ਨਾਭਾ, 19 ਜਨਵਰੀ (ਜਸਬੀਰ ਸਿੰਘ ਸੇਠੀ)-ਸਥਾਨਕ ਆਰੀਆ ਸੀਨੀਅਰ ਸੈਕੰਡਰੀ ਸਕੂਲ, ਨਾਭਾ ਅਤੇ ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ, ਨਾਭਾ ਵਲੋਂ ਡੀ.ਏ.ਵੀ. ਮੇਨੈਜਿੰਗ ਕਮੇਟੀ ਚਿੱਤਰਾ ਗੁਪਤ ਰੋਡ, ਨਵੀਂ ਦਿੱਲੀ ਦੇ ਦਿਸ਼ਾ ਨਿਰਦੇਸ਼ ‘ਪ੍ਰੋਜੈਕਟ ਬੂੰਦ’ ਅੰਤਰਰਾਸਟਰੀ ਪ੍ਰੋਗਰਾਮ ਅਨੁਸਾਰ ਅੱਜ ‘ਜਲ ਬਚਾਓ’ ਚੇਤਨਾ ਰੈਲੀ ਕੱਢੀ ਗਈ, ਜਿਸ ਨੂੰ ਨਾਭਾ ਤਹਿਸੀਲ ਦੇ ਐਸ.ਡੀ.ਐਮ. ਪੂਨਮਦੀਪ ਕੌਰ ਨੇ ਹਰੀ ਝੰਡੀ ਦੇ ਕੇ ਸ਼ੁਰੂ ਕੀਤੀ। ਇਸ ਮੌਕੇ ਲੋਕਲ ਮੈਨੇਜਿੰਗ ਕਮੇਟੀ ਦੇ ਸਾਰੇ ਮੈਂਬਰਾਂ ਸਮੇਤ, ਮੈਨੇਜਰ ਅਸੋਕ ਬਾਂਸਲ, ਵੀ.ਪੀ.ਡੱਲਾ, ਸੁਨੀਲ ਕੁਮਾਰ, ਮਦਨ ਗੋਪਾਲ, ਪ੍ਰਿੰਸੀਪਲ ਆਰੀਆ ਸੀਨੀਅਰ ਸੈਕੰਡਰੀ ਸਕੂਲ ਜਗਮੋਹਨ ਬਾਂਸਲ, ਪ੍ਰਿੰਸੀਪਲ ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ ਸ੍ਰੀਮਤੀ ਰੋਮਾ ਨਾਰੰਗ ਅਤੇ ਤਿੰਨੋ ਹੀ ਸਕੂਲਾਂ ਦੇ ਸਟਾਫ ਮੈਂਬਰਾਂ ਸਮੇਤ ਲੱਗਭੱਗ 1600 ਵਿਦਿਆਰਥੀਆਂ ਨੇ ਭਾਗ ਲਿਆ। ਇਹ ਚੇਤਨਾ ਰੈਲੀ ਦੁਲੱਦੀ ਗੇਟ ਸਕੂਲ ਤੋਂ ਸ਼ੁਰੂ ਕਰਕੇ ਨਵੀਂ ਅਨਾਜ ਮੰਡੀ ਰੋਡ ਤੋਂ ਹੁੰਦੀ ਹੋਈ ਬੌੜਾਂ ਗੇਟ ਰਾਹੀ ਸਦਰ ਬਾਜਾਰ ਵਿਚੋਂ ਲੰਘ ਕੇ ਪਟਿਆਲਾ ਗੇਟ ਸਕੂਲ ਤੱਕ ਕੱਢੀ ਗਈ, ਜਿਸ ਵਿੱਚ ਵਿਦਿਆਰਥੀਆਂ ਨੇ ਪਾਣੀ ਬਚਾਉਣ ਸਬੰਧੀ ਵੱਖ-ਵੱਖ ਬੈਨਰਾਂ ਸਮੇਤ ਹੱਥਾਂ ਵਿੱਚ ਪਾਣੀ ਬਚਾਉਣ ਦੇ ਸਲੋਗਨ ਲਿਖ ਕੇ ਰੈਲੀ ਕੱਢੀ। ਵਿਦਿਆਰਥੀਆਂ ਨੇ ਸਲੋਗਨਾਂ ਦਾ ਉਚਾਰਨ ਕਰਦੇ ਹੋਏ ਬੜੇ ਉਤਸਾਹ ਨਾਲ ਜਨਤਾ ਨੂੰ ਜਾਗਰੂਕ ਕਰ ਰਹੇ ਸਨ। ਰੈਲੀ ਵਿੱਚ ਇਹ ਦੇਖਿਆ ਗਿਆ ਕਿ ਸਾਰੇ ਅਧਿਆਪਕ ਵਿਦਿਆਰਥੀਆਂ ਨੂੰ ਪੂਰੇ ਅਨੁਸਾਸਨ ਵਿੱਚ ਲੈ ਕੇ ਆ ਰਹੇ ਸਨ, ਜਿਸ ਨਾਲ ਆਮ ਜਨਤਾ ਪ੍ਰਭਾਵਿਤ ਹੋਈ ਅਤੇ ਉਨ੍ਹਾਂ ਦੇ ਅਨੁਸਾਸਨ ਦੀ ਲੋਕਾ ਨੇ ਸ਼ਲਾਘਾ ਕੀਤੀ। ਅੰਤ ਵਿੱਚ ਸਾਰੇ ਵਿਦਿਆਰਥੀਆਂ ਦਾ ਅਸ਼ਵਨੀ ਸ਼ਰਮਾਂ ਵਲੋਂ ਧੰਨਵਾਦ ਕੀਤਾ ਗਿਆ ਅਤੇ ਇਹ ਵੀ ਕਿਹਾ ਕਿ ਉਹ ਇਸ ਸਲੋਗਨਾਂ ਨੂੰ ਆਪਣੇ ਜੀਵਨ ਵਿੱਚ ਅਪਨਾਉਣਗੇ।
Post a Comment