ਮਾਨਸਾ 16 ਜਨਵਰੀ ( ਆਹਲੂਵਾਲੀਆ) ਮਾਨਸਾ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਵਾਂ ਧੂਮਧਾਮ ਨਾਲ ਮਨਾਇਆ ਗਿਆ। ਜਿਸ ਦੀ ਰਵਾਨਗੀ ਮਾਨਸਾ ਦੇ ਵਿਧਾਇਕ ਪ੍ਰੇਮ ਮਿੱਤਲ ਨੇ ਕੀਤੀ। ਇਸ ਤੋ ਇਲਾਵਾ ਖਿਆਲਾ ਕਲਾਂ ,ਖਿਆਲਾ ਖੁਰਦ ਅਤੇ ਮਲਕਪੁਰ ਦੀਆਂ ਸੰਗਤਾਂ ਨੇ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਜੀਆਂ ਦੇ ਗੁਰਪੁਰਵਾਂ ਨਾਲ ਸਬੰਧਿਤ ਨਗਰ ਕੀਰਤਨ ਸਜਾਏ। ਨਗਰ ਕੀਰਤਨ ਦਾ ਅਰੰਭ ਪਿੰਡ ਖਿਆਲਾ ਕਲਾਂ ਦੇ ਇਤਿਹਾਸਕ ਗੁਰਦਵਾਰਾ ਸ੍ਰੀ ਬੇਰੀ ਸਾਹਿਬ ਤੋਂ ਸਵੇਰੇ ਦਸ ਵਜੇ ਕੀਤਾ ਗਿਆ ।ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰੇ ਕਰ ਰਹੇ ਸਨ । ਵੱਡੀ ਗਿਣਤੀ ਵਿੱਚ ਸ਼ਾਮਲ ਸੰਗਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਪਿੱਛੇ ਪਿੱਛੇ ਵਾਹਿਗੁਰੂ ਦਾ ਜਾਪ ਕਰਦੀਆਂ ਹੋਈਆਂ ਚੱਲ ਰਹੀਆਂ ਸਨ।ਸਭ ਤੋਂ ਅੱਗੇ ਖੁਸ਼ੀ ਵਿੱਚ ਪਟਾਖੇ ਬਾਜ਼ੀ ਕਰਨ ਵਾਲੇ ਨੌਜਵਾਨ ਚੱਲ ਰਹੇ ਸਨ। ਉਸਤੋਂ ਪਿੱਛੇ ਪਿੰਡ ਦੀਆਂ ਔਰਤਾਂ ਝਾੜੂ ਲੈ ਕੇ ਗਲੀਆਂ ਦੀ ਸਫਾਈ ਕਰ ਰਹੀਆਂ ਸਨ। ਫਿਰ ਠੂਠਿਆਂ ਵਾਲੀ ਗੁਰਦਵਾਰਾ ਸਾਹਿਬ ਤੋਂ ਵਿਸ਼ੇਸ ਤੌਰ ’ਤੇ ਸ਼ਾਮਲ ਹੋਈ ਗੱਤਕਾ ਪਾਰਟੀ ਗੱਤਕੇ ਦੇ ਜ਼ੌਹਰ ਦਿਖਾ ਰਹੀ ਸੀ ਅਤੇ ਨਗਾਰੇ ’ਤੇ ਚੋਟ ਲਗਾਉਂਣ ਵਾਲੇ ਸਿੰਘ ਨਗਾਰੇ ’ਤੇ ਚੋਟ ਲਾ ਰਹੇ ਸਨ । ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬੀੜ ਦੇ ਬਿੱਲਕੁੱਲ ਪਿੱਛੇ ਕੀਰਤਨੀਏ ਸਿੰਘਾਂ ਦੇ ਵਾਹਨ ਸਨ ਜੋ ਕਿ ਰਸਭਿੰਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕਰ ਰਹੇ ਸਨ। ਉਸਤੋਂ ਪਿੱਛੇ ਚਕੇਰੀਆਂ ਵਾਲੀਆਂ ਬੀਬੀਆਂ ਦਾ ਢਾਂਡੀ ਜਥਾ ਸਿੱਖੀ ਖੰਡਿਓਂ ਤਿੱਖੀ ਦੀਆਂ ਵਾਰਾਂ ਪੇਸ਼ ਕਰ ਰਿਹਾ ਸੀ । ਵੱਡੀ ਗਿਣਤੀ ਵਿੱਚ ਟਰੈਕਟਰ ਟਰਾਲੀਆਂ ਵਿੱਚ ਸਜੇ ਨਿੱਕੇ ਨਿੱਕੇ ਬੱਚੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰ ਰਹੇ ਸਨ । ਨਗਰ ਕੀਰਤਨ ਖਿਆਲਾ ਮਲਕਪੁਰ ,ਖਿਆਲਾ ਕਲਾਂ ਅਤੇ ਖਿਆਲਾ ਖੁਰਦ ਦੀਆਂ ਗਲੀਆਂ ਵਿੱਚ ਹੁੰਦਾ ਹੋਇਆ ਸ਼ਾਮ ਤੱਕ ਵਾਪਸ ਗੁਰਦਵਾਰਾ ਸ੍ਰੀ ਬੇਰੀ ਸਾਹਿਬ ਪੁੱਜਿਆ । ਨਗਰ ਕੀਰਤਨ ਵਿੱਚ ਸ਼ਾਮਲ ਸੰਗਤਾਂ ਦੀ ਸੇਵਾ ਲਈ ਪਿੰਡਾਂ ਦੀਆਂ ਸੰਗਤਾਂ ਨੇ ਥਾਂ ਥਾਂ ਚਾਹ, ਪਕੌੜੇ ਬਦਾਨਾ ਅਤੇ ਬਿਸਕੁਟਾਂ ਦੇ ਲੰਗਰ ਲਗਾਏ । ਔਰਤਾਂ ,ਮਰਦਾਂ ਅਤੇ ਬੱਚਿਆਂ ਨੇ ਨਗਰ ਕੀਰਤਨ ਦੇ ਨੇੜਿਓਂ ਗੁਜ਼ਰਨ ਸਮੇਂ ਮੱਥਾ ਟੇਕਿਆ ਅਤੇ ਪ੍ਰਸ਼ਾਦ ਲਿਆ । ਸਥਾਂਨਕ ਕਮੇਟੀ ਦੇ ਪ੍ਰਧਾਨ ਭਾਈ ਨਛੱਤਰ ਸਿੰਘ ਨੇ ਦੱਸਿਆ ਕਿ ਤਿੰਨਾਂ ਪਿੰਡਾਂ ਦੀਆਂ ਪੰਚਾਇਤਾਂ , ਕਲੱਬਾਂ ਅਤੇ ਆਮ ਲੋਕਾਂ ਨੇ ਗੁਰਪੁਰਵਾਂ ਦੇ ਨਗਰ ਕੀਰਤਨ ਸਮੇਂ ਭਾਰੀ ਉਤਸਾਹ ਦਿਖਾਇਆ । ਉਨ•ਾ ਦੱਸਿਆ ਕਿ ਸਭ ਤੋਂ ਵੱਧ ਖੁਸ਼ੀ ਵਾਲੀ ਗੱਲ ਇਹ ਹੈ ਕਿ ਤਿੰਨਾਂ ਪਿੰਡਾਂ ਦੇ ਨੌਜਵਾਨਾਂ ਨੇ ਸਭ ਤੋਂ ਵੱਧ ਕੰਮ ਕੀਤਾ। ਕਲੱਬਾਂ ਅਤੇ ਪਿੰਡਾਂ ਦੇ ਆਮ ਲੋਕਾਂ ਨੇ ਨਗਰ ਕੀਰਤਨ ਵਾਲੇ ਦਿਨ ਤੋਂ ਪਹਿਲਾਂ ਪੂਰੇ ਪਿਡਾਂ ਦੀ ਸਫਾਈ ਕੀਤੀ । ਗਲੀਆਂ ,ਸੜਕਾਂ ਅਤੇ ਹੋਰ ਸਾਝੀਆਂ ਥਾਂਵਾਂ ’ਤੇ ਪਏ ਕੂੜੇ ਕਰਕਟ ਨੂੰ ਚੰਗੀ ਤਰ•ਾਂ ਸਾਫ ਕੀਤਾ ਗਿਆ । ਨਗਰ ਕੀਰਤਨ ਵਿੱਚ ਕਾਰ ਸੇਵਾ ਦਿੱਲੀ ਵਾਲੇ ਬਾਬਾ ਤਰਸੇਮ ਸਿੰਘ ਵਿਸ਼ੇਸ ਤੌਰ ’ਤੇ ਸ਼ਾਮਲ ਹੋਏ । ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਦੱਸਿਆ ਸ੍ਰੀ ਅਖੰਡ ਪਾਠਾਂ ਦੇ ਭੋਗ 18 ਜਨਵਰੀ ਗੁਰਦਵਾਰਾ ਸਾਹਿਬ ਵਿਖੇ ਪਾਏ ਜਾਣਗੇ।

Post a Comment