ਸ਼ਾਹਕੋਟ, 14 ਜਨਵਰੀ (ਸਚਦੇਵਾ) ਬਾਲ ਵਿਕਾਸ ਤੇ ਪ੍ਰੋਜੈਕਟ ਅਫ਼ਸਰ ਸ਼ਾਹਕੋਟ ਰਤਨਦੀਪ ਸੰਧੂ ਦੀ ਅਗਵਾਈ ’ਚ ਸੋਮਵਾਰ ਨੂੰ ਨਜ਼ਦੀਕੀ ਪਿੰਡ ਭੋਇਪੁਰ (ਸ਼ਾਹਕੋਟ) ਵਿਖੇ ਬਲਾਕ ਪੱਧਰ ’ਤੇ ਧੀਆਂ ਦੀ ਲੋਹੜੀ ਮਨਾਈ ਗਈ । ਇਸ ਮੌਕੇ ਕਰਵਾਏ ਗਏ ਇੱਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਜ਼ਿਲਾ ਪ੍ਰੋਗਰਾਮ ਅਫ਼ਸਰ ਸ਼੍ਰੀਮਤੀ ਸੁਖਦੀਪ ਕੌਰ ਮੁਲਤਾਨੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਦ ਕਿ ਪ੍ਰੋਫੈਸਰ ਕਰਤਾਰ ਸਿੰਘ ਸਚਦੇਵਾ (ਕੌਮੀ ਪੁਰਸਕਾਰ ਵਿਜੇਤਾ) ਤੇ ਸ਼੍ਰੀਮਤੀ ਬਲਰਾਜ ਕੌਰ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਜਵਾ ਕਲਾਂ ਵਿਸ਼ੇਸ਼ ਮਹਿਮਾਨਾਂ ਵਜੋਂ ਪੁੱਜੇ । ਸਮਾਗਮ ਦੌਰਾਨ ਮੈਡਮ ਸੁਖਦੀਪ ਕੌਰ ਮੁਲਤਾਨੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਔਰਤ ਸਹਿਣਸ਼ੀਲਤਾ ਦੀ ਮੂਰਤ ਹੈ, ਜੋ ਵਿਅਕਤੀ ਔਰਤ ਦਾ ਸਨਮਾਨ ਨਹੀਂ ਕਰਦਾ, ਉਹ ਕਦੇ ਤਰੱਕੀ ਨਹੀਂ ਕਰ ਸਕਦਾ । ਇਸ ਮੌਕੇ ਮੈਡਮ ਰਤਨਦੀਪ ਸੰਧੂ, ਪ੍ਰੋਫੈਸਰ ਕਰਤਾਰ ਸਿੰਘ ਸਚਦੇਵਾ, ਪ੍ਰਿੰਸੀਪਲ ਬਲਰਾਜ ਕੌਰ, ਹਰਜਿੰਦਰ ਸਿੰਘ ਬਾਗਪੁਰ ਆਦਿ ਨੇ ਵੀ ਧੀਆਂ ਦੀ ਲੋਹੜੀ ਮਨਾਉਣ ਅਤੇ ਭਰੂਣ ਹੱਤਿਆ ਵਰਗੀ ਲਾਹਨਤ ਬਾਰੇ ਆਪਣੇ ਵਿਚਾਰ ਸਾਰਿਆਂ ਨਾਲ ਸਾਂਝੇ ਕੀਤੇ । ਸਮਾਗਮ ਦੌਰਾਨ ਬੱਚਿਆਂ ਤੇ ਨੌਜਵਾਨਾਂ ਨੇ ਦਾਜ ਦੀ ਲਾਹਨਤ, ਭਰੂਣ ਹੱਤਿਆ, ਔਰਤਾਂ ਉੱਪਰ ਜ਼ੁਲਮ ਆਦਿ ਬਾਰੇ ਨਾਟਕ ਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ । ਸਮਾਗਮ ਦੇ ਅਖੀਰ ’ਚ ਧੂਣੀ ਬਾਲੀ ਗਈ, ਜਿਸ ਵਿੱਚ ਸਾਰੀਆਂ ਰਸਮਾਂ ਪੂਰੀਆਂ ਕਰਨ ਉਪਰੰਤ ਅਧਿਕਾਰੀਆਂ ਤੇ ਪਿੰਡ ਦੀਆਂ ਔਰਤਾਂ ਨੇ ਰਲ-ਮਿਲ ਗਿੱਧਾ ਪਾ ਕੇ ਖੂਬ ਰੌਣਕਾਂ ਲਾਈਆਂ । ਸਮਾਗਮ ਵਿੱਚ ਸ਼ਾਮਲ ਮਹਿਮਾਨਾਂ ਨੂੰ ਪ੍ਰਬੰਧਕਾਂ ਵੱਲੋਂ ਸਨਮਾਨਤ ਕੀਤਾ ਗਿਆ । ਸਾਰੇ ਪ੍ਰੋਗਰਾਮ ਨੂੰ ਨੇਪਰੇ ਚਾੜਨ ਵਿੱਚ ਪਿੰਡ ਦੀ ਆਂਗਣਵਾੜੀ ਵਰਕਰ ਸ਼੍ਰੀਮਤੀ ਕੁਲਵਿੰਦਰ ਕੌਰ ਤੇ ਮੈਡਮ ਮਨਪ੍ਰੀਤ ਕੌਰ ਨੇ ਵਿਸ਼ੇਸ਼ ਸਹਿਯੋਗ ਦਿੱਤਾ । ਇਸ ਮੌਕੇ ਡਾਇਲ 108 ਐਬੂਲੈਂਸ ਦੇ ਮੁਲਾਜ਼ਮ ਈ.ਐਮ.ਟੀ ਭੁਪਿੰਦਰ ਸਿੰਘ ਅਤੇ ਗੁਰਮੇਲ ਸਿੰਘ ਵੱਲੋਂ ਐਬੂਲੈਂਸ ਦੀਆਂ ਸਹੂਲਤਾ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਗਿਆ । ਇਸ ਮੌਕੇ ਹੋਰਨਾਂ ਤੋਂ ਇਲਾਵਾ ਪਿੰਡ ਦੀ ਸਰਪੰਚ ਜਸਵੀਰ ਕੌਰ, ਹੈਡਮਾਸਟਰ ਅਵਤਾਰ ਸਿੰਘ, ਸਰਕਲ ਸੁਪਰਵਾਈਜ਼ਰ ਸਤੀਸ਼ ਕੁਮਾਰੀ, ਗੁਰਬਖਸ਼ ਕੌਰ, ਬਲਵੀਰ ਕੌਰ, ਸੰਤੋਸ਼ ਕੁਮਾਰੀ, ਬਲਜਿੰਦਰ ਕੌਰ, ਅੰਤਰਰਾਸ਼ਟਰੀ ਮਨੁੱਖੀ ਅਧਿਕਾਰੀ ਮੰਚ ਦੀ ਆਗੂ ਸ਼੍ਰੀਮਤੀ ਕੰਚਨ ਕਾਲੜਾ, ਅਵਤਾਰ ਸਿੰਘ , ਮਨਜੀਤ ਸਿੰਘ, ਜਸਵੰਤ ਸਿੰਘ, ਆਂਗਣਵਾੜੀ ਵਰਕਰ ਕੁਲਵਿੰਦਰ ਕੌਰ, ਜਸਵਿੰਦਰ ਕੌਰ, ਸ਼ਾਮ ਲਾਲ, ਗਿਆਨੀ ਦਰਸ਼ਨ ਸਿੰਘ, ਕਾਮਰੇਡ ਸੁਖਦੇਵ ਸਿੰਘ, ਬਲਜਿੰਦਰ ਸਿੰਘ, ਸੁਖਦੇਵ ਸਿੰਘ, ਸ਼ਾਮ ਲਾਲ, ਡਾਕਟਰ ਬਲਦੇਵ, ਸਾਗਾਂ ਸਿੰਘ, ਸਾਹਬ ਸਿੰਘ, ਜਸਵੀਰ ਸਿੰਘ ਆਦਿ ਹਾਜ਼ਰ ਸਨ । ਧੀਆਂ ਦੀ ਲੋਹੜੀ ਸਮਾਗਮ ਦੌਰਾਨ ਸਟੇਜ ਸੰਚਾਲਨ ਦਾ ਕੰਮ ਹਰਭਜਨ ਸਿੰਘ ਤੇ ਮੈਡਮ ਮਨਪ੍ਰੀਤ ਕੌਰ ਨੇ ਬੜੇ ਸੁਚਾਰੂ ਢੰਗ ਨਾਲ ਨਿਭਾਇਆ ।
ਪਿੰਡ ਭੋਇਪੁਰ ਵਿਖੇ ਲੋਹੜੀ ਸਮਾਗਮ ਮੌਕੇ ਬਲਾਕ ਪੱਧਰੀ ਸਮਾਗਮ ਦੌਰਾਮ ਸੰਬੋਧਨ ਕਰਦੇ ਬੁਲਾਰੇ ਅਤੇ ਧੂਣੀ ਬਾਲ ਕੇ ਲੜਕੀਆਂ ਦੀ ਲੋਹੜੀ ਮਨਾਉਦੇ ਅਧਿਕਾਰੀ ਨਾਲ ਪ੍ਰੋਗਰਾਮ ਪੇਸ਼ ਕਰਦੇ ਬੱਚੇ ।


Post a Comment