ ਅਤੇ ਰੇਹੜੀਆਂ ਪਿੱਛੇ ਮੁਫ਼ਤ ਰਿਫਲੈਕਟਰ ਲਗਾਏ ਜਾਣਗੇ ਅਤੇ ਡਰਾਈਵਰਾਂ ਨੂੰ ਰੂਲ ਆਫ਼ ਰੋਡ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ। ਇਸੇ ਤਰ੍ਹਾਂ 6 ਜਨਵਰੀ ਨੂੰ ਮੋਟਰ ਵਹੀਕਲ ਇੰਸਪੈਕਟਰ ਵੱਲੋਂ ਸਰਕਾਰੀ ਬੱਸਾਂ, ਜੀਪਾਂ ਤੇ ਕਾਰਾਂ ਆਦਿ ਦਾ ਮੁਕੰਮਲ ਤੌਰ ਤੇ ਮੁਆਇਨਾ ਕੀਤਾ ਜਾਵੇਗਾ ਅਤੇ 7 ਜਨਵਰੀ ਨੂੰ ਜ਼ਿਲ੍ਹਾ ਪ੍ਰੀਸ਼ਦ ਹੁਸ਼ਿਆਰਪੁਰ ਦੀ ਗਰਾਉਂਡ ਵਿੱਚੋਂ ਸ਼ਹਿਰ ਦੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਦੀ ਇੱਕ ਰੈਲੀ ਆਯੋਜਿਤ ਕੀਤੀ ਜਾਵੇਗੀ। ਇਸ ਰੈਲੀ ਵਿੱਚ ਸੜਕ ਤੇ ਸੁਰੱਖਿਅਤ ਚੱਲਣ ਸਬੰਧੀ ਬੱਚਿਆਂ ਨੂੰ ਜਾਣਕਾਰੀ ਦਿੱਤੀ ਜਾਵੇਗੀ। ਇਸ ਉਪਰੰਤ ਇਹ ਰੈਲੀ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿੱਚੋਂ ਹੁੰਦੀ ਹੋਈ ਲੋਕਾਂ ਨੂੰ ਬੈਨਰਾਂ, ਪੋਸਟਰਾਂ ਅਤੇ ਨਾਅਰਿਆਂ ਆਦਿ ਨਾਲ ਸੜਕ ਤੇ ਸੁਰੱਖਿਅਤ ਚੱਲਣ ਦੇ ਨਿਯਮਾਂ ਸਬੰਧੀ ਜਾਣਕਾਰੀ ਮੁਹੱਈਆ ਕਰਵਾਏਗੀ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਟਰਾਂਸਪੋਰਟ ਵਿਭਾਗ ਤੋਂ ਦਲੀਪ ਕੁਮਾਰ, ਤਰਲੋਕ ਸਿੰਘ, ਕਲਿਆਣ ਸਿੰਘ, ਲਾਇਨਜ ਕਲੱਬ ਦੇ ਮੈਂਬਰ ਅਨਿਲ ਸੂਦ, ਡੀ ਪੀ ਸੋਨੀ, ਸੰਜੀਵ ਅਰੋੜਾ, ਜੇ ਐਸ ਸੈਣੀ, ਮਨਜੀਤ ਸਿੰਘ, ਪੀ ਐਲ ਦੜੋਚ, ਰਜਿੰਦਰ ਸਿੰਘ, ਰਵਿੰਦਰਪਾਲ ਸਿੰਘ, ਐਸ ਕੇ ਗੋਇਲ, ਰਾਕੇਸ਼ ਨਕੜਾ, ਰਿੰਕੂ ਬਾਂਸਲ, ਨਿਖਿਲ ਮਹਿਤਾ, ਪ੍ਰੇਮ ਸਰੂਪ, ਬੰਟੀ ਜੁਲਕਾ, ਸਾਬਕਾ ਐਮ ਸੀ ਮਨੋਜ ਥਾਪਰ, ਕੁਲਦੀਪ ਸਿੰਘ, ਸੁਰਿੰਦਰ ਵਸ਼ਿਸ਼ਟ, ਕਰਨਲ ਰਘਬੀਰ ਸਿੰਘ, ਅਜੀਤ ਪਾਲ ਸਿੰਘ ਅਤੇ ਟਰੈਫਿਕ ਪੁਲਿਸ ਦੇ ਅਧਿਕਾਰੀ ਹਾਜ਼ਰ ਸਨ।

Post a Comment