ਹੁਸ਼ਿਆਰਪੁਰ, 16 ਜਨਵਰੀ:/ ਆਰਥਿਕ ਤੌਰ ਤੇ ਪੱਛੜੇ ਅਤੇ ਗਰੀਬ ਪ੍ਰੀਵਾਰਾਂ ਦੀਆਂ ਲੜਕੀਆਂ ਦੀ ਸ਼ਾਦੀ ਕਰਾਉਣਾ ਇੱਕ ਬਹੁਤ ਹੀ ਸ਼ਲਾਘਾਯੋਗ ਕੰਮ ਹੈ। ਆਮ ਲੋਕਾਂ ਨੂੰ ਵੀ ਜਰੂਰਤਮੰਦ ਲੋਕਾਂ ਦੀ ਮੱਦਦ ਲਈ ਅੱਗੇ ਆਉਣਾ ਚਾਹੀਦਾ ਹੈ। ਇਹ ਵਿਚਾਰ ਚੇਅਰਮੈਨ ਅਨੁਸੂਚਿਤ ਜਾਤੀ ਕਮਿਸ਼ਨ ਸ੍ਰੀ ਰਾਜੇਸ਼ ਬਾਘਾ ਨੇ ਪਿੰਡ ਜੇਜੋਂ-ਦੁਆਬਾ ਵਿਖੇ ਡੇਰਾ ਰਤਨਪੁਰੀ ਵਿਖੇ ਸੰਤ ਬਾਬਾ ਹਰਚਰਨ ਦਾਸ ਦੀ ਯਾਦ ਵਿੱਚ ਸਮੂਹ ਸੰਗਤਾਂ ਅਤੇ ਐਨ.ਆਰ.ਆਈ. ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ 5 ਗਰੀਬ ਪ੍ਰੀਵਾਰਾਂ ਦੀਆਂ ਲੜਕੀਆਂ ਦੇ ਵਿਆਹ ਮੌਕੇ ਉਨ੍ਹਾਂ ਨੂੰ ਅਸ਼ੀਰਵਾਦ ਦੇਣ ਸਮੇਂ ਪ੍ਰਗਟ ਕੀਤੇ। ਡੇਰੇ ਦੀ ਸੰਚਾਲਕਾ ਬੀਬੀ ਮੀਨਾ ਦੇਵੀ ਦੀ ਦੇਖ-ਰੇਖ ਹੇਠ 108 ਸੰਤ ਅਮਨਦੀਪ ਅਤੇ ਸਾਧੂ ਸੰਪਰਦਾਏ ਸੁਸਾਇਟੀ (ਰਜਿ:) ਪੰਜਾਬ ਵੱਲੋਂ ਇਸ ਮੌਕੇ ਤੇ 5 ਗਰੀਬ ਪ੍ਰੀਵਾਰਾਂ ਦੀਆਂ ਲੜਕੀਆਂ ਦੇ ਵਿਆਹ ਸਮਾਗਮ ਕਰਵਾਏ ਗਏ । ਇਸ ਮੌਕੇ ਤੇ ਲੜਕਿਆਂ ਦੀਆਂ ਬਰਾਤਾਂ ਡੇਰੇ ਵਿੱਚ ਪਹੁੰਚੀਆਂ ਜਿਨ੍ਹਾਂ ਦੇ ਆਨੰਦ ਕਾਰਜ ਕਮਲਜੀਤ ਕੌਰ ਪਿੰਡ ਉਧੋਵਾਲ, ਨਿਸ਼ਾ ਰਾਣੀ ਜੇਜੋਂ, ਰਾਜ ਕੁਮਾਰੀ, ਕਮਲਜੀਤ ਕੌਰ ਅਤੇ ਗੁਰਮੀਤ ਕੌਰ ਨਾਲ ਧਾਰਮਿਕ ਰੀਤੀ ਰਿਵਾਜਾਂ ਨਾਲ ਕਰਵਾਏ ਗਏ। ਭਾਈ ਪਰਮਜੀਤ ਸਿੰਘ ਦੇ ਰਾਗੀ ਜਥੇ ਵੱਲੋਂ ਗੁਰਬਾਣੀ ਦਾ ਗੁਣ-ਗਾਣ ਕੀਤਾ ਗਿਆ। ਵਿਆਹ ਦੀਆਂ ਰਸਮਾਂ ਤੋਂ ਬਾਅਦ ਵਿਆਹੇ ਗਏ ਜੋੜਿਆਂ ਨੂੰ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਰਾਜੇਸ਼ ਬਾਘਾ, ਸੰਤ ਬੀਬੀ ਮੀਨਾ ਦੇਵੀ, ਪ੍ਰਵੀਨ ਕੁਮਾਰ, ਸੋਨੀ, ਮੈਂਬਰ ਬਲਾਕ ਸੰਮਤੀ ਕੁਲਵਿੰਦਰ ਕੌਰ ਅਤੇ ਰਾਜਿੰਦਰ ਸਿੰਘ ਨੇ ਅਸ਼ੀਰਵਾਦ ਦਿੱਤਾ। ਇਸ ਮੌਕੇ ਤੇ ਸੰਤ ਬੀਬੀ ਮੀਨਾ ਦੇਵੀ ਨੇ ਸਮਾਗਮ ਵਿੱਚ ਹਾਜ਼ਰ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਗਰੀਬ ਪ੍ਰੀਵਾਰਾਂ ਦੀਆਂ ਲੜਕੀਆਂ ਦੇ ਵਿਆਹ ਸਮਾਗਮ ਅਤੇ ਉਨ੍ਹਾਂ ਦੀ ਮੱਦਦ ਕਰਨ ਲਈ ਵੱਧ ਤੋਂ ਵੱਧ ਯੋਗਦਾਨ ਪਾਉਣ। ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਲਹਿੰਬਰ ਰਾਮ, ਅਜਮੇਰ ਸਿੰਘ, ਰਤਨ ਦਾਸ, ਨਵਜੋਤ ਸਿੰਘ, ਕੀਮਤੀ ਲਾਲ ਜੈਨ ਅਤੇ ਇਲਾਕੇ ਦੇ ਪਤਵੰਤੇ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

Post a Comment