ਇੱਕ ਪਾਸੇ ਸੜਕ ਚੌੜੀ ਕਰਨ ਦੇ ਨਾਂ ਤੇ ਰਜਿਸਟਰੀਆਂ,ਉਸਾਰੀਆਂ,ਬਿਜਲੀ,ਪਾਣੀ ਦੇ ਕੁਨੈਕਸ਼ਨਾਂ ਤੇ ਰੋਕ
ਦੂਜੇ ਪਾਸੇ ਵਣ ਵਿਭਾਗ ਸੜਕ ਕਿਨਾਰੇ ਰੁੱਖ ਲਗਾਉਣ ਦੇ ਨਾਂ ਤੇ ਖਰਚ ਰਿਹਾ ਹੈ ਲੱਖਾਂ
ਝੁਨੀਰ,4 ਜਨਵਰੀ (ਸੰਜੀਵ ਸਿੰਗਲਾ): ਮਾਨਸਾ ਸਰਸਾ ਰੋਡ ਨੂੰ ਨਵੇ ਸਿਰੇ ਤੋ ਬਣਾਉਣ ਅਤੇ ਇਸ ਦੇ ਦੋਵੇ ਪਾਸੇ 100-100 ਫੁੱਟ ਜਗਾ ਇਕਵਾਇਰ ਕਰਨ ਦੀਆਂ ਖਬਰਾ ਅਤੇ ਨਗਰ ਪੰਚਾਇਤ ਸਰਦੂਲਗੜ੍ਹ ਵੱਲੋ ਸਹਿਰ ਦੇ ਇਸ ਸੜਕ ਤੇ ਸਥਿਤ ਪਾਈਆਂ ਦੁਕਾਨਾ ਜਾਂ ਰਿਹਾਇਸੀ ਮਕਾਨਾਂ ਨੂੰ ਕੱਢੇ ਗਏ ਨੋਟਿਸ ਨੇ ਸਭ ਦੀ ਨੀਂਦ ਹਰਾਮ ਕਰ ਰੱਖੀ ਹੈ।ਇਸ ਸੜਕ ਦੇ ਨਾਲ ਲੱਗਦੇ ਮਕਾਨ, ਦੁਕਾਨਾ, ਜਮੀਨ ਜਾਂ ਕਮਰਸੀਅਲ ਪਲਾਟਾਂ ਆਦਿ ਦੇ ਮਾਲਕ ਇਸ ਸਬੰਧੀ ਹੋਏ ਫੈਸਲੇ ਤੋ ਬਹੁਤ ਚਿੰਤਤ ਹਨ।ਸੜਕ ਨੂੰ ਚੌੜੀ ਕਰਕੇ ਬਣਾਉਣ ਜਾਂ ਚੌਹ ਮਾਰਗੀ ਬਣਾਉਣ ਦੀਆਂ ਅਫਵਾਹਾਂ ਨੇ ਲੋਕਾਂ ਨੂੰ ਗੁੰਮਰਾਹ ਹੀ ਨਹੀ ਕੀਤਾ ਸਗੋ ਇਸ ਨਾਲ ਕਈਆਂ ਦੇ ਰੋਜਗਾਰ ਨੂੰ ਵੀ ਭਾਰੀ ਠੇਸ਼ ਪਹੁੰਚੀ ਹੈ।ਸੜਕ ਦੇ ਨਾਲ ਦੁਕਾਨਾ ਆਦਿ ਪਾਕੇ ਆਪਣਾ ਕਾਰੋਵਾਰ ਚਲਾਉਣ ਲਈ ਜਾਂ ਮਹਿੰਗੇ ਰੇਟ ‘ਚ ਅੱਗੇ ਵੇਚਣ ਲਈ ਕਈਆਂ ਨੇ ਮਹਿੰਗੇ ਭਾਅ (ਰੇਟ) ਤੇ ਪਲਾਟ ਆਦਿ ਖਰੀਦੇ ਸਨ।ਪਰ ਸੜਕ ਦੇ ਨਾਲ-ਨਾਲ ਇਹ 100 ਫੁੱਟ ਜਗਾ ਇੱਕਵਾਇਰ ਕਰਨ ਦੇ ਐਲਾਣ ਨੇ ਸਭ ਦੇ ਹੋਸ਼ ਹੀ ਨਹੀ ਉਡਾਏ ਸਗੋ ਕਈਆਂ ਨੂੰ ਆਰਥਿਕ ਤੌਰ ਤੇ ਵੀ ਬੁਰੀ ਤਰਾਂ ਝਿਜੋੜ ਕੇ ਰੱਖ ਦਿੱਤਾ ਹੈ।ਪਿੰਡ ਬੁਰਜ ਭੁਲਾਈ ਦੇ ਇੱਕ ਗਰੀਬ ਕਿਸਾਨ ਨੇ ਦੱਸਿਆ ਕਿ ਉਸ ਨੇ ਝੁਨੀਰ ਦੇ ਨਜਦੀਕ ਮਹਿੰਗੇ ਰੇਟ ਤੇ ਸਭ ਕੁਝ ਵੇਚਕੇ ਇੱਕ ਪਲਾਟ ਖਰੀਦਿਆ ਸੀ ਤਾਂ ਕਿ ਆਉਣ ਵਾਲੇ ਸਮੇਂ ‘ਚ ਦੁਕਾਨਾਂ ਆਦਿ ਪਾਕੇ ਆਪਣਾ ਕਾਰੋਵਾਰ ਸੁਰੂ ਕਰਾਗਾਂ ਜਾਂ ਕਿਰਾਏ ਆਦਿ ਤੇ ਦੇਵਾਗੇ ਪਰ ਹੁਣ ਸੌ ਫੁੱਟ ‘ਚ ਆਉਣ ਕਰਕੇ ਕਿਸੇ ਪਾਸੇ ਦੇ ਵੀ ਨਹੀ ਰਹੇ।ਸਰਦੂਲਗੜ੍ਹ,ਸਰਦੂਲੇਵਾਲਾ, ਫੱਤਾ ਮਾਲੋਕਾ, ਝੁਨੀਰ, ਲਾਲਿਆਵਾਲੀ, ਭੰਮੇ ਕਲਾਂ ਅਤੇ ਖੁਰਦ, ਕੋਟ ਧਰਮੂ ਆਦਿ ਦੇ ਪਿੰਡਾਂ ਦੇ ਲੋਕਾਂ ਨਾਲ ਜਦ ਇਸ ਸਬੰਧੀ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ 100 ਫੁੱਟ ਜਗਾ ਇੱਕਵਾਇਰ ਕਰਨ ਦੇ ਐਲਾਣ ਕਰਕੇ ਸੜਕ ਨਾਲ ਲੱਗਦੀਆ 100 ਫੁੱਟ ਤੱਕ ਜਮੀਨਾਂ, ਪਲਾਟਾਂ, ਦੁਕਾਨਾਂ ਜਾਂ ਮਕਾਨਾਂ ਆਦਿ ਦੀਆ ਹੋਣ ਵਾਲੀਆ ਰਜ਼ਿਸਟਰੀਆ ਆਦਿ ਤੇ ਪਾਬੰਦੀ ਲਗਾ ਦਿੱਤੀ ਗਈ ਹੈ।ਇਹਨਾਂ ਥਾਵਾਂ ‘ਚ ਬਿਜਲੀ ਅਤੇ ਪਾਣੀ ਦੇ ਨਵੇ ਕੁਨੈਕਸ਼ਨਾਂ ਆਦਿ ਦੇਣ ਤੇ ਵੀ ਰੋਕ ਲਗਾ ਦਿੱਤੀ ਗਈ ਹੈ।ਜਦ ਇਸ ਸਬੰਧੀ ਬਿਜਲੀ ਵਿਭਾਗ ਅਤੇ ਵਾਟਰ ਸਪਲਾਈ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਸਪੰਰਕ ਕੀਤਾ ਤਾ ਉਹਨਾਂ ਦਾ ਕਹਿਣਾ ਸੀ ਕਿ ਸੜਕ ਦੇ ਦੋਵੇ ਪਾਸੇ 100-100 ਫੁੱਟ ਜਗਾ ਹੋਰ ਵਧਾਉਣ ਕਰਕੇ ਇਹਨਾਂ ਥਾਵਾਂ ਤੇ ਨਵੇਂ ਕੁਨੈਕਸ਼ਨ ਆਦਿ ਦੇਣ ਦੀ ਰੋਕ ਲੱਗੀ ਹੋਈ ਹੈ।ਇਸ ਸੜਕ ਤੋ ਪੀੜਤ ਲੋਕਾਂ ਦਾ ਕਹਿਣਾ ਹੈ ਕਿ ਇੱਕ ਪਾਸੇ ਤਾਂ ਸਰਕਾਰ ਜਾਂ ਸਬੰਧਤ ਮਹਿਕਮੇ ਵਾਲੇ ਲੋਕਾਂ ਨੂੰ ਗੁੰਮਰਾਹ ਕਰਕੇ 100 ਫੁੱਟ ਜਗਾ ਇੱਕਵਾਇਰ ਕਰਨ ਦੇ ਨੋਟਿਸ਼ ਆਦਿ ਦਿੱਤੇ ਜਾ ਰਹੇ ਹਨ ਅਤੇ ਇਹਨਾਂ ਥਾਵਾਂ ਤੇ ਨਵੀਆਂ ਇਮਾਰਤਾ ਉਸਾਰਨ ਦੀ ਵੀ ਮਨਾਹੀ ਕੀਤੀ ਜਾ ਰਹੀ ਹੈ ਪਰ ਦੂਸਰੇ ਪਾਸੇ ਵਣ ਵਿਭਾਗ ਵਾਲੇ ਮੌਜੂਦਾ ਸੜਕ ਤੋ ਸਿਰਫ 9 ਫੁੱਟ ਜਗਾ ਛੱਡਕੇ ਹੀ ਨਵੇ ਰੁੱਖ ਲਗਾਉਣ ਲਈ ਟੋਏ ਪੁੱਟੇ ਜਾ ਰਹੇ ਹਨ ਜਿਸ ਉੱਪਰ ਲੱਖਾਂ ਰੂਪੈ ਖਰਚ ਕੀਤੇ ਜਾ ਰਹੇ ਹਨ ਅਤੇ ਫਿਰ ਰੁੱਖ ਆਦਿ ਲਗਾਉਣ ਤੇ ਵੀ ਲੱਖਾਂ ਰੂਪੈ ਦਾ ਖਰਚ ਕੀਤਾ ਜਾਵੇਗਾ ਪਰ ਜਦ ਸੜਕ ਹੀ ਨਵੇਂ ਸਿਰੇ ਤੋ ਚੌੜੀ ਹੋਕੇ ਬਣਾਈ ਜਾਵੇਗੀ ਤਾਂ ਵਣ ਵਿਭਾਗ ਵੱਲੋ ਕੀਤੇ ਜਾ ਰਹੇ ਇਸ ਖਰਚ ਦੀ ਸਮਝ ਨਹੀ ਆ ਰਹੀ ਜਾਂ ਦਾਲ ‘ਚ ਹੀ ਕਾਲਾ ਚਲ ਰਿਹਾ ਹੈ।ਇਸ ਸੜਕ ਦੇ ਨਾਲ ਲੱਗਣ ਵਾਲੀ ਜਗਾ ਦੇ ਮਾਲਕ ਅਤੇ ਇਲਾਕਾ ਨਿਵਾਸੀਆ ਨੇ ਸਰਕਾਰ ਅਤੇ ਸਬੰਧਤ ਮਹਿਕਮੇ ਤੋ ਮੰਗ ਕੀਤੀ ਹੈ ਕਿ ਉਹ ਸੜਕ ਸਬੰਧੀ ਆਪਣੀ ਸਥਿਤੀ ਸਪੱਸਟ ਕਰੇ।ਉਹਨਾ ਕਿਹਾ ਕਿ ਜੇਕਰ ਸੜਕ ਦੇ ਨਾਲ ਲਗੱਦੀ 100 ਫੁੱਟ ਜਗਾ ਇੱਕਵਾਇਰ ਨਹੀ ਕਰਨੀ ਤਾਂ ਰਜ਼ਿਸਟਰੀਆ, ਬਿਜਲੀ,ਪਾਣੀ ਦੇ ਕੁਨੈਕਸ਼ਨਾਂ ਅਤੇ ਨਵੀਆਂ ਉਸਾਰੀਆਂ ਆਦਿ ਤੇ ਲਗਾਈ ਗਈ ਰੋਕ ਹਟਾਈ ਜਾਵੇ ਅਤੇ ਜੇਕਰ ਇਹ ਜਗਾ ਇੱਕਵਾਇਰ ਕਰਨੀ ਹੀ ਹੈ ਤਾਂ ਵਣ ਵਿਭਾਗ ਵੱਲੋ ਕੀਤਾ ਜਾ ਰਿਹੇ ਫਾਲਤੂ ਖਰਚ ਨੂੰ ਰੋਕਿਆ ਜਾਵੇ।ਉਹਨਾਂ ਸਰਕਾਰ ਅਤੇ ਸਬੰਧਤ ਮਹਿਕਮੇ ਨੂੰ ਇਸ ਪਾਸੇ ਤੁਰੰਤ ਧਿਆਨ ਦੇਣ ਲਈ ਵੀ ਕਿਹਾ ਹੈ।


Post a Comment