ਸਫੀਦੋਂ ਮੰਡੀ-ਹਰਿਆਣਾ ਵਿਚ ਜਿਲ੍ਹਾ ਜੀਂਦ ਦੇ ਕਸਬਾ ਸਫੀਦੋਂ ਮੰਡੀ ਵਿਖੇ ਸੰਤ ਬਾਬਾ ਅਮਰੀਕ ਸਿੰਘ ਜੀ ਕਾਰ ਸੇਵਾ ਪਟਿਆਲੇ ਵਾਲਿਆਂ ਦੇ ਉਪਰਾਲੇ ਸਦਕਾ ਇਲਾਕਾ ਨਿਵਾਸੀ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਮੁਕਤਸਰ ਸਾਹਿਬ ਦੀ ਜੰਗ ਦੇ 40 ਮੁਕਤੇ ਸ਼ਹੀਦਾਂ ਦੀ ਯਾਦ ਵਿਚ ਕਰਵਾਏ ਗਏ ਗੁਰਮਤਿ ਚੇਤਨਾ ਸਮਾਗਮਾਂ ਵਿਚ ਸੰਤ ਬਾਬਾ ਬਲਜੀਤ ਸਿੰਘ ਜੀ ਖ਼ਾਲਸਾ ਦਾਦੂਵਾਲ ਨੇ ਜਥੇ ਸਮੇਤ ਪਹੁੰਚ ਕੇ ਸਿੱਖ ਸੰਗਤਾਂ ਨੂੰ ਗੁਰਬਾਣੀ, ਇਤਿਹਾਸ ਸੁਣਾ ਕੇ ਨਿਹਾਲ ਕੀਤਾ ਅਤੇ ਪਾਖੰਡੀਆਂ ਨੂੰ ਖੂਬ ਰਗੜੇ ਲਾਏ। ਜ਼ਿਕਰਯੋਗ ਹੈ ਕਿ ਹਰਿਆਣਾ ਦੇ ਇਸ ਖੇਤਰ ਵਿਚ ਵਸਣ ਵਾਲੇ ਤਕਰੀਬਨ ਸਾਰੇ ਸਿੱਖ ਹੀ 1947 ਵਿੱਚ ਦੇਸ਼ ਦੀ ਵੰਡ ਸਮੇਂ ਪਾਕਿਸਤਾਨ ਵਿਚਲੇ ਗੁਰਦੁਆਰਾ ਸੱਚਾ ਸੌਦਾ ਸਾਹਿਬ ਚੂਹੜਕਾਣਾ ਮੰਡੀ ਦੇ ਇਲਾਕੇ ਵਿਚੋਂ ਹਿਜਰਤ ਕਰਕੇ ਇਥੇ ਆ ਵਸੇ ਸਨ ਜਿਨ੍ਹਾਂ ਨੇ ਇਥੇ ਨੇੜੇ ਹੀ ਕਸਬਾ ਅਸੰਧ ਵਿਖੇ ਯਾਦਗਾਰੀ ਗੁਰਦੁਆਰਾ ਸੱਚਾ ਸੌਦਾ ਸਾਹਿਬ ਉਸਾਰਿਆ ਹੋਇਆ ਹੈ । ਆਪਣੇ ਸੰਬੋਧਨ ਦੌਰਾਨ ਸੰਤ ਦਾਦੂਵਾਲ ਨੇ ਸਿੱਖ ਸੰਗਤਾਂ ਨੂੰ ਸਿੱਖ ਗੁਰੂ ਸਾਹਿਬਾਨਾਂ ਵੱਲੋਂ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਦੇ ਉਪਦੇਸ਼ ਤੇ ਚੱਲਣ ਦੀ ਪ੍ਰੇਰਨਾ ਕੀਤੀ । ਉਨ੍ਹਾਂ ਕਿਹਾ ਕਿ ਸਤਿਗੁਰੂ ਨਾਨਕ ਸਾਹਿਬ ਜੀ ਨੇ ਖੁਦ ਮੋਦੀਖਾਨੇ ਵਿਚ ਨੌਕਰੀ ਕਰਕੇ ਕਿਰਤ ਕਰਨਾ ਸਿਖਾਇਆ, ਗੁਰਦੁਆਰਾ ਰੋੜੀ ਸਾਹਿਬ ਵਾਲੇ ਅਸਥਾਨ ਤੇ ਭਾਈ ਗੁਰਦਾਸ ਜੀ ਦੇ ਕਥਨ 'ਭਾਰੀ ਕਰੀ ਤਪੱਸਿਆ ਵਡੇ ਭਾਗ ਹਰਿ ਸਿਉ ਬਣ ਆਈ' ਅਨੁਸਾਰ ਨਾਮ-ਸਿਮਰਨ ਲਈ ਮਹਾਨ ਘਾਲਣਾ ਘਾਲੀ ਅਤੇ ਇਸੇ ਤਰ੍ਹਾਂ ਚੂਹੜਕਾਣਾ ਮੰਡੀ ਵਿਖੇ ਲੋੜਵੰਦਾਂ ਨੂੰ ਲੰਗਰ ਛਕਾ ਕੇ ਵੰਡ ਛਕੋ ਦੇ ਉਪਦੇਸ਼ ਨੂੰ ਅਮਲੀ ਜਾਮਾ ਪਹਿਨਾਇਆ । 'ਗਰੀਬ ਦਾ ਮੂੰਹ ਗੁਰੂ ਕੀ ਗੋਲਕ' ਅਨੁਸਾਰ ਭੁੱਖੇ, ਲੋੜਵੰਦ, ਗਰੀਬ ਨੂੰ ਭੋਜਨ ਛਕਾਉਣਾ ਅਸਲ ਸੱਚਾ ਸੌਦਾ ਹੈ ਪਰ ਅੱਜ ਦੇ ਸਮੇਂ ਪਾਖੰਡ ਦੇ ਡੇਰੇ ਇਸ 'ਸੱਚੇ ਸੌਦੇ' ਦਾ ਨਾਂ ਵਰਤ ਕੇ ਚਲਾਏ ਜਾ ਰਹੇ ਹਨ ਜਿੱਥੇ ਸੱਚ ਦੇ ਨਾਂ 'ਤੇ ਝੂਠ ਦਾ ਵਪਾਰ ਕੀਤਾ ਜਾਂਦਾ ਹੈ, ਹਰ ਇੱਕ ਵਸਤੂ ਬਾਜ਼ਾਰ ਦੀ ਕੀਮਤ ਨਾਲੋਂ ਵੀ ਮਹਿੰਗੇ ਮੁੱਲ ਮਿਲਦੀ ਹੈ । ਸ਼ਰਧਾਲੂਆਂ ਦੀ ਆਰਥਿਕ, ਮਾਨਸਿਕ ਅਤੇ ਸਰੀਰਕ ਲੁੱਟ ਦੇ ਹਜ਼ਾਰਾਂ ਕਿੱਸੇ ਅਖਬਾਰਾਂ ਅਤੇ ਟੀ ਵੀ ਚੈਨਲਾਂ ਦੀਆਂ ਸੁਰਖੀਆਂ ਬਣੇ ਹੋਏ ਹਨ । ਕਤਲਾਂ ਅਤੇ ਕੁਕਰਮਾਂ ਦੇ ਸੰਗੀਨ ਦੋਸ਼ਾਂ ਵਿਚ 'ਸੱਚੇ ਸੌਦੇ' ਦੇ ਨਾਂਅ ਤੇ ਗੁੰਮਰਾਹ ਕਰਨ ਵਾਲੇ ਪਾਖੰਡੀ ਨਿਤਦਿਨ ਅਦਾਲਤਾਂ ਵਿਚ ਪੇਸ਼ੀਆਂ ਭੁਗਤਦੇ ਫਿਰਦੇ ਹਨ । ਭਾਵੇਂ ਸਰਕਾਰਾਂ ਨੋਟਾਂ-ਵੋਟਾਂ ਦੀ ਰਾਜਨੀਤੀ ਵਿਚ ਅਜਿਹੇ ਲੋਕਾਂ ਦਾ ਪੱਖ ਪੂਰਦਿਆਂ ਉਨ੍ਹਾਂ ਨੂੰ ਜ਼ੈਡ ਸੁਰੱਖਿਆਵਾਂ ਦਿੰਦੀਆਂ ਅਤੇ ਪਾਖੰਡਵਾਦ ਦਾ ਪਰਦਾਫਾਸ਼ ਕਰਨ ਵਾਲਿਆਂ ਨੂੰ ਜੇਲ੍ਹਾਂ ਵਿਚ ਬੰਦ ਕਰਕੇ ਸੱਚ ਦੀ ਅਵਾਜ਼ ਨੂੰ ਦਬਾਉਣਾ ਚਾਹੁੰਦੀਆਂ ਹਨ ਪਰ 'ਓੜਕਿ ਸੱਚ ਰਹੀ' ਅਨੁਸਾਰ ਇਸ ਸੰਘਰਸ਼ ਵਿਚ ਫਤਹਿ ਅਖੀਰ ਖਾਲਸੇ ਦੀ ਹੋਣੀ ਹੈ । ਸਾਰੇ ਧਰਮਾਂ ਦੇ ਧਾਰਮਿਕ ਚਿੰਨ ਅਤੇ 'ਸੱਜਣ ਠੱਗ' ਵਾਂਗ ਆਪਣਾ ਸਾਂਝਾ ਨਾਂਅ ਰਖਵਾਉਣ ਵਾਲੇ ਅਜਿਹੇ ਪਾਖੰਡੀਆਂ ਤੋਂ ਸੁਚੇਤ ਹੋ ਕੇ ਸਿੱਖ ਸੰਗਤਾਂ ਨੂੰ ਕੇਵਲ ਗੁਰਬਾਣੀ-ਗੁਰੂ ਦਾ ਆਸਰਾ ਲੈ ਕੇ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਚਾਹੀਦਾ ਹੈ । ਇਸ ਸਮਾਗਮ ਦੌਰਾਨ ਹੋਏ ਅੰਮ੍ਰਿਤ ਸੰਚਾਰ ਵਿਚ ਸੈਂਕੜੇ ਪ੍ਰਾਣੀ ਖੰਡੇ-ਬਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੇ।ਸਮਾਗਮ ਦੀ ਸਮਾਪਤੀ ਤੇ ਸੰਤ ਦਾਦੂ ਸਾਹਿਬ ਵਾਲਿਆਂ ਨੂੰ ਕਾਰ ਸੇਵਾ ਵਾਲੇ ਸੰਤਾਂ, ਗੁਰਦੁਆਰਾ ਪ੍ਰਬੰਧਕ ਕਮੇਟੀ ਸਫੀਦੋਂ ਅਤੇ ਸਮੁੱਚੇ ਇਲਾਕੇ ਭਰ ‘ਚੋਂ ਪੁੱਜੀਆਂ ਸੰਗਤਾਂ ਵੱਲੋਂ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ। ਗੁਰੂ ਕਾ ਲੰਗਰ ਅਤੁੱਟ ਵਰਤਿਆ ।



Post a Comment