ਝੁਨੀਰ -25 ਜਨਵਰੀ (ਸੰਜੀਵ ਸਿੰਗਲਾ)ਨੇੜਲੇ ਪਿੰਡ ਸਰਦੂਲੇਵਾਲਾ ਵਿਖੇ ਲੱਗਭੱਗ 12 ਮਹੀਨਿਆਂ ਦੇ ਇੰਤਜ਼ਾਰ ਤੋਂ ਬਾਅਦ ਬਣੀ ਸਿਰਸਾ ਮਾਨਸਾ ਮੁੱਖ ਸੜਕ 12 ਦਿਨਾਂ ਬਾਅਦ ਹੀ ਉੱਖੜਨੀ ਸ਼ੂਰੂ ਹੋ ਗਈ ਹੈ।ਇਸ ਪ੍ਰਤੀ ਜਿੱਥੇ ਆਮ ਲੋਕ ਖਫਾ ਹਨ ਉੱਥੇ ਯੂਥ ਕਾਂਗਰਸ ਹਲਕਾ ਸਰਦੂਲਗੜ੍ਹ ਦੇ ਪ੍ਰਧਾਨ ਸੁਖਵਿੰਦਰ ਸਿੰਘ ਸੁੱਖੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਇੱਕ ਪਾਸੇ ਤਾਂ ਮੌਜੂਦਾ ਸਰਕਾਰ ਵਿਕਾਸ ਦਾ ਢਿੰਡੋਰਾ ਪਿੱਟ ਰਹੀ ਹੈ ਪ੍ਰੰਤੂ ਦੂਸਰੇ ਪਾਸੇ ਵਿਕਾਸ ਕਾਰਜਾਂ ਲਈ ਜਾਰੀ ਹੋਈ ਰਾਸ਼ੀ ਦੀ ਵਰਤੋਂ ਕਿੰਨੀ ਕੁ ਜਾਇਜ਼ ਹੋ ਰਹੀ ਹੈ, ਦਾ ਕੋਈ ਖਿਆਲ ਨਹੀਂ । ਜਿਸ ਕਾਰਨ ਠੇਕੇਦਾਰ ਅਤੇ ਸਬੰਧਤ ਮਹਿਕਮੇ ਦੇ ਲੋਕ ਆਪਣੀ ਮਿਲੀ ਭੁਗਤ ਨਾਲ ਸਰਕਾਰੀ ਪੈਸਾ ਹਜ਼ਮ ਕਰ ਰਹੇ ਹਨ।ਉਹਨਾਂ ਕਿਹਾ ਕਿ ਸਰਦੂਲੇਵਾਲਾ ਪਿੰਡ ਨੇੜੇ ਬਣਨ ਤੋਂ ਕੁਝ ਹੀ ਦਿਨਾਂ ਬਾਅਦ ਟੁੱਟੀ ਸੜਕ ਇਸ ਗੱਲ ਦੀ ਸੱਜਰੀ ਗਵਾਹ ਹੈ।ਜ਼ਿਕਰ ਯੋਗ ਹੈ ਕਿ ਇਸ ਥਾਂ ਤੇ ਸੜਕ ਖਰਾਬ ਹੋਣ ਨਾਲ ਬੀਤੇ ਸਮੇਂ’ਚ ਕਈ ਹਾਦਸੇ ਵੀ ਵਾਪਰੇ ਸਨ ਪ੍ਰੰਤੂ ਹੁਣ ਜਦ ਉਸ ਦਾ ਨਵੀਨੀਕਰਨ ਕੀਤਾ ਤਾਂ ਅੱਤ ਦਰਜੇ ਦਾ ਘਟੀਆ ਤੇ ਘੱਟ ਮਾਲ ਪਾ ਕੇ ਸੜਕ ਦਾ ਇਹ ਟੁਕੜਾ ਤਿਆਰ ਕਰ ਦਿੱਤਾ,ਜਿਸ ਦੇ ਨੀਚੇ ਤੋਂ ਮੋਟਾ ਪੱਥਰ ਮੁੜ ਬੱਸਾਂ ਕਾਰਾਂ ਦੇ ਟਾਇਰਾਂ ਵਿੱਚ ਵੱਜਣ ਲੱਗਾ ਹੈ ।ਜੇਕਰ ਇਸੇ ਤਰਾਂ ਲਗਾਤਾਰ ਇਹ ਸੜਕ ਟੁੱਟਦੀ ਰਹੀ ਤਾਂ ਆਉਣ ਵਾਲੇ ਚੰਦ ਦਿਨਾਂ ਵਿੱਚ ਇਸ ਦੀ ਹਾਲਤ ਪਹਿਲਾਂ ਨਾਲੋਂ ਵੀ ਖਸਤਾ ਹੋ ਜਾਵੇਗੀ।ਇਲਾਕੇ ਦੇ ਆਮ ਲੋਕਾਂ ਸਮੇਤ ਉਕਤ ਆਗੂ ਨੇ ਸਮੁੱਚੀ ਥੂਥ ਕਾਂਗਰਸ ਵੱਲੋਂ ਮੰਗ ਕੀਤੀ ਹੈ ਕਿ ਇਸਦੀ ਜਾਂਚ ਕਰਕੇ ਜ਼ਿੰਮੇਵਾਰ ਲੋਕਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਸੜਕ ਨਵੇਂ ਸਿਰਿਓਂ ਬਣਾਈ ਜਾਵੇ।ਇਸ ਮੌਕੇ ਉਹਨਾਂ ਦੇ ਨਾਲ ਸ਼ਹਿਰੀ ਪ੍ਰਧਾਨ ਅਮਨਦੀਪ ਬੱਬੂ, ਜਗਸੀਰ ਸਿੰਘ ਮੀਰਪੁਰ,ਰਾਜੇਸ਼ ਜਾਖੜ, ਨਿਖਿਲ ਸਿੰਗਲਾ ਹਾਜ਼ਰ ਸਨ।


Post a Comment