-ਲੋਕ ਸਭਾ ਮੈਂਬਰ ਨੇ ਸੰਗਤ ਦਰਸ਼ਨ ਦੌਰਾਨ ਪਿੰਡਾਂ ਦੇ ਵਿਕਾਸ ਲਈ ਸੌਂਪੇ ਤਕਰੀਬਨ 50 ਲੱਖ ਰੁਪਏ ਦੇ ਚੈਕ
-ਸਕੂਲਾਂ-ਕਾਲਜਾਂ ’ਚ ਲੜਕੀਆਂ ਦੀ ਆਤਮ-ਰੱਖਿਆ ਲਈ ਪੁੱਟੇ ਜਾਣਗੇ ਉਚੇਚੇ ਕਦਮ
ਝੁਨੀਰ 02 ਜਨਵਰੀ (ਸੰਜੀਵ ਸਿੰਗਲਾ ) : ਲੋਕ ਸਭਾ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਔਰਤਾਂ ’ਤੇ ਹੋ ਰਹੇ ਜ਼ੁਲਮ ਨੂੰ ਠੱਲ੍ਹ ਪਾਉਣ ਲਈ ਸਰਕਾਰ ਅਤੇ ਪੁਲਿਸ ਤੋਂ ਇਲਾਵਾ ਸਮਾਜ ਨੂੰ ਵੀ ਅੱਗੇ ਆਕੇ ਮੋਹਰੀ ਰੋਲ ਅਦਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਔਰਤਾਂ ਤਾਂ ਹੀ ਸੁਰੱਖਿਅਤ ਰਹਿ ਸਕਦੀਆਂ ਹਨ ਜੇ ਹਰ ਵਿਅਕਤੀ ਔਰਤ ਦਾ ਸਤਿਕਾਰ ਕਰੇ ਅਤੇ ਇਹ ਸਤਿਕਾਰ ਘਰ ਤੋਂ ਹੀ ਸ਼ੁਰੂ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਔਰਤ ਪ੍ਰਤੀ ਆਪਣੀ ਸੋਚ ਬਦਲਣ ਦੀ ਲੋੜ ਹੈ ਅਤੇ ਲੜਕੀਆਂ ’ਤੇ ਅਤਿਆਚਾਰ ਕਮਜ਼ੋਰ ਮਾਨਸਿਕਤਾ ਦੀ ਨਿਸ਼ਾਨੀ ਹੈ। ਲੋਕ ਸਭਾ ਮੈਂਬਰ ਨੇ ਪੰਜਾਬ ਵਾਸੀਆਂ ਨੂੰ ਸੱਦਾ ਦਿੱਤਾ ਕਿ ਉਹ ਕੁੱਖ ਦੇ ਬਚਾਓ ਲਈ ਨੰਨ੍ਹੀ ਛਾਂ ਮੁਹਿੰਮ ਨੂੰ ਇਕ ਲੋਕ ਲਹਿਰ ਬਣਾ ਕੇ ਇਸ ਨਾਲ ਜੁੜਨ ਤਾਂ ਜੋ ਧੀਆਂ ਦੀ ਗਿਣਤੀ ਵੱਧ ਸਕੇ। ਉਨ੍ਹਾਂ ਕਿਹਾ ਕਿ ਕਿਸੇ ਵੀ ਸਮਾਜਿਕ ਸੁਧਾਰ ਲਈ ਕੋਈ ਇਕ ਇਨਸਾਨ ਜਾਂ ਸਰਕਾਰ ਦਾ ਯੋਗਦਾਨ ਨਹੀਂ ਹੁੰਦਾ ਬਲਕਿ ਹਰ ਵਿਅਕਤੀ ਦੀ ਇਸ ਵਿਚ ਸ਼ਮੂਲੀਅਤ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਔਰਤਾਂ ਦੀ ਸੁਰੱਖਿਆ ਲਈ ਜੋ ਕਦਮ ਪੁੱਟਿਆ ਹੈ, ਇਸ ਨਾਲ ਔਰਤਾਂ ਦੀ ਸ਼ਿਕਾਇਤ ਥਾਣੇ ਦੀ ਬਜਾਏ ਉਸਦੇ ਘਰ ਜਾ ਕੇ ਹੀ ਪੁਲਿਸ ਮੁਲਾਜ਼ਮਾਂ ਵਲੋਂ ਸੁਣੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਔਰਤਾਂ ਨੂੰ ਹੁਣ ਥਾਣੇ ਨਹੀਂ ਜਾਣਾ ਪਵੇਗਾ। ਉਨ੍ਹਾਂ ਕਿਹਾ ਕਿ ਸਕੂਲਾਂ-ਕਾਲਜਾਂ ਵਿਚ ਲੜਕੀਆਂ ਨੂੰ ਆਤਮ ਰੱਖਿਆ ਵਿਚ ਨਿਪੁੰਨ ਬਣਾਉਣ ਲਈ ਵੀ ਉਚੇਚੇ ਕਦਮ ਪੁੱਟੇ ਜਾਣਗੇ ਤਾਂ ਕਿ ਉਹ ਆਪਣੀ ਰੱਖਿਆ ਖ਼ੁਦ ਕਰ ਸਕਣ। ਲੋਕ ਸਭਾ ਮੈਂਬਰ ਅੱਜ ਨਵੇਂ ਸਾਲ ਦੇ ਦੂਜੇ ਦਿਨ ਹੀ ਕੜਾਕੇ ਦੀ ਠੰਡ ਵਿਚ ਸਰਦੂਲਗੜ੍ਹ ਵਾਸੀਆਂ ਦੀ ਦੁੱਖ-ਤਕਲੀਫ਼ਾਂ ਸੁਣਨ ਲਈ ਉਨ੍ਹਾਂ ਦੇ ਬਰੂਹਾਂ ’ਤੇ ਪੁੱਜੇ ਹੋਏ ਸਨ।
ਬਠਿੰਡਾ ਤੋਂ ਲੋਕ ਸਭਾ ਮੈਂਬਰ ਨੇ ਸਰਦੂਲਗੜ੍ਹ ਤਹਿਸੀਲ ਦੇ ਪਿੰਡਾਂ ਸਰਦੂਲੇਵਾਲਾ, ਟਿੱਬੀ ਹਰੀ ਸਿੰਘ , ਮੀਰਪੁਰ ਖੁਰਦ, ਮੀਰਪੁਰ ਕਲਾਂ, ਰਣਜੀਤਗੜ੍ਹ ਬਾਂਦਰਾ ਅਤੇ ਭਗਵਾਨਪੁਰ ਹੀਗਣਾਂ ਵਿਖੇ ਸੰਗਤ ਦਰਸ਼ਨ ਦੌਰਾਨ ਜਿੱਥੇ ਪਿੰਡਾਂ ਦੇ ਵਿਕਾਸ ਲਈ ਤਕਰੀਬਨ 50 ਲੱਖ ਰੁਪਏ ਦੇ ਪੰਚਾਇਤਾਂ ਨੂੰ ਚੈਕ ਸੌਂਪੇ, ਉਥੇ ਬੂਟਿਆਂ ਦਾ ਪ੍ਰਸ਼ਾਦ ਵੀ ਵੰਡਿਆ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਦੀ ਹਰ ਸਮੱਸਿਆ ਦਾ ਹੱਲ ਕੀਤਾ ਜਾਵੇਗਾ ਅਤੇ ਮਾਨਸਾ ਨੂੰ ਵਿਕਾਸ ਦੀਆਂ ਲੀਹਾਂ ’ਤੇ ਪਹੁੰਚਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਦੀ ਜਾਇਜ਼ ਪੈਨਸ਼ਨ ਨਹੀਂ ਕੱਟਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਦੀ ਜਾਇਜ਼ ਪੈਨਸ਼ਨ ਕੱਟੀ ਵੀ ਗਈ ਹੈ ਤਾਂ ਉਹ ਆਪਣੀ ਅਰਜ਼ੀ ਦੇ ਸਕਦਾ ਹੈ, ਉਸਦੀ ਪੈਨਸ਼ਨ ਲਗਾ ਦਿੱਤੀ ਜਾਵੇਗੀ। ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਸ਼੍ਰੀ ਦਿਲਰਾਜ ਸਿੰਘ ਭੂੰਦੜ, ਐਸ.ਐਸ.ਪੀ. ਡਾ. ਨਰਿੰਦਰ ਭਾਰਗਵ, ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਅਮਿਤ ਕੁਮਾਰ, ਐਸ.ਡੀ.ਐਮ. ਸਰਦੂਲਗੜ੍ਹ ਸ਼੍ਰੀ ਰਾਜਦੀਪ ਸਿੰਘ ਬਰਾੜ, ਡੀ.ਡੀ.ਪੀ.ਓ. ਸ਼੍ਰੀ ਹਰਿੰਦਰ ਸਿੰਘ ਸਰਾਂ, ਡੀ.ਐਫ.ਓ. ਸ਼੍ਰੀ ਅਜੀਤ ਕੁਲਕਰਨੀ, ਪਿੰਡਾਂ ਦੀਆਂ ਪੰਚਾਇਤਾਂ ਅਤੇ ਹੋਰ ਅਗਾਂਹਵਧੂ ਲੋਕ ਹਾਜ਼ਰ ਸਨ।
ਬੀਬੀ ਹਰਸਿਮਰਤ ਕੌਰ ਬਾਦਲ ਨੇ ਪਿੰਡਾਂ ਵਿੱਚ ਜੁੜੇ ਇਕੱਠਾਂ ਨੂੰ ਨਵੇਂ ਸਾਲ ਦੀ ਵਧਾਈ ਦਿੰਦਿਆਂ ਕਿਹਾ ਕਿ ਉਹ ਸਤਿਕਾਰ ਵਜੋਂ ਧੀਆਂ ਦੀ ਲੋਹੜੀ ਵੀ ਜੋਸ਼ੋ-ਖਰੋਸ਼ ਨਾਲ ਮਨਾਉਣ। ਉਨ੍ਹਾਂ ਕਿਹਾ ਕਿ ਧੀਆਂ ਨੂੰ ਬੋਝ ਨਾ ਸਮਝਿਆ ਜਾਵੇ ਅਤੇ ਉਨ੍ਹਾਂ ਨੂੰ ਵੱਧ ਤੋਂ ਵੱਧ ਪੜ੍ਹਾਇਆ ਜਾਵੇ ਕਿਉਂਕਿ ਲੜਕੀਆਂ ਹਰ ਖੇਤਰ ਵਿੱਚ ਮੋਹਰੀ ਰੋਲ ਅਦਾ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਭਰੂਣ ਹੱਤਿਆ ਕਾਰਨ ਲੜਕੀਆਂ ਦੀ ਗਿਣਤੀ ਘਟਦੀ ਜਾ ਰਹੀ ਹੈ ਅਤੇ ਇਨ੍ਹਾਂ ’ਤੇ ਜ਼ੁਲਮ ਵੱਧਦੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਾਸੀ ਇਕਜੁੱਟ ਹੋ ਕੇ ਨੰਨ੍ਹੀ ਛਾਂ ਮੁਹਿੰਮ ਨਾਲ ਜੁੜਨ ਤਾਂ ਕਿ ਭਰੂਣ ਹੱਤਿਆ ਅਤੇ ਦਾਜ ਵਰਗੀਆਂ ਲਾਹਨਤਾਂ ਨੂੰ ਖ਼ਤਮ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਹਰ ਪਰਿਵਾਰ ਨਵੇਂ ਸਾਲ ’ਤੇ ਸੰਕਲਪ ਲਵੇ ਕਿ ਉਹ ਮੁੰਡਿਆਂ ਦੇ ਵਿਆਹ ’ਤੇ ਦਾਜ ਨਹੀਂ ਲੈਣਗੇ। ਉਨ੍ਹਾਂ ਕਿਹਾ ਕਿ ਜੇਕਰ ਦਾਜ ਨਹੀਂ ਲਿਆ ਜਾਵੇਗਾ ਤਾਂ ਔਰਤਾਂ ’ਤੇ ਅੱਤਿਆਚਾਰ ਨਹੀਂ ਹੋਣਗੇ ਅਤੇ ਧੀਆਂ ਨੂੰ ਵੀ ਕੁੱਖ ਵਿਚ ਨਹੀਂ ਮਾਰਿਆ ਜਾਵੇਗਾ। ਉਨ੍ਹਾਂ ਆਸ ਪ੍ਰਗਟਾਈ ਕਿ ਪੰਜਾਬ ਦੇ ਲੋਕ ਹੀ ਪਹਿਲਾਂ ਇਸ ਪਾਸੇ ਸੁਧਾਰ ਲਿਆਉਣਗੇ ਅਤੇ ਦੇਸ਼ ਲਈ ਮਿਸਾਲ ਕਾਇਮ ਕਰਨਗੇ।
Post a Comment