14 ਜਨਵਰੀ ()-ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ 'ਸੁਧਾਰ ਘਰ' ਦੇ ਨਾਂਅ ਹੇਠ ਬਣੀਆਂ ਜੇਲ੍ਹਾਂ ਵਿਚ ਉਥੇ ਵੱਖ-ਵੱਖ ਮੁਕੱਦਮਿਆਂ ਵਿਚ ਸਜ਼ਾ ਕੱਟ ਰਹੇ ਸਿੱਖ ਕੈਦੀਆਂ ਨੂੰ ਆਪਣੀ ਜ਼ਿੰਦਗੀ ਵਿਚ ਸੁਧਾਰ ਕਰਨ ਦਾ ਸਾਡੀਆਂ ਹਕੂਮਤਾਂ ਕਿੰਨਾ ਕੁ ਮੌਕਾ ਦਿੰਦੀਆਂ ਹਨ, ਇਸ ਗੱਲ ਦਾ ਅੰਦਾਜ਼ਾ ਸਾਡੇ ਕੋਲ ਕਈ ਮਹੀਨੇ ਪਹਿਲਾਂ ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿਚੋਂ 200 ਦੇ ਕਰੀਬ ਸਿੱਖ ਕੈਦੀਆਂ ਦੇ ਦਸਤਖ਼ਤਾਂ ਹੇਠ ਮਿਲੀਆਂ ਚਿੱਠੀਆਂ ਉਪਰ ਅਮਲ ਕਰਦਿਆਂ ਜੇਲ੍ਹ ਵਿਭਾਗ ਦੇ ਵੱਖ-ਵੱਖ ਆਹਲਾ ਅਧਿਕਾਰੀਆਂ ਨੂੰ ਪੰਥਕ ਸੇਵਾ ਲਹਿਰ ਦਾਦੁ ਸਾਹਿਬ ਦੇ ਲੈਟਰਪੈਡ ਉਪਰ ਲਿਖ ਕੇ ਅੰਮ੍ਰਿਤ ਛਕਾਉਣ ਦੀ ਮੰਗੀ ਗਈ ਮਨਜ਼ੂਰੀ ਲਈ ਕਿਸੇ ਵੀ ਤਰ੍ਹਾਂ ਦੇ ਸਹਿਯੋਗ ਦੇ ਨਾ ਮਿਲਣ ਦੀ ਗੱਲ ਤੋਂ ਲਾਇਆ ਜਾ ਸਕਦਾ ਹੈ । ਉਕਤ ਵਿਚਾਰਾਂ ਦਾ ਪ੍ਰਗਟਾਵਾ ਪ੍ਰਸਿੱਧ ਧਰਮ ਪ੍ਰਚਾਰਕ ਅਤੇ ਪੰਥਕ ਸੇਵਾ ਲਹਿਰ ਦੇ ਮੁਖੀ ਸੰਤ ਬਾਬਾ ਬਲਜੀਤ ਸਿੰਘ ਜੀ ਖਾਲਸਾ ਦਾਦੂਵਾਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕੀਤਾ । ਲੁਧਿਆਣਾ ਜੇਲ੍ਹ ਵਿਚਲੇ ਉਕਤ 200 ਦੇ ਕਰੀਬ ਕੈਦੀਆਂ ਨੂੰ ਗੁਰੂ ਸਾਹਿਬਾਨਾਂ ਦੇ ਨਾਂਅ ਤੇ ਵਸਣ ਵਾਲੇ ਪੰਜਾਬ ਦੀ ਧਰਤੀ ਉਪਰ ਸਿੱਖ ਧਰਮ ਵਿਚ ਸ਼ਾਮਿਲ ਹੋਣ ਦੀ ਮੁੱਢਲੀ ਰਵਾਇਤ ਅਨੁਸਾਰ ਕਰਵਾਏ ਜਾਂਦੇ ਅੰਮ੍ਰਿਤਪਾਨ ਲਈ 'ਪੰਥਕ' ਕਹਾਉਣ ਵਾਲੀ ਸਰਕਾਰ ਨੂੰ ਫਰਿਆਦਾਂ ਕਰਨੀਆਂ ਪੈ ਰਹੀਆਂ ਹਨ । ਪਰ ਅੰਮ੍ਰਿਤ ਦੀ ਇੱਕ ਬੂੰਦ ਨੂੰ ਤਰਸ ਰਹੇ ਇਨ੍ਹਾਂ ਕੈਦੀ ਸਿੱਖਾਂ ਦੀ ਹਾਲ ਪਾਹਰਿਆ ਸਰਕਾਰਾਂ ਅਤੇ ਜੇਲ੍ਹ ਅਧਿਕਾਰੀਆਂ ਦੇ ਕੰਨਾਂ ਤੱਕ ਸਾਡੇ ਵੱਲੋਂ ਕੀਤੀਆਂ ਗਈਆਂ ਅਨੇਕ ਕੋਸ਼ਿਸ਼ਾਂ ਦੇ ਬਾਵਜੂਦ ਵੀ ਨਹੀਂ ਪਹੁੰਚ ਰਹੀ ਜਾਂ ਫਿਰ ਕਿਸੇ ਸਾਜ਼ਿਸ਼ ਅਧੀਨ ਸਿੱਖ ਕੈਦੀਆਂ ਨੂੰ ਅੰਮ੍ਰਿਤ ਦੀ ਦਾਤ ਤੋਂ ਵਾਂਝੇ ਰੱਖਿਆ ਜਾ ਰਿਹਾ ਹੈ । ਕਿਉਂ ਕਿ ਪੰਜਾਬ ਦੀਆਂ ਜੇਲ੍ਹਾਂ ਵਿਚ ਨੂਰਮਹਿਲੀਏ ਵਰਗੇ ਪਾਖੰਡੀਆਂ ਦੇ ਚੇਲਿਆਂ ਨੂੰ ਆਪਣੇ ਸਮਾਗਮ ਕਰਨ ਦੀ ਆਗਿਆ ਤਾਂ ਸਰਕਾਰ ਦੇ ਸਕਦੀ ਹੈ ਪਰ ਅੰਮ੍ਰਿਤ ਦੀ ਦਾਤ ਲੈਣ ਲਈ ਪੰਜ ਪਿਆਰਿਆਂ ਨੂੰ ਜੇਲ੍ਹ ਅੰਦਰ ਬੁਲਾ ਕੇ ਅੰਮ੍ਰਿਤ ਸੰਚਾਰ ਕਰਵਾਉਣ ਲਈ ਪਤਾ ਨਹੀਂ ਕਿਉਂ ਖਾਮੋਸ਼ੀ ਧਾਰਨ ਕੀਤੀ ਹੋਈ ਹੈ । ਸੰਤ ਦਾਦੂਵਾਲ ਨੇ ਸਰਕਾਰ ਅਤੇ ਪੰਜਾਬ ਦੀਆਂ ਜੇਲ੍ਹਾਂ ਦੇ ਉਚ ਅਧਿਕਾਰੀਆਂ ਨੂੰ ਮੀਡੀਆ ਰਾਹੀਂ ਸੰਬੋਧਨ ਹੁੰਦਿਆਂ ਕਿਹਾ ਕਿ ਹਰੇਕ ਧਰਮ ਦੇ ਸ਼ਰਧਾਲੂਆਂ ਨੂੰ ਆਪਣੇ ਧਰਮ ਵਿਚ ਸ਼ਾਮਿਲ ਹੋਣ ਦਾ ਹੱਕ ਸਾਡਾ ਸੰਵਿਧਾਨ ਬਰਾਬਰ ਦਿੰਦਾ ਹੈ । ਉਨ੍ਹਾਂ ਵੱਲੋਂ ਕਈ ਮਹੀਨੇ ਪਹਿਲਾਂ ਲੁਧਿਆਣਾ ਜੇਲ੍ਹ ਦੇ ਇਨ੍ਹਾਂ ਸਿੱਖ ਕੈਦੀਆਂ ਲਈ ਅੰਮ੍ਰਿਤ ਸੰਚਾਰ ਕਰਵਾਉਣ ਸਬੰਧੀ ਭੇਜੇ ਗਏ ਬੇਨਤੀ-ਪੱਤਰਾਂ ਉਪਰ ਗੌਰ ਕਰ ਕੇ ਆਗਿਆ ਦਿੱਤੀ ਜਾਵੇ ਨਹੀਂ ਤਾਂ ਹੋਰਨਾਂ ਪੰਥਕ ਜਥੇਬੰਦੀਆਂ ਦੇ ਨਾਲ ਸਲਾਹ ਮਸ਼ਵਰਾ ਕਰਕੇ ਇਸ ਮੰਗ ਦੀ ਪੂਰਤੀ ਲਈ ਜੇਲ੍ਹਾਂ ਅੱਗੇ ਧਰਨੇ ਲਗਾ ਕੇ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ ।


Post a Comment