ਮਾਨਸਾ, 15 ਜਨਵਰੀ ( ) : ਜ਼ਿਲ੍ਹਾ ਪ੍ਰਸਾਸ਼ਨ ਵਲੋਂ ਟੀਬੀ ਦੀ ਬਿਮਾਰੀ ਦੇ ਖ਼ਾਤਮੇ ਲਈ ਵਿੱਢੀ ਗਈ ਮੁਹਿੰਮ ਨੂੰ ਉਸ ਵੇਲੇ ਹੁੰਗਾਰਾ ਮਿਲਿਆ, ਜਦੋਂ ਜ਼ਿਲ੍ਹਾ ਪੁਲਿਸ ਵੀ ਇਸ ਮੁਹਿੰਮ ਵਿਚ ਨਿੱਤਰ ਪਈ। ਅੱਜ ਟੀਬੀ ਕੰਟਰੋਲ ਸੋਸਾਇਟੀ ਮਾਨਸਾ ਵਲੋਂ ਕਰਵਾਏ ਸਮਾਰੋਹ ਵਿਚ ਐਸ.ਐਸ.ਪੀ ਡਾ. ਨਰਿੰਦਰ ਭਾਰਗਵ ਨੇ ਕਿਹਾ ਕਿ ਪੁਲਿਸ ਮਹਿਕਮੇ ਵਲੋਂ ਇਸ ਬਿਮਾਰੀ ਨੂੰ ਜ਼ਿਲ੍ਹੇ ਵਿਚੋਂ ਜੜ੍ਹੋਂ ਖ਼ਤਮ ਕਰਨ ਲਈ ਪੂਰਾ ਸਹਿਯੋਗ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਬਿਮਾਰੀ ਦੇ ਖਾਤਮੇ ਲਈ ਸਮੂਹਿਕ ਯਤਨਾਂ ਦੀ ਲੋੜ ਹੈ, ਇਸ ਲਈ ਸਾਰੇ ਵਿਭਾਗਾਂ ਤੋਂ ਇਲਾਵਾ ਸਮਾਜ-ਸੇਵੀਆਂ ਨੂੰ ਇਕਜੁੱਟਤਾ ਨਾਲ ਕੰਮ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਡਾ. ਭਾਰਗਵ ਨੇ ਕਿਹਾ ਕਿ ਆਮ ਜਨਤਾ ਨੂੰ ਇਸ ਬਾਰੇ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਅਜੋਕੇ ਦੌਰ ਵਿੱਚ ਵੀ ਇਸ ਬਿਮਾਰੀ ਬਾਰੇ ਬਹੁਤ ਸਾਰੇ ਅੰਧ-ਵਿਸ਼ਵਾਸ਼ ਅਤੇ ਧਾਰਨਾਵਾਂ ਲੋਕ ਮਨਾਂ ਵਿੱਚ ਬਣੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਅੰਧ-ਵਿਸ਼ਵਾਸ਼ਾਂ ਨੂੰ ਦੂਰ ਕਰਨ ਲਈ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ। ਸਮਾਰੋਹ ਦੌਰਾਨ ਪ੍ਰਾਈਵੇਟ ਡਾਟ ਪ੍ਰੋਵਾਈਡਰਾਂ ਨੂੰ ਆਨਰੇਰੀਅਮ (ਮਾਣ ਭੱਤਾ) ਦੇਣ ਮੌਕੇ ਐਸ.ਐਸ. ਪੀ ਨੇ ਕਿਹਾ ਕਿ ਟੀਬੀ ਦੇ ਮਰੀਜ਼ਾਂ ਨੂੰ ਤੰਦਰੁਸਤ ਕਰਨ ਵਿਚ ਡਾਟ ਪ੍ਰੋਵਾਈਡਰਾਂ ਦਾ ਅਹਿਮ ਰੋਲ ਹੈ, ਇਸ ਲਈ ਜੇਕਰ ਡਾਟ ਪ੍ਰੋਵਾਈਡਰ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣ ਤਾਂ ਮਰੀਜ਼ ਨੂੰ ਆਪਣੇ ਇਲਾਜ ਵਿੱਚ ਕਿਸੇ ਕਿਸਮ ਦੀ ਕੋਈ ਪ੍ਰੇਸ਼ਾਨੀ ਨਹੀਂ ਆਉਂਦੀ। ਇਸ ਮੌਕੇ ਜ਼ਿਲ੍ਹਾ ਟੀਬੀ ਅਫ਼ਸਰ ਡਾ. ਰਣਜੀਤ ਸਿੰਘ ਰਾਏ ਨੇ ਕਿਹਾ ਕਿ ਡਾਟ ਪ੍ਰੋਵਾਈਡਰਾਂ ਅੰਦਰ ਸੇਵਾ ਭਾਵਨਾ ਦਾ ਹੋਣਾ ਬਹੁਤ ਜ਼ਰੂਰੀ ਹੈ ਅਤੇ ਮਰੀਜ਼ਾਂ ਦੇ ਇਲਾਜ ਲਈ ਮਿਸ਼ਨਰੀ ਭਾਵਨਾ ਤਹਿਤ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜੋ ਮਾਣ-ਭੱਤਾ ਪ੍ਰਾਈਵੇਟ ਡਾਟ ਪ੍ਰੋਵਾਈਡਰਾਂ ਲਈ ਨਿਰਧਾਰਤ ਹੈ, ਉਹ ਨਿਯਮਾਂ ਮੁਤਾਬਿਕ ਮਿਲਦਾ ਰਹੇਗਾ। ਉਨ੍ਹਾਂ ਡਾਟ ਪ੍ਰੋਵਾਈਡਰਾਂ ਨੂੰ ਗੰਭੀਰ ਟੀਬੀ ਦੇ ਮਰੀਜ਼ਾਂ ਦੀ ਵਿਸ਼ੇਸ਼ ਤੌਰ 'ਤੇ ਸਾਂਭ-ਸੰਭਾਲ ਤੇ ਪੁੱਛ-ਗਿੱਛ ਕਰਨ ਦੀ ਅਪੀਲ ਕੀਤੀ। ਇਸ ਦੌਰਾਨ ਪ੍ਰਾਈਵੇਟ ਡਾਟ ਪ੍ਰੋਵਾਈਡਰਾਂ ਨੂੰ ਆਨਰੇਰੀਅਮ ਦੇ ਚੈੱਕ ਵੀ ਦਿੱਤੇ ਗਏ। ਇਸ ਮੌਕੇ ਸ਼੍ਰੀ ਜਗਦੀਸ਼ ਰਾਏ ਕੁਲਰੀਆਂ, ਸ਼੍ਰੀ ਦੀਪਕ ਕਾਲੜਾ, ਸ਼੍ਰੀ ਸੁਰਿੰਦਰ ਕੁਮਾਰ, ਸ਼੍ਰੀ ਬੂਟਾ ਸਿਰਸੀਵਾਲਾ, ਸ਼੍ਰੀ ਮਨੋਜ ਕੁਮਾਰ, ਸ਼੍ਰੀ ਪ੍ਰਗਟ ਸਿੰਘ ਅਤੇ ਪ੍ਰਾਈਵੇਟ ਡਾਟ ਪ੍ਰੋਵਾਈਡਰ ਸ਼੍ਰੀ ਪਵਨ ਦੇਵ ਸ਼ਰਮਾ, ਸ਼੍ਰੀ ਖਜਾਨਚੀ ਲਾਲ, ਸ਼੍ਰੀ ਗੁਰਜੀਤ ਸਿੰਘ ਅਤੇ ਸ਼੍ਰੀ ਸੋਹਣਾ ਸਿੰਘ ਵੀ ਹਾਜ਼ਰ ਸਨ।
ਐਸ.ਐਸ.ਪੀ. ਡਾ. ਭਾਰਗਵ ਅਤੇ ਜ਼ਿਲ੍ਹਾ ਟੀਬੀ ਅਫ਼ਸਰ ਡਾ. ਰਾਏ ਪ੍ਰਾਈਵੇਟ ਡਾਟ ਪ੍ਰੋਵਾਈਡਰਾਂ ਨੂੰ ਆਨਰੇਰੀਅਮ ਦੇ ਚੈੱਕ ਸੌਂਪਦੇ ਹੋਏ।

Post a Comment