ਮਾਨਸਾ, 28 ਜਨਵਰੀ ( ) : ਉਸਾਰੀ ਦੇ ਕੰਮਾਂ ਨਾਲ ਸਬੰਧਤ ਮਜ਼ਦੂਰਾਂ ਨੂੰ ਸਰਕਾਰੀ ਸਕੀਮਾਂ ਬਾਰੇ ਜਾਗਰੂਕ ਕਰਨ ਲਈ ਅੱਜ ਪਿੰਡ ਫਰਵਾਹੀ ਵਿਖੇ ਕਾਨੂੰਨੀ ਜਾਗਰੂਕਤਾ ਕੈਂਪ ਲਗਾਇਆ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਇਲਾਕੇ ਦੀ ਜਨਤਾ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਜ਼ਿਲ੍ਹਾ ਤੇ ਸੈਸ਼ਨ ਜੱਜ ਸ਼੍ਰੀ ਗੁਰਬੀਰ ਸਿੰਘ ਦੀ ਦੇਖ-ਰੇਖ ਹੇਠ ਲਗਾਏ ਇਸ ਕੈਂਪ ਦੀ ਪ੍ਰਧਾਨਗੀ ਸਿਵਲ ਜੱਜ (ਸੀਨੀਅਰ ਡੀਵੀਜ਼ਨ)-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ਼੍ਰੀ ਕਵਲਜੀਤ ਸਿੰਘ ਨੇ ਕੀਤੀ। ਇਸ ਮੌਕੇ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਉਸਾਰੀ ਨਾਲ ਸਬੰਧਤ ਕਾਮੇ ਰਾਜ ਮਿਸਤਰੀ, ਕਾਰਪੇਂਟਰ, ਵੈਲਡਰ, ਇਲੈਕਟ੍ਰੀਸ਼ਨ, ਟੈਕਨੀਸ਼ੀਅਨ, ਪੇਂਟਰ, ਸੁਪਰਵਾਈਜ਼ਰ ਅਤੇ ਮਜ਼ਦੂਰ, ਜਿਨ੍ਹਾਂ ਦੀ ਉਮਰ 18 ਤੋਂ 60 ਸਾਲ ਤੱਕ ਹੈ ਅਤੇ ਜਿਨ੍ਹਾਂ ਕੋਲ 90 ਦਿਨ ਕੰਮਕਾਜ ਕਰਨ ਦਾ ਤਜ਼ਰਬਾ ਹੈ, ਆਪਣੀ ਰਜਿਸਟਰੇਸ਼ਨ ਸਹਾਇਕ ਲੇਬਰ ਕਮਿਸ਼ਨਰ ਅਤੇ ਲੇਬਰ ਇੰਸਪੈਕਟਰ ਕੋਲ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਰਜਿਸਟ੍ਰੇਸ਼ਨ ਤੋਂ ਬਾਅਦ ਉਸਾਰੀ ਨਾਲ ਸਬੰਧਤ ਕਾਮੇ ਅਨੇਕਾਂ ਸਰਕਾਰੀ ਸਕੀਮਾਂ ਦਾ ਲਾਭ ਲੈਣ ਦੇ ਯੋਗ ਹੋ ਜਾਂਦੇ ਹਨ। ਲੇਬਰ ਇੰਸਪੈਕਟਰ ਸ਼੍ਰੀ ਨਰੰਜਣ ਸਿੰਘ ਨੇ ਕਿਹਾ ਕਿ ਰਜਿਸਟ੍ਰੇਸ਼ਨ ਕਰਵਾਉਣ ਲਈ 145 ਰੁਪਏ ਸਰਕਾਰੀ ਫ਼ੀਸ ਵਜੋਂ ਜਮ੍ਹਾ ਕਰਵਾਉਣੇ ਹੁੰਦੇ ਹਨ। ਉਨ੍ਹਾਂ ਅਪੀਲ ਕੀਤੀ ਕਿ ਕਾਮੇ ਨਿੱਜੀ ਦਿਲਚਸਪੀ ਲੈ ਕੇ ਆਪਣੇ-ਆਪ ਨੂੰ ਰਜਿਸਟਰਡ ਕਰਵਾਉਣ ਤਾਂ ਜੋ ਉਹ ਸਰਕਾਰੀ ਸਕੀਮਾਂ ਦਾ ਲਾਭ ਪ੍ਰਾਪਤ ਕਰ ਸਕਣ। ਸਹਾਇਕ ਜ਼ਿਲ੍ਹਾ ਅਟਾਰਨੀ (ਕਾਨੂੰਨੀ ਸੇਵਾਵਾਂ) ਸ਼੍ਰੀ ਆਰ.ਕੇ.ਸ਼ਰਮਾ ਨੇ ਕਿਹਾ ਕਿ ਵਕੀਲਾਂ ਅਤੇ ਪੈਰ੍ਹਾ ਲੀਗਲ ਵਲੰਟੀਅਰਾਂ ਦੀਆਂ 6 ਟੀਮਾਂ ਤਿਆਰ ਕੀਤੀਆਂ ਗਈਆਂ ਹਨ, ਜਿਹੜੀਆਂ ਮਜ਼ਦੂਰਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਬਾਰੇ ਦੱਸਣਗੀਆਂ ਅਤੇ ਰਜਿਸਟ੍ਰੇਸ਼ਨ ਲਈ ਪ੍ਰੇਰਿਤ ਕਰਨਗੀਆਂ। ਕੈਂਪ ਦੌਰਾਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਸਕੀਮਾਂ ਸਬੰਧੀ ਛਪਵਾਏ ਗਏ ਫੋਲਡਰ ਵੀ ਵੰਡੇ ਗਏ।
Post a Comment