ਅੰਮ੍ਰਿਤਸਰ, ( ) ਅੰਮ੍ਰਿਤਸਰ ਵਿਕਾਸ ਮੰਚ ਦੀ ਜਨਰਲ ਹਾਊਸ ਮੀਟਿੰਗ ਵਿੱਚ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਅੰਮ੍ਰਿਤਸਰ ਨੂੰ ਪੰਜਾਬ ਦੀ ਰਾਜਧਾਨੀ ਬਣਾਇਆ ਜਾਵੇ। ਇਸ ਸਬੰਧੀ ਸ਼ਹਿਰ ਦੀਆਂ ਹੋਰ ਸਮਾਜਿਕ ਜਥੇਬੰਦੀਆਂ ਦਾ ਸਹਿਯੋਗ ਲੈ ਕੇ ਇਕ ਸਾਂਝੀ ਮੁਹਿੰਮ ਸ਼ੁਰੂ ਕਰਨ ਦਾ ਵੀ ਨਿਰਨਾ ਲਿਆ ਗਿਆ। ਪ੍ਰੈਸ ਨੂੰ ਜਨਰਲ ਬਾਡੀ ਦੀ ਮੀਟਿੰਗ ਦੀ ਕਾਰਵਾਈ ਸਬੰਧੀ ਜਾਣਕਾਰੀ ਦਿੰਦੇ ਹੋਏ ਮੰਚ ਦੇ ਪ੍ਰਧਾਨ ਅੰਮ੍ਰਿਤ ਲਾਲ ਮੰਨਣ ਨੇ ਕਿਹਾ ਕਿ ਦੇਸ਼ ਦੀ ਵੰਡ ਪਿੱਛੋਂ ਅੰਮ੍ਰਿਤਸਰ ਨੂੰ ਨਜ਼ਰਅੰਦਾਜ਼ ਕਰਕੇ ਪੰਜਾਬ ਦੀ ਰਾਜਧਾਨੀ ਬਣਾਉਣ ਲਈ ਚੰਡੀਗੜ੍ਹ ਸ਼ਹਿਰ ਉਚੇਚੇ ਤੌਰ ’ਤੇ ਵਸਾਇਆ ਗਿਆ। ਜੇਕਰ ਉਧਰਲੇ ਪੰਜਾਬ(ਪਾਕਿਸਤਾਨ) ਦੀ ਰਾਜਧਾਨੀ ਲਾਹੌਰ ਹੋ ਸਕਦੀ ਹੈ ਤਾਂ ਇਧਰੇ ਪੰਜਾਬ ਦੀ ਰਾਜਧਾਨੀ ਅੰਮ੍ਰਿਤਸਰ ਕਿਉਂ ਨਹੀਂ ਬਣ ਸਕਦੀ ? ਜੇਕਰ ਅੰਮ੍ਰਿਤਸਰ ਨੂੰ ਪੰਜਾਬ ਦੀ ਰਾਜਧਾਨੀ ਬਣਾਇਆ ਜਾਂਦਾ ਹੈ ਤਾਂ ਇਸ ਨਾਲ ਪੰਜਾਬ ਦੇ ਸਰਬਪੱਖੀ ਵਿਕਾਸ ਵਿੱਚ ਹੋਰ ਸਹਾਇਤਾ ਮਿਲੇਗੀ ਕਿਉਂਕਿ ਅੰਮ੍ਰਿਤਸਰ ਰਾਜਨੀਤਕ, ਧਾਰਮਿਕ ਅਤੇ ਇਤਿਹਾਸਕ ਮਹੱਤਤਾ ਵਾਲਾ ਸ਼ਹਿਰ ਹੈ। 1 ਨਵੰਬਰ 1965 ਨੂੰ ਪੰਜਾਬ ਦੀ ਭਾਸ਼ਾਈ ਆਧਾਰ ’ਤੇ ਹੋਈ ਵੰਡ ਪਿੱਛੋਂ ਪੰਜਾਬ ਦੀ ਕੋਈ ਵੀ ਰਾਜਧਾਨੀ ਨਹੀਂ ਰਹੀ। ਮੰਚ ਦੇ ਜਨਰਲ ਸਕੱਤਰ ਸ੍ਰ. ਹਰਦੀਪ ਸਿੰਘ ਚਾਹਲ ਨੇ ਪਿਛਲੇ ਸਮੇਂ ਦੌਰਾਨ ਕੀਤੀਆਂ ਗਤੀਵਿਧੀਆਂ ਦੀ ਰਿਪੋਰਟ ਸੁਣਾਈ, ਜਿਸ ਵਿੱਚ ਮਾਣਯੋਗ ਉਦਯੋਗ ਮੰਤਰੀ ਸ਼੍ਰੀ ਅਨਿਲ ਜੋਸ਼ੀ ਨੂੰ ਸਨਮਾਨਿਤ ਕਰਨਾ ਅਤੇ ਸ਼ਹਿਰ ਦੇ ਵਿਕਾਸ ਕੰਮਾਂ ਸਬੰਧੀ ਮੰਗ ਪੱਤਰ ਦੇਣਾ, ਅੰਮ੍ਰਿਤਸਰ ਦੇ ਸੀਨੀਅਰ ਡਿਪਟੀ ਮੇਅਰ ਸ੍ਰ. ਅਵਤਾਰ ਸਿੰਘ ਟਰੱਕਾਂ ਵਾਲੇ ਨੂੰ ਸਨਮਾਨਿਤ ਕਰਨਾ ਅਤੇ ਸ਼ਹਿਰ ਦੀਆਂ ਸਮੱਸਿਆਵਾਂ ਬਾਰੇ ਲਿਖਤੀ ਮੰਗ ਪੱਤਰ ਦਿੱਤਾ ਗਿਆ। ਇਸ ਤੋਂ ਇਲਾਵਾ ਏਅਰਪੋਰਟ ਦੇ ਡਾਇਰੈਕਟਰ, ਕਮਿਸ਼ਨਰ ਨਗਰ ਨਿਗਮ ਅਤੇ ਹੋਰ ਉੱਚ ਅਧਿਕਾਰੀਆਂ ਨਾਲ ਮੀਟਿੰਗਾਂ ਬਾਰੇ ਜਿਕਰ ਕੀਤਾ ਗਿਆ। ਮੰਚ ਦੇ ਮੀਤ ਪ੍ਰਧਾਨ ਸ੍ਰ. ਦਲਜੀਤ ਸਿੰਘ ਕੋਹਲੀ ਨੇ ਪੌਦਿਆਂ ਦੀ ਸਾਂਭ ਸੰਭਾਲ ਅਤੇ ਪਾਣੀ ਬਚਾਉਣ ਲਈ ਜਾਗਰੂਕਤਾ ਪ੍ਰੋਗਰਾਮਾਂ ਲਈ ਮਿਲੇ ਸਨਮਾਨਾਂ ਦਾ ਜਿਕਰ ਵੀ ਕੀਤਾ ਗਿਆ। ਮੰਚ ਦੇ ਸਰਪ੍ਰਸਤ ਚਰਨਜੀਤ ਸਿੰਘ ਗੁਮਟਾਲਾ ਅਤੇ ਸ਼੍ਰੀ ਮੰਨਣ ਵੱਲੋਂ ਦੂਰਦਰਸ਼ਨ ਜਲੰਧਰ ਦੇ ਸਮਾਜਿਕ ਜਾਗਰੂਕਤਾ ਸਬੰਧੀ ਵਿਸ਼ਿਆਂ ਉੱਤੇ ਗੱਲਬਾਤ ਕੀਤੀ ਜਾਂਦੀ ਰਹੀ ਹੈ। ਇਸ ਮੌਕੇ ਡਾਕਟਰ ਸ਼ਿਆਮ ਸੁੰਦਰ ਦੀਪਤੀ, ਸ੍ਰ. ਅਜਾਇਬ ਸਿੰਘ, ਡਾ. ਚਰਨਜੀਤ ਸਿੰਘ ਗੁਮਟਾਲਾ, ਡਾ. ਇੰਦਰਜੀਤ ਸਿੰਘ ਗੋਗੋਆਣੀ ਨੇ ਵੀ ਸ਼ਹਿਰ ਦੇ ਵਿਕਾਸ ਕੰਮਾਂ ਸਬੰਧੀ ਆਪਣੇ ਵਿਚਾਰ ਜਾਹਰ ਕੀਤੇ। ਮੰਚ ਦੇ ਸਰਪ੍ਰਸਤ ਮਨਮੋਹਨ ਸਿੰਘ ਬਰਾੜ ਨੇ ਠਵਿਜ਼ਨ 2013ੂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਜਿਸ ਵਿੱਚ ਉਹਨਾਂ ਨੇ ਸ਼ਹਿਰ ਨੂੰ ਆਈ.ਟੀ. ਹੱਬ ਬਣਾਉਣਾ, ਮੈਡੀ ਸਿਟੀ, ਨਾਲਿਜ਼ ਸਿਟੀ, ਸਿਟੀ ਬੱਸ ਸਰਵਿਸ, ਰੇਹੜੀ ਸਟੈਂਡ, ਸੋਲਿਡ ਵੇਸਟ ਮੈਨੇਜਮੈਂਟ ਪਲਾਂਟ, ਸ਼ਹਿਰ ਦੀਆਂ ਸੜਕਾਂ ਨੂੰ ਮਿਆਰੀ ਰੂਪ ਵਿੱਚ ਬਣਾਉਣਾ ਅਤੇ ਸੀਵਰੇਜ਼ ਸਿਸਟਮ ਵਿੱਚ ਸੁਧਾਰ ਕਰਨਾ, ਸ਼ਹਿਰ ਦੀਆਂ ਪਿਛੜੇ ਇਲਾਕਿਆਂ ਵਿੱਚ ਪੀਣ ਵਾਲੇ ਪਾਣੀ ਦੀ ਸਹੂਲਤ ਅਤੇ ਸੀਵਰੇਜ਼ ਦੀ ਵਿਵੱਸਥਾ ਕਰਨਾ ਆਦਿ ਅਨੇਕਾ ਸਮੱਸਿਆਵਾਂ ਦਾ ਜਿਕਰ ਕੀਤਾ ਗਿਆ, ਜਿਨ੍ਹਾਂ ਦੇ ਸੁਧਾਰ ਲਈ ਵਿਕਾਸ ਮੰਚ ਇਸ ਸਾਲ ਯਤਨਸ਼ੀਲ ਰਹੇਗਾ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਕਸ਼ਮੀਰਾ ਸਿੰਘ, ਜੁਗਲ ਕਿਸ਼ੋਰ ਮੰਨਣ, ਪ੍ਰੋ: ਰਕੇਸ਼ ਕੁਮਾਰ, ਬਲਬੀਰ ਸਿੰਘ ਰੰਧਾਵਾ, ਲਖਬੀਰ ਸਿੰਘ ਘੁੰਮਣ, ਗੁਰਦੀਪ ਸਿੰਘ, ਪ੍ਰਿੰਸੀਪਲ ਗਿਆਨ ਸਿੰਘ ਘਈ, ਸੇਵਕ ਸਿੰਘ ਹਾਜ਼ਰ ਸਨ।
.jpg)

Post a Comment