-24ਵਾਂ ਜ਼ਿਲ੍ਹਾ ਪੱਧਰੀ ਸੜਕ ਸੁਰੱਖਿਆ ਹਫ਼ਤਾ ਮਨਾਇਆ
ਮਾਨਸਾ, 04 ਜਨਵਰੀ ( ) : ਅੱਜ ਟਰੱਕ ਯੂਨੀਅਨ ਮਾਨਸਾ ਵਿਖੇ 24ਵਾਂ ਜ਼ਿਲ੍ਹਾ ਪੱਧਰੀ ਸੜਕ ਸੁਰੱਖਿਆ ਹਫ਼ਤਾ ਮਨਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਵਜੋਂ ਪੁੱਜੇ ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਰਾਹੁਲ ਨੇ ਅਪੀਲ ਕਰਦਿਆਂ ਕਿਹਾ ਕਿ ਕਿਸੇ ਵੀ ਤਰ੍ਹਾਂ ਦਾ ਨਸ਼ਾ ਕਰਕੇ ਗੱਡੀ ਨਾ ਚਲਾਈ ਜਾਵੇ ਕਿਉਂਕਿ ਜ਼ਿੰਦਗੀ ਬੇਸ਼ਕੀਮਤੀ ਹੈ, ਇਸਨੂੰ ਅਜਾਈਂ ਨਹੀਂ ਜਾਣ ਦੇਣਾ ਚਾਹੀਦਾ। ਉਨ੍ਹਾਂ ਕਿਹਾ ਕਿ ਸੜਕਾਂ ’ਤੇ ਮੌਤਾਂ ਦੀ ਗਿਣਤੀ ਵਧੀ ਹੈ, ਇਸ ਲਈ ਇਨ੍ਹਾਂ ਮੌਤਾਂ ਤੇ ਹਾਦਸਿਆਂ ਨੂੰ ਠੱਲ੍ਹਣ ਲਈ ਟ੍ਰੈਫਿਕ ਨਿਯਮਾਂ ਦੀ ਪਾਲਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਬਿਨ੍ਹਾਂ ਨਸ਼ਾ ਕੀਤੇ ਗੱਡੀਆਂ ’ਤੇ ਡਿੱਪਰ, ਲਾਈਟਾਂ ਅਤੇ ਰਿਫਲੈਕਟਰਾਂ ਦੀ ਵਰਤੋਂ ਕਰਕੇ 80 ਫ਼ੀਸਦੀ ਹਾਦਸੇ ਟਾਲੇ ਜਾ ਸਕਦੇ ਹਨ। ਉਨ੍ਹਾਂ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਅਤੇ ਟ੍ਰੈਫਿਕ ਇੰਚਾਰਜ ਨੂੰ ਹਦਾਇਤ ਕੀਤੀ ਕਿ ਗੱਡੀਆਂ ਦੀ ਸਮੇਂ-ਸਮੇਂ ’ਤੇ ਚੈਕਿੰਗ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਡਰਾਈਵਰਾਂ ਦੀਆਂ ਅੱਖਾਂ ਦੀ ਜਾਂਚ ਕਰਵਾਉਣ ਲਈ ਵਿਸ਼ੇਸ਼ ਕੈਂਪ ਲਗਾਏ ਜਾਣ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਸਰਦੀ ਵਿਚ ਧੁੰਦਾਂ ਕਾਰਨ ਗੱਡੀਆਂ ’ਤੇ ਰਿਫਲੈਕਟਰ ਨਾ ਲੱਗੇ ਹੋਣ ਕਾਰਨ ਹਾਦਸੇ ਜ਼ਿਆਦਾ ਵਾਪਰਦੇ ਹਨ, ਇਸ ਲਈ ਰਿਫ਼ਲੈਕਟਰ ਲਗਵਾਉਣੇ ਯਕੀਨੀ ਬਣਾਏ ਜਾਣ। ਸ਼੍ਰੀ ਕੁਮਾਰ ਰਾਹੁਲ ਨੇ ਕਿਹਾ ਕਿ ਸੜਕਾਂ ’ਤੇ ਸਭ ਤੋਂ ਵੱਧ ਮੌਤਾਂ ਪੰਜਾਬ ਵਿਚ ਹੁੰਦੀਆਂ ਹਨ ਅਤੇ ਸੜਕਾਂ ਕਬਰਿਸਤਾਨ ਬਣ ਗਈਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਹਾਦਸਿਆਂ ਤੋਂ ਬਚਿਆ ਜਾ ਸਕਦਾ ਹੈ, ਜੇ ਅਸੀਂ ਸੜਕ ’ਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੀਏ। ਉਨ੍ਹਾਂ ਡਰਾਈਵਰਾਂ ਦੇ ਜੁੜੇ ਇਕੱਠ ਨੂੰ ਅਪੀਲ ਕੀਤੀ ਕਿ ਉਹ ਨਵੇਂ ਵਰ੍ਹੇ ’ਤੇ ਸੰਕਲਪ ਲੈਣ ਕਿ ਉਹ ਸ਼ਰਾਬ ਜਾਂ ਹੋਰ ਨਸ਼ਾ ਕਰਕੇ ਗੱਡੀ ਨਹੀਂ ਚਲਾਉਣਗੇ ਅਤੇ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਆਪ ਅਤੇ ਆਪਣੇ ਬੱਚਿਆਂ ਤੋਂ ਵੀ ਕਰਵਾਉਣਗੇ। ਉਨ੍ਹਾਂ ਕਿਹਾ ਕਿ ਇਹ ਪਾਲਣਾ ਕਰਕੇ ਆਪਣੀ, ਪਰਿਵਾਰ ਅਤੇ ਸਮਾਜ ਦੀ ਮਦਦ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਗੱਡੀ ਚਲਾਉਣ ਵੇਲੇ ਮੋਬਾਇਲ ਫੋਨ ਦੀ ਵਰਤੋਂ ਨਾ ਕੀਤੀ ਜਾਵੇ ਕਿਉਂਕਿ ਕਈ ਵਾਰ ਇਹ ਮੋਬਾਇਲ ਸੁਣਨ ਕਾਰਨ ਜ਼ਿੰਦਗੀ ਤੋਂ ਹੱਥ ਧੋਣਾ ਪੈ ਸਕਦਾ ਹੈ। ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਸ਼੍ਰੀ ਕਰਨਬੀਰ ਸਿੰਘ ਛੀਨਾ ਨੇ ਕਿਹਾ ਕਿ ਜ਼ਿਲ੍ਹੇ ਵਿਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਅਪੀਲ ਕੀਤੀ ਕਿ 16 ਸਾਲ ਤੋਂ ਘੱਟ ਉਮਰ ਦੇ ਬੱਚੇ ਕੋਈ ਵੀ ਵਾਹਨ ਲੈ ਕੇ ਸੜਕਾਂ ’ਤੇ ਨਾ ਆਉਣ। ਉਨ੍ਹਾਂ ਕਿਹਾ ਕਿ ਗੱਡੀਆਂ ’ਤੇ ਬੈਕ ਲਾਈਟਾਂ ਅਤੇ ਰਿਫਲੈਕਟਰ ਲੱਗੇ ਹੋਣੇ ਚਾਹੀਦੇ ਹਨ ਅਤੇ ਤੂੜੀ ਦੀ ਭੂੰਗ ਜ਼ਿਆਦਾ ਨਾ ਲੱਦੀ ਜਾਵੇ ਕਿਉਂਕਿ ਇਹ ਹਾਦਸਿਆਂ ਦਾ ਕਾਰਨ ਬਣਦੀ ਹੈ। ਉਨ੍ਹਾਂ ਕਿਹਾ ਕਿ ਵਾਹਨਾਂ ’ਤੇ ਪ੍ਰੈਸ਼ਰ ਹਾਰਨ ਨਾ ਲਗਾਏ ਜਾਣ ਕਿਉਂਕਿ ਇਹ ਬਜ਼ੁਰਗਾਂ ਅਤੇ ਬੱਚਿਆਂ ਲਈ ਕਾਫ਼ੀ ਖ਼ਤਰਨਾਕ ਹੁੰਦੇ ਹਨ। ਉਨ੍ਹਾਂ ਕਿਹਾ ਕਿ ਬੱਸਾਂ ਅਤੇ ਹੋਰ ਵਾਹਨਾਂ ’ਤੇ ਲੱਗੇ ਡੈਕ ਵੀ ਬਰਦਾਸ਼ਤ ਨਹੀਂ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਜਲਦੀ ਹੀ ਡਰਾਈਵਰਾਂ ਅਤੇ ਕਾਲਜ ਵਿਦਿਆਰਥੀਆਂ ਦੇ ਲਾਈਸੈਂਸ ਬਣਾਉਣ ਲਈ ਵਿਸ਼ੇਸ਼ ਕੈਂਪ ਲਗਾਏ ਜਾਣਗੇ। ਟ੍ਰੈਫ਼ਿਕ ਇੰਚਾਰਜ ਡੀ.ਐਸ.ਪੀ ਸ਼੍ਰੀ ਬਲਵਿੰਦਰ ਸਿੰਘ ਨੇ ਕਿਹਾ ਕਿ ਸੁਰੱਖਿਅਤ ਡਰਾਇਵਰੀ ਕਰਕੇ ਹੀ ਅਸੀਂ ਸੜਕਾਂ ’ਤੇ ਸੁਰੱਖਿਅਤ ਰਹਿ ਸਕਦੇ ਹਾਂ। ਉਨ੍ਹਾਂ ਕਿਹਾ ਕਿ ਸੀਟ ਬੈਲਟ ਅਤੇ ਟ੍ਰੈਫਿਕ ਰੂਲਾਂ ਦੀ ਪਾਲਣਾ ਕਰਕੇ ਆਪ ਤੇ ਦੂਸਰਿਆਂ ਨੂੰ ਬਚਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ 55 ਮੌਤਾਂ ਕੇਵਲ ਹਾਦਸਿਆਂ ਕਾਰਨ ਹੀ ਹੋਈਆਂ ਹਨ ਅਤੇ ਕਈ ਜ਼ਖ਼ਮੀ ਵੀ ਹੋਏ ਹਨ। ਇਸ ਮੌਕੇ ਡਿਪਟੀ ਕਮਿਸ਼ਨਰ ਵਲੋਂ ਟਰੱਕਾਂ ਅਤੇ ਟਰਾਲੀਆਂ ’ਤੇ ਰਿਫਲੈਕਟਰ ਵੀ ਲਗਾਏ ਗਏ ਅਤੇ ਆਟੋ ਰਿਕਸ਼ਿਆਂ ਦੇ ਪ੍ਰਦੂਸ਼ਣ ਦੀ ਜਾਂਚ ਵੀ ਕਰਵਾਈ ਗਈ। ਉਨ੍ਹਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਅਮਿਤ ਕੁਮਾਰ, ਐਸ.ਪੀ. (ਓਪਰੇਸ਼ਨ) ਸ਼੍ਰੀ ਕੁਲਦੀਪ ਸ਼ਰਮਾ, ਡੀ.ਐਸ.ਪੀ. ਸ਼੍ਰੀ ਸੁਲੱਖਣ ਸਿੰਘ, ਟਰੱਕ ਯੂਨੀਅਨ ਦੇ ਮੈਂਬਰ ਅਤੇ ਐਮ.ਸੀ. ਮਾਨਸਾ ਸ਼੍ਰੀ ਮੁਨੀਸ਼ ਕੁਮਾਰ ਬੱਬੀ, ਸ਼੍ਰੀ ਮਲਕੀਤ ਸਿੰਘ ਭਪਲਾ, ਸਰਪੰਚ ਸ਼੍ਰੀ ਮਹਿੰਦਰ ਸਿੰਘ, ਸ਼੍ਰੀ ਪਵਿੱਤਰ ਸਿੰਘ, ਸ਼੍ਰੀ ਗੁਰਵਿੰਦਰ ਸਿੰਘ ਕਾਲਾ, ਸ਼੍ਰੀ ਲਛਮਣ ਦਾਸ ਅਤੇ ਸ਼੍ਰੀ ਬਲਦੇਵ ਸਿੰਘ ਤੋਂ ਇਲਾਵਾ ਭਾਰੀ ਗਿਣਤੀ ਵਿਚ ਟਰੱਕ, ਟਰੈਕਟਰ ਅਤੇ ਆਟੋ-ਰਿਕਸ਼ਿਆਂ ਦੇ ਡਰਾਈਵਰ ਹਾਜ਼ਰ ਸਨ।

Post a Comment