ਜ਼ਿਲ੍ਹਾ ਜੇਲ੍ਹ ਮਾਨਸਾ ਅਤੇ ਜ਼ਿਲ੍ਹਾ ਅਦਾਲਤ ਆਪਸ ਵਿਚ ਹੋਏ ਆਨ-ਲਾਈਨ
-ਜ਼ਿਲ੍ਹਾ ਤੇ ਸੈਸ਼ਨ ਜੱਜ ਨੇ ਜੇਲ੍ਹ ’ਚ ਕੀਤਾ ਵੀਡੀਓ ਕਾਨਫਰਸਿੰਗ ਦਾ ਉਦਘਾਟਨ
ਮਾਨਸਾ, 04 ਜਨਵਰੀ ( ) : ਜ਼ਿਲ੍ਹਾ ਜੇਲ੍ਹ ਅਤੇ ਜ਼ਿਲ੍ਹਾ ਕੋਰਟ ਮਾਨਸਾ ਆਪਸ ਵਿਚ ਆਨ-ਲਾਈਨ ਜੁੜ ਗਏ ਹਨ, ਜਿਸ ਨਾਲ ਹੁਣ ਕੈਦੀਆਂ ਨੂੰ ਵਾਰ-ਵਾਰ ਪੇਸ਼ੀ ’ਤੇ ਲਿਜਾਣ ਦੀ ਲੋੜ ਨਹੀਂ ਪਵੇਗੀ ਅਤੇ ਕਿਸੇ ਕੈਦੀ ਦੇ ਫਰਾਰ ਹੋਣ ਵਾਲੀਆਂ ਘਟਨਾਵਾਂ ਨੂੰ ਵੀ ਠੱਲ੍ਹ ਪਵੇਗੀ। ਪੰਜਾਬ ਸਰਕਾਰ ਦੀ ਇਸ ਪਹਿਲ ਨਾਲ ਕੈਦੀਆਂ ਨੂੰ ਪੇਸ਼ੀ ਦੌਰਾਨ ਹੁੰਦੀ ਖੱਜਲ-ਖੁਆਰੀ ਤੋਂ ਨਿਜ਼ਾਤ ਮਿਲੇਗੀ ਅਤੇ ਅਦਾਲਤਾਂ ਦਾ ਕੀਮਤੀ ਸਮਾਂ ਵੀ ਬਚੇਗਾ। ਅੱਜ ਜ਼ਿਲ੍ਹਾ ਜੇਲ੍ਹ ਵਿਚ ਇਸ ਸਹੂਲਤ ਲਈ ਵੀਡੀਓ ਕਾਨਫਰਸਿੰਗ ਸਿਸਟਮ ਸ਼ੁਰੂ ਹੋ ਗਿਆ ਹੈ, ਜਿਸ ਦਾ ਜ਼ਿਲ੍ਹਾ ਤੇ ਸੈਸ਼ਨ ਜੱਜ ਸ਼੍ਰੀ ਗੁਰਬੀਰ ਸਿੰਘ ਨੇ ਦੋ ਕੈਦੀਆਂ ਦੀ ਵੀ.ਸੀ ਰਾਹੀਂ ਪੇਸ਼ੀ ਕਰਵਾ ਕੇ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਸੀ.ਜੇ.ਐਮ ਸ਼੍ਰੀ ਬਲਵਿੰਦਰ ਕੁਮਾਰ, ਜੇਲ੍ਹ ਸੁਪਰਡੈਂਟ ਸ਼੍ਰੀ ਸੁਖਵਿੰਦਰ ਸਿੰਘ, ਜ਼ਿਲ੍ਹਾ ਟੀਬੀ ਅਫ਼ਸਰ ਡਾ. ਰਣਜੀਤ ਸਿੰਘ ਰਾਏ ਅਤੇ ਸਹਾਇਕ ਜੇਲ੍ਹ ਸੁਪਰਡੈਂਟ ਸ਼੍ਰੀ ਮਲਕੀਤ ਸਿੰਘ ਤੋਂ ਇਲਾਵਾ ਹੋਰ ਵੀ ਅਧਿਕਾਰੀ ਅਤੇ ਮੁਲਾਜ਼ਮ ਹਾਜ਼ਰ ਸਨ। ਉਧਰ ਜ਼ਿਲ੍ਹਾ ਅਦਾਲਤ ਵਿਚ ਦੋ ਵਿਅਕਤੀਆਂ ਲੱਕੀ ਕੁਮਾਰ ਅਤੇ ਸਤਪਾਲ ਦੀ ਪੇਸ਼ੀ ਆਨ-ਲਾਈਨ ਹੀ ਐਡੀਸ਼ਨਲ ਚੀਫ਼ ਮੈਜਿਸਟ੍ਰੇਟ ਸ਼੍ਰੀ ਅਸ਼ੋਕ ਕਪੂਰ ਕੋਲ ਹੋਈ ਅਤੇ ਉਨ੍ਹਾਂ ਨੇ ਜ਼ਿਲ੍ਹਾ ਤੇ ਸੈਸ਼ਨ ਜੱਜ ਦੀ ਹਾਜ਼ਰੀ ਵਿਚ ਸੁਣਵਾਈ ਦੌਰਾਨ ਅਗਲੀਆਂ ਤਾਰੀਕਾਂ ਦਿੱਤੀਆਂ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੀ ਗੁਰਬੀਰ ਸਿੰਘ ਨੇ ਕਿਹਾ ਕਿ ਇਸ ਸਿਸਟਮ ਨਾਲ ਜਿੱਥੇ ਸਰਕਾਰ ਦਾ ਪੈਸਾ ਬਚੇਗਾ, ਉਥੇ ਅਦਾਲਤ ਦਾ ਸਮਾਂ ਵੀ ਬਚੇਗਾ ਅਤੇ ਕੈਦੀਆਂ ਨੂੰ ਪੇਸ਼ੀ ਭੁਗਤਣ ਸਮੇਂ ਹੁੰਦੀ ਪ੍ਰੇਸ਼ਾਨੀ ਘਟੇਗੀ। ਉਨ੍ਹਾਂ ਕਿਹਾ ਕਿ ਇਸ ਸਿਸਟਮ ਨਾਲ ਪੇਸ਼ੀ ਸਮੇਂ ਕੈਦੀਆਂ ਨੂੰ ਕਿਸੇ ਵੀ ਤਰ੍ਹਾਂ ਦਾ ਖ਼ਤਰਾ ਨਹੀਂ ਰਹੇਗਾ, ਕਿਉਂਕਿ ਕਈ ਵਾਰ ਉਨ੍ਹਾਂ ਨੂੰ ਆਪਣੇ ਵਿਰੋਧੀਆਂ ਤੋਂ ਖ਼ਤਰਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਕੈਦੀਆਂ ਨੂੰ ਬੱਸਾਂ ਵਿਚ ਧੱਕੇ ਵੀ ਖਾਣੇ ਨਹੀਂ ਪੈਣਗੇ ਅਤੇ ਉਨ੍ਹਾਂ ਦੇ ਮਨੁੱਖੀ ਅਧਿਕਾਰਾਂ ਦਾ ਵੀ ਉਲੰਘਣ ਨਹੀਂ ਹੋਵੇਗਾ ਕਿਉਂਕਿ ਕੈਦੀਆਂ ਨੂੰ ਕਿਸੇ ਵੇਲੇ ਸ਼ਿਕਾਇਤ ਹੁੰਦੀ ਹੈ ਕਿ ਵਾਰ-ਵਾਰ ਪੇਸ਼ੀ ਦੌਰਾਨ ਹੱਥਕੜੀ ਲਾਉਣ ਨਾਲ ਉਨ੍ਹਾਂ ਦਾ ਸਮਾਜ ਵਿਚ ਅਕਸ ਖ਼ਰਾਬ ਹੁੰਦਾ ਹੈ।ਜ਼ਿਲ੍ਹਾ ਤੇ ਸੈਸ਼ਨ ਜੱਜ ਨੇ ਕਿਹਾ ਕਿ ਮਾਨਸਾ ਜ਼ਿਲ੍ਹਾ ਜੇਲ੍ਹ ਵਿਚ ਸ਼ੁਰੂ ਕੀਤੀ ਵੀਡੀਓ ਕਾਨਫਰਸਿੰਗ ਨਾਲ ਸਭ ਤੋਂ ਪਹਿਲਾਂ ਰਿਮਾਂਡ ਵਾਲੇ ਕੇਸ ਹੀ ਵੀ.ਸੀ. ਰਾਹੀਂ ਪੇਸ਼ ਕੀਤੇ ਜਾਣਗੇ ਤਾਂ ਜੋ 60 ਫ਼ੀਸਦੀ ਕੇਸਾਂ ਨੂੰ ਅਦਾਲਤਾਂ ਵਿਚ ਹੀ ਨਾ ਜਾਣਾ ਪਵੇ। ਉਨ੍ਹਾਂ ਕਿਹਾ ਕਿ ਮੈਜਿਸਟ੍ਰੇਟ ਵਲੋਂ ਅਦਾਲਤ ਵਿਚ ਬੈਠਕੇ ਹੀ ਗੱਲਬਾਤ ਕਰਕੇ ਰਿਮਾਂਡ ਸਬੰਧੀ ਫੈਸਲਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਲਦੀ ਹੀ ਬੁਢਲਾਡਾ ਅਤੇ ਸਰਦੂਲਗੜ੍ਹ ਸਬ-ਡਵੀਜ਼ਨਾਂ ਦੀਆਂ ਅਦਾਲਤਾਂ ਨੂੰ ਵੀ.ਸੀ. ਰਾਹੀਂ ਜ਼ਿਲ੍ਹਾ ਜੇਲ੍ਹ ਨਾਲ ਜੋੜ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਸਾਰੀਆਂ ਅਦਾਲਤਾਂ ਨੂੰ ਆਪਸ ਵਿਚ ਜੋੜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਪ੍ਰਣਾਲੀ ਮੈਡੀਕਲ ਲਈ ਵੀ ਸਹਾਈ ਸਿੱਧ ਹੋਵੇਗੀ ਕਿਉਂਕਿ ਇਸ ਨਾਲ ਡਾਕਟਰਾਂ ਦਾ ਕਾਫ਼ੀ ਸਮਾਂ ਘਟੇਗਾ। ਸ਼੍ਰੀ ਗੁਰਬੀਰ ਸਿੰਘ ਨੇ ਕਿਹਾ ਕਿ ਜਲਦੀ ਹੀ ਵੀ.ਸੀ. ਰਾਹੀਂ ਗਵਾਹੀਆਂ ਵਾਲੇ ਕੇਸਾਂ ਨੂੰ ਵੀ ਪੇਸ਼ ਕੀਤਾ ਜਾਵੇਗਾ, ਜਿਸ ਨਾਲ ਵਿਦੇਸ਼ ਬੈਠਾ ਗਵਾਹ ਵੀ ਆਪਣੀ ਗਵਾਹੀ ਦੇ ਸਕੇਗਾ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਕੈਦੀ ਨੂੰ ਕੋਈ ਸਮੱਸਿਆ ਹੈ ਤਾਂ ਵੀ ਉਹ ਜੇਲ੍ਹ ਸੁਪਰਡੈਂਟ ਤੋਂ ਮਨਜ਼ੂਰੀ ਲੈ ਕੇ ਵੀ.ਸੀ. ਰਾਹੀਂ ਅਦਾਲਤ ਵਿਚ ਗੱਲ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਉਹ ਕੋਈ ਗੱਲ ਗੁਪਤ ਤੌਰ ’ਤੇ ਬਿਨ੍ਹਾਂ ਕਿਸੇ ਦੀ ਹਾਜ਼ਰੀ ਵਿਚ ਕਰਨਾ ਚਾਹੁੰਦਾ ਹੈ ਤਾਂ ਉਹ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਮਾਨਸਾ ਜੇਲ੍ਹ ਦੇ ਕੈਦੀਆਂ ਅਤੇ ਹਵਾਲਾਤੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਉਨ੍ਹਾਂ ਨੂੰ ਹਰ ਸੁਵਿਧਾ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਕੈਦੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਜੇਲ੍ਹ ਨੂੰ ਸੁਧਾਰ ਘਰ ਸਮਝਣ ਅਤੇ ਇਥੋਂ ਆਪਣੀ ਜ਼ਿੰਦਗੀ ਸੁਧਾਰ ਕੇ ਚੰਗੇ ਨਾਗਰਿਕ ਬਣਕੇ ਹੀ ਬਾਹਰ ਜਾਣ ਤਾਂ ਜੋ ਸਮਾਜ ਵਿਚ ਉਨ੍ਹਾਂ ਦਾ ਰੁਤਬਾ ਬਰਕਰਾਰ ਰਹਿ ਸਕੇ।

Post a Comment