‑ਕੁਝ ਅਧਿਕਾਰੀ ਅਤੇ ਕਰਮਚਾਰੀ ਗੈਰਹਾਜਰ ਪਾਏ ਗਏ।
ਸ੍ਰੀ ਮੁਕਤਸਰ ਸਾਹਿਬ, 2 ਜਨਵਰੀ ( ):ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ ਨੇ ਅੱਜ ਵੱਖ ਵੱਖ ਸਰਕਾਰੀ ਦਫ਼ਤਰਾਂ ਵਿਚ ਅਚਨਚੇਤੀ ਜਾਂਚ ਕੀਤੀ। ਇਸ ਦੌਰਾਨ ਕੁਝ ਅਧਿਕਾਰੀ ਅਤੇ ਕਰਮਚਾਰੀ ਗੈਰਹਾਜਰ ਪਾਏ ਗਏ ਜ਼ਿਨ੍ਹਾਂ ਦੀ ਜਵਾਬਤਲਬੀ ਕਰਨ ਦੇ ਹੁਕਮ ਡਿਪਟੀ ਕਮਿਸ਼ਨਰ ਨੇ ਦਿੱਤੇ। ਉਨ੍ਹਾਂ ਤਾੜਨਾ ਕੀਤੀ ਕਿ ਸਰਕਾਰੀ ਡਿਊਟੀ ਵਿਚ ਕੁਤਾਹੀ ਕਰਨ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ ਨੇ ਸਭ ਤੋਂ ਪਹਿਲਾਂ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਦਾ ਦਫ਼ਤਰ ਚੈਕ ਕੀਤਾ। ਇੱਥੇ ਏ.ਈ. ਇਕਬਾਲ ਸਿੰਘ, ਜੇ.ਈ. ਸੂਬਾ ਸਿੰਘ, ਟੈਕਸ ਕੁਲੈਕਟਰ ਜਸਵਿੰਦਰ ਸਿੰਘ, ਸੇਵਾਦਾਰ ਰਾਜਰਾਣੀ ਅਤੇ ਸੁਖਵਿੰਦਰ ਕੌਰ, ਸੰਮਤੀ ਪਟਵਾਰੀ ਸੁਖਜੀਤ ਸਿੰਘ ਗੈਰਹਾਜਰ ਪਾਏ ਗਏ। ਇਸੇ ਤਰਾਂ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਅਤੇ ਸੀ.ਡੀ.ਪੀ.ਓ. ਰੁਚੀ ਕਾਲੜਾ ਅਤੇ ਜਸਵਿੰਦਰ ਸਿੰਘ ਕਲਰਕ ਗੈਰਹਾਜਰ ਪਾਏ ਗਏ। ਜ਼ਿਲ੍ਹਾ ਪ੍ਰੀਸ਼ਦ ਅਤੇ ਡੀ.ਆਰ.ਡੀ.ਏ. ਬ੍ਰਾਂਚ ਅਤੇ ਦਫ਼ਤਰ ਸਿਵਲ ਸਰਜਨ ਵਿਚ ਸਾਰਾ ਸਟਾਫ ਹਾਜਰ ਸੀ। ਸਿੰਚਾਈ ਵਿਭਾਗ ਦੇ ਐਸ.ਡੀ.ਓ. ਬਚਨ ਸਿੰਘ, ਪ੍ਰੀਤਮ ਸਿੰਘ, ਕਾਰਜਕਾਰੀ ਇੰਜਨੀਅਰ ਗੁਰਦੀਪ ਸਿੰਘ, ਐਸ.ਡੀ.ਓ. ਸੁਖਜਿੰਦਰ ਸਿੰਘ ਭੁੱਲਰ, ਗੁਰਜੰਟ ਸਿੰਘ ਆਦਿ ਦਫ਼ਤਰ ਵਿਚ ਹਾਜਰ ਨਹੀਂ ਸਨ। ਇਸ ਤੋਂ ਬਿਨ੍ਹਾਂ ਉਨ੍ਹਾਂ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਾਈ ਕਾ ਕੇਰਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਮਲੋਟ ਦੇ ਸਕੂਲ ਵੀ ਚੈਕ ਕੀਤੇ। ਮਲੋਟ ਦੇ ਸਕੂਲ ਵਿਚ ਦੋ ਅਧਿਆਪਕ ਗੈਰਹਾਜਰ ਸਨ। ਇੱਥੇ ਉਨ੍ਹਾਂ ਨੇ ਬੱਚਿਆਂ ਨੂੰ ਵਰਤਾਏ ਜਾ ਰਹੇ ਦੁਪਹਿਰ ਦੇ ਖਾਣੇ ਦੀ ਜਾਂਚ ਵੀ ਕੀਤੀ ਅਤੇ ਅਧਿਆਪਕਾਂ ਨੂੰ ਹਦਾਇਤ ਕੀਤੀ ਕਿ ਲਗਾਤਾਰ ਗੈਰਹਾਜਰ ਰਹਿਣ ਵਾਲੇ ਬੱਚਿਆਂ ਨੂੰ ਸਕੂਲਾਂ ਵਿਚ ਲਿਆਂਦਾ ਜਾਵੇ।
ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਸ੍ਰੀ ਪਰਮਜੀਤ ਸਿੰਘ ਵੱਖ ਵੱਖ ਦਫ਼ਤਰਾਂ ਦੀ ਜਾਂਚ ਕਰਦੇ ਹੋਏ।


Post a Comment