ਸਮਰਾਲਾ, 14 ਜਨਵਰੀ /ਨਵਰੂਪ ਧਾਲੀਵਾਲ/ਜਸਪਾਲ ਢੀਂਡਸਾ/ਸੰਚਾਰ ਸਾਧਨਾਂ ਦੀ ਵਰਤੋਂ ਨਾਲ ਅਸੀਂ ਆਪਣੇ ਸਾਹਿਤ ਸੱਭਿਆਚਾਰ ਨੂੰ ਕਿਵੇਂ ਅਗਾਂਹ ਲੈ ਕੇ ਜਾ ਸਕਦੇ ਹਾਂ ਇਸ ਦਾ ਇੱਕ ਉਪਰਾਲਾ, ਸਰਵ ਸਿੱਖਿਆ ਅਭਿਆਨ ਪੰਜਾਬ ਦੁਆਰਾ ਪੰਜਾਬ ਦੇ ਪ੍ਰਾਇਮਰੀ ਸਕੂਲ ਵਿਦਿਆਰਥੀਆਂ ਲਈ ਸੰਚਾਲਿਤ ਕੀਤੇ ਜਾ ਰਹੇ ਰੇਡੀਓ ਪ੍ਰੋਗਰਾਮਾਂ ਦੀ ਹਰਮਨ ਪਿਆਰਤਾ ਤੋਂ ਮਿਲਦਾ ਹੈ। ਇਹ ਪ੍ਰੋਗਰਾਮ ਪੰਜ ਪ੍ਰਮੁੱਖ ਪੰਜਾਬ ਰੇਡੀਓ ਤੇ ਐਫ.ਐਮ. ਸਟੇਸ਼ਨਾਂ ਤੋਂ 2:30 ਤੋਂ 2:50 ਵਜੇ ਤੱਕ ਪ੍ਰਸਾਰਿਤ ਕੀਤੇ ਜਾਂਦੇ ਹਨ। ਇਸ ’ਤੇ ਤਸੱਲੀ ਪ੍ਰਗਟ ਕਰਦਿਆਂ ਲੇਖਕ ਮੰਚ ਸਮਰਾਲਾ ਰਜਿ: ਦੇ ਪ੍ਰਧਾਨ ਐਡਵੋਕੇਟ ਦਲਜੀਤ ਸ਼ਾਹੀ ਅਤੇ ਜਨਰਲ ਸਕੱਤਰ ਰੰਗ ਕਰਮੀ ਰਾਜਵਿੰਦਰ ਸਮਰਾਲਾ ਨੇ ਇੱਕ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਜਨਵਰੀ ਮਹੀਨੇ ਲਈ ਜਾਰੀ ਸ਼ਡਿਊਲ ਅਨੁਸਾਰ ਚਾਰ ਪ੍ਰੋਗਰਾਮ ਐਸੇ ਹਨ ਜੋ ਲੇਖਕ ਮੰਚ ਸਮਰਾਲਾ ਦੇ ਨਾਲ ਜੁੜੇ ਮਾ: ਤਰਲੋਚਨ ਸਿੰਘ ਸਮਰਾਲਾ ਦੁਆਰਾ ਲਿਖੇ ਤੇ ਨਿਰਦੇਸ਼ਿਤ ਕੀਤੇ ਗਏ ਹਨ। ਉੁਹਨਾਂ ਦੱਸਿਆ ਕਿ 15 ਜਨਵਰੀ ਨੂੰ ‘‘ਮਾਤਾ ਗੁਜਰੀ ਜੀ’’ ਦੀ ਮਹਾਨ ਕੁਰਬਾਨੀ ਨੂੰ ਪ੍ਰਣਾਮ ਕਰਦਾ ਇਤਿਹਾਸ ਦੇ ਖੂਨੀ ਪੰਨਿਆਂ ’ਤੇ ਰੋਸ਼ਨੀ ਪਾਵੇਗਾ ਅਤੇ 22 ਜਨਵਰੀ ਨੂੰ ਸਟੇਟ ਤੇ ਨੈਸ਼ਨਲ ਐਵਾਰਡ ਜੇਤੂ ਬਜ਼ੁਰਗ ਅਧਿਆਪਕ ਸ਼ਮਸ਼ੇਰ ਸਿੰਘ ਨਾਗਰਾ ਜੀ ਨਾਲ ਸੁੰਦਰ ਲਿਖਾਈ ਬਾਰੇ ਪ੍ਰੋਗਰਾਮ ‘‘ਮੋਤੀਆਂ ਵਰਗੇ ਅੱਖਰ’’ ਵਿੱਚ ਇੱਕ ਦਿਲਚਸਪ ਮੁਲਾਕਾਤ ਹੋਵੇਗੀ। ਇਸ ਪ੍ਰੋਗਰਾਮ ਵਿਚ ਹਸਨਵੀਰ ਚਹਿਲ ਦੇ ਦੋ ਪਿਆਰੇ ਗੀਤ ਵੀ ਸ਼ਾਮਿਲ ਕੀਤੇ ਗਏ ਹਨ ਅਤੇ 24 ਜਨਵਰੀ ਨੂੰ ਗਦਰ ਪਾਰਟੀ ਦੇ ਬਾਨੀ ਪ੍ਰਧਾਨ ‘‘ਬਾਬਾ ਸੋਹਣ ਸਿੰਘ ਭਕਨਾ ਜੀ’’ ਦੀਆਂ ਕੁਰਬਾਨੀਆਂ ਤੇ ਬੱਚਿਆਂ ਨਾਲ ਉਹਨਾਂ ਦੇ ਮੋਹ ਬਾਰੇ ਗੀਤਾਂ ਭਰਿਆ ਪ੍ਰੋਗਰਾਮ ਗਦਰ ਸ਼ਤਾਬਦੀ ਨੂੰ ਸਮਰਪਿਤ ਹੋਵੇਗਾ। 29 ਜਨਵਰੀ ਦਾ ਪ੍ਰੋਗਰਾਮ ਨਿਰੋਲ ਸਾਡੀ ਸੱਭਿਆਚਾਰਕ ਵਿਰਾਸਤ ਦੀ ਵੰਨਗੀ ‘‘ਸਾਂਝੀ ਮਾਈ’’ ਬਾਰੇ ਲੋਕ ਧੁਨਾਂ, ਲੋਕ ਰੁਚੀਆਂ ਤੇ ਸਾਂਝੀ ਮਾਈ ਦੀ ਸਿਰਜਣਾ ਬਾਰੇ ਕੀਮਤੀ ਪੱਖ ਸਾਡੇ ਨਾਲ ਸਾਂਝੇ ਕਰੇਗਾ। ਇਹਨਾਂ ਪ੍ਰੋਗਰਾਮਾਂ ਵਿਚ ਪੰਜਾਬ ਦੇ ਉ੍ਯੱਘੇ ਕਲਾਕਾਰਾਂ ਨੇ ਆਪਣੀ ਆਵਾਜ਼ ਦਿੱਤੀ ਹੈ। ਐਡਵੋਕੇਟ ਦਲਜੀਤ ਸ਼ਾਹੀ ਤੇ ਰਾਜਵਿੰਦਰ ਸਮਰਾਲਾ ਨੇ ਮਾਸਟਰ ਤਰਲੋਚਨ ਸਿੰਘ ਸਮਰਾਲਾ ਜਿਹਨਾਂ ਦਾ ਲੇਖਕ ਵਜੋਂ ਆਪਣਾ ਇੱਕ ਉ੍ਯੱਚਾ ਮੁਕਾਮ ਹੈ ਵੱਲੋਂ ਤਿਆਰ ਕੀਤੇ ਉਕਤ ਪ੍ਰੋਗਰਾਮਾਂ ਦੇ ਪ੍ਰਸਾਰਿਤ ਹੋਣ ਤੇ ਸਮੁੱਚੇ ਲੇਖਕਾਂ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਉਹਨਾਂ ਉਚੇਚਾ ਕਿਹਾ ਕਿ ਇਹ ਪ੍ਰੋਗਰਾਮ ਇਕੱਲੇ ਸਕੂਲੀ ਵਿਦਿਆਰਥੀਆਂ ਨੂੰ ਹੀ ਨਹੀਂ ਸਗੋਂ ਸਮੁੱਚੇ ਲੇਖਕਾਂ/ਬੁੱਧੀਜੀਵੀਆਂ ਤੇ ਵਿਰਸੇ ਨਾਲ ਮੋਹ ਰੱਖਣ ਵਾਲੇ ਸਾਰੇ ਲੋਕਾਂ ਨੂੰ ਜ਼ਰੂਰ ਸੁਣਨੇ ਚਾਹੀਦੇ ਹਨ।

Post a Comment