ਰਾਮਾਂ ਮੰਡੀ ਤੋਂ ਸ਼ੇਖਪੁਰੀਆ:-ਜਿਥੇ ਇੱਕ ਪਾਸੇ ਸੜਕ ਸੁਰੱਖਿਆ ਸਪਤਾਹ ਦੌਰਾਨ ਸੜਕ ਤੇ ਹੋ ਰਹੇ ਹਾਦਸਿਆਂ ਨੂੰ ਰੋਕਣ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ ਉਥੇ ਇਸੇ ਦੌਰਾਨ ਪਿੰਡ ਬਾਘਾ ਦੀ ਫਿਰਨੀ ਤੇ ਥਾਂ-ਥਾਂ ਤੇ ਪਏ ਛਿੱਟੀਆਂ ਦੇ ਢੇਰਾਂ ਕਾਰਨ ਤੰਗ ਜਗਾ ਹੋਣ ਤੇ ਦੋ ਬੱਸਾਂ ਦੇ ਆਪਸੀ ਕਰਾਸ ਮੌਕੇ ਪਾਸੇ ਲਮਕਦੀਆਂ ਨੀਵੀਆਂ ਬਿਜਲੀ ਦੀਆਂ ਤਾਰਾਂ ਬੱਸ ਨਾਲ ਲੱਗ ਕੇ ਟੁੱਟ ਜਾਣ ਕਾਰਨ ਇੱਕ ਵੱਡਾ ਹਾਦਸਾ ਹੋਣੋਂ ਉਦੋਂ ਟਲ ਗਿਆ ਜਦੋਂ ਬੱਸ ਦੇ ਡਰਾਈਵਰ ਨੇ ਮੁਸ਼ਤੈਦੀ ਨਾਲ ਬਚਾ ਕਰ ਲਿਆ ਅਤੇ ਰਬੜ ਦੇ ਟਾਇਰਾਂ ਕਾਰਨ ਅਰਥ ਨਾ ਹੋਣ ਕਰਕੇ ਬੱਸ ਦੇ ਉਪਰ ਟੁੱਟੀ ਬਿਜਲੀ ਦੀ ਤਾਰ ਵਿੱਚੋਂ ਬੱਸ ਵਿੱਚ ਕਰੰਟ ਨਹੀਂ ਆਇਆ ਜਿਸ ਸਦਕਾ ਬੱਸ ਵਿੱਚ ਸਵਾਰ ਸਾਰੀਆਂ ਸਵਾਰੀਆਂ ਵਾਲ-ਵਾਲ ਬਚ ਗਈਆਂ।ਜਿਕਰਯੋਗ ਹੈ ਕਿ ਤਕਰੀਬਨ ਸਾਰਿਆਂ ਪਿੰਡਾਂ ਦੀਆਂ ਫਿਰਨੀਆਂ ਸੜਕਾਂ ਤੇ ਲੋਕਾਂ ਨੇ ਛਿਟੀਆਂ ਦੇ ਛਉਰ,ਰੂੜੀਆਂ ਤੱਕ ਲਾ ਰੱਖੀਆਂ ਹਨ ਜਿਹਨਾਂ ਕਾਰਨ ਆਉਣ-ਜਾਣ ਵਾਲੇ ਵਾਹਨਾਂ ਨੂੰ ਖਾਸ ਕਰ ਕਰਾਸ ਕਰਨ ਵੇਲੇ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਰਾਮਾਂ ਮੰਡੀ ਤੋਂ ਗਿੱਦੜਬਾਹਾ ਵਾਇਆ ਸੰਗਤ ਜਾ ਰਹੀ ਢਿੱਲੋਂ ਬੱਸ ਸਰਵਿਸ ਦੇ ਡਰਾਈਵਰ ਬਿੱਕਰ ਸਿੰਘ ਅਤੇ ਕੰਡਕਟਰ ਵਿਸਾਖਾ ਸਿੰਘ ਨੇ ਥਾਂ-ਥਾਂ ਤੇ ਪਈਆਂ ਛਿਟੀਆਂ ਦੇ ਛਉਰ ਚੁਕਵਾਉਣ ਅਤੇ ਨੀਵੀਆਂ ਲਮਕ ਰਹੀਆਂ ਬਿਜਲੀ ਦੀਆਂ ਤਾਰਾਂ ਨੂੰ ਉੱਚਾ ਚੁਕਣ ਦੀ ਪ੍ਰਸ਼ਾਸ਼ਨ ਤੋਂ ਮੰਗ ਕਰਦਿਆਂ ਇਹ ਵੀ ਦੱਸਿਆ ਕਿ ਨਗਰ ਕੌਂਸਲ ਰਾਮਾਂ ਮੰਡੀ ਦੀ ਹਦੂਦ ਚ ਪੈਂਦੀ ਰੇਲਵੇ ਲਾਈਨ ਤੋਂ ਪਾਰ ਬਾਘਾ ਸੜਕ ਪਿਛਲੇ ਤੀਹ ਸਾਲਾਂ ਤੋਂ ਨਾ ਬਣਨ ਕਰਕੇ ਖੱਡਿਆਂ ਭਰਪੂਰ ਹੈ ਜਿਸ ਨੂੰ ਤੁਰੰਤ ਹੀ ਠੀਕ ਕਰਨ ਦੀ ਜਰੂਰਤ ਹੈ।।

Post a Comment