ਜਿੰਨੀਆਂ ਲਾਇਬਰੇਰੀਆਂ ਬਹੁਤ ਹੋਣਗੀਆਂ ਉਤਨੇ ਹੀ ਹਸਪਤਾਲ ਤੇ ਜੇਲ੍ਹਾਂ ਦੀ ਗਿਣਤੀ ਘਟ ਸਕਦੀ ਹੈ: ਭਾਈ ਪੰਥਪ੍ਰੀਤ ਸਿੰਘ

Sunday, January 13, 20130 comments


ਬਠਿੰਡਾ, 13 ਜਨਵਰੀ (ਕਿਰਪਾਲ ਸਿੰਘ): ਜਿੰਨੀਆਂ ਲਾਇਬਰੇਰੀਆਂ ਬਹੁਤ ਹੋਣਗੀਆਂ ਉਤਨੇ ਹੀ ਹਸਪਤਾਲ ਤੇ ਜੇਲ੍ਹਾਂ ਦੀ ਗਿਣਤੀ ਘਟ ਸਕਦੀ ਹੈ। ਇਹ ਸ਼ਬਦ ਇੱਥੋਂ 30 ਕਿਲੋਮੀਟਰ ਦੂਰ ਪਿੰਡ ਨਿਓਰ ਵਿਖੇ ਗੁਰਦੁਆਰਾ ਸਾਹਿਬ ’ਚ ਗਿਆਨੀ ਹਾਕਮ ਸਿੰਘ ਪਬਲਿਕ ਲਾਇਬਰੇਰੀ ਦਾ ਉਦਘਾਟਨ ਕਰਨ ਸਮੇ ਗੁਰਮਤਿ ਦੇ ਪ੍ਰਸਿੱਧ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ ਜੀ ਖ਼ਾਲਸਾ ਭਾਈ ਬਖਤੌਰ ਵਾਲਿਆਂ ਨੇ ਕਹੇ। ਇਹ ਦੱਸਣਯੋਗ ਹੈ ਕਿ ਪੰਜਾਬ ਐਂਡ ਸਿੱਧ ਬੈਂਕ ਵਿੱਚ 34 ਸਾਲ ਦੀ ਸ਼ਾਨਦਾਰ ਸੇਵਾ ਨਿਭਾਉਣ ਪਿੱਛੋਂ 31 ਦਸੰਬਰ 2012 ਨੂੰ ਸੀਨੀਅਰ ਮੈਨੇਜਰ ਦੇ ਅਹੁੱਦੇ ਤੋਂ ਰਿਟਾਇਰ ਹੋਏ ਭਾਈ ਸਾਧੂ ਸਿੰਘ ਖ਼ਾਲਸਾ ਨੇ ਅਕਾਲਪੁਰਖ਼ ਦਾ ਸ਼ੁਕਰਾਨਾ ਕਰਦੇ ਹੋਏ ਆਪਣੇ ਸਤਿਕਾਰਯੋਗ ਪਿਤਾ ਸਵ: ਗਿਆਨੀ ਹਾਕਮ ਸਿੰਘ ਦੀ ਯਾਦ ਵਿੱਚ ਸਮੂਹ ਪਿੰਡ ਵਾਸੀਆਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਇਹ ਲਾਇਬਰੇਰੀ ਖੋਲ੍ਹਣ ਦਾ ਉਪ੍ਰਾਲਾ ਕੀਤਾ ਹੈ, ਜਿਸ ਵਿੱਚ ਪਿੰਡ ਵਾਸੀਆਂ ਨੂੰ ਪੜ੍ਹਨ ਦੀ ਚੇਟਕ ਲਾਉਣ ਲਈ ਗੁਰਮਤਿ ਅਤੇ ਇਤਿਹਾਸ ਦੀਆਂ ਹਰ ਤਰ੍ਹਾਂ ਦੀਆਂ ਪੁਸਤਕਾਂ ਤੋਂ ਇਲਾਵਾ ਇਕ ਕੰਪਿਊਟਰ ਵੀ ਰੱਖਿਆ ਗਿਆ ਹੈ। ਇਸ ਕੰਪਿਊਟਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਸਮੁੱਚਾ ਸੰਥਿਆ ਪਾਠ ਸਿੱਖਣ ਲਈ ਅਮਰੀਕਾ ਨਿਵਾਸੀ ਭਾਈ ਸਤਪਾਲ ਸਿੰਘ ਪੁਰੇਵਾਲ ਜੀ ਵਲੋਂ ਤਿਆਰ ਕੀਤਾ ਗਿਆ ਵੀਡੀਓ ਟਿਊਟਰ ਵੈੱਬਸਾਈਟ  ਏਕਤੁਹੀ ਡਾਟ ਕਾਮ (ਹਟਟਪ://ਾ.ੲਕਟੁਹ.ਿਚੋਮ ) ਤੋਂ ਡਾਊਨ ਲੋਡ ਕਰ ਕੇ ਇੰਸਟਾਲ ਕੀਤਾ ਗਿਆ ਹੈ। ਭਾਈ ਪੰਥਪ੍ਰੀਤ ਸਿੰਘ ਨੇ ਇਸ ਟਿਊਟਰ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਪਾਠ ਸਿੱਖਣ ਲਈ ਪਹਿਲਾਂ ਬਹੁਤ ਮੁਸਕਲ ਆਉਂਦੀ ਸੀ ਇਸ ਲਈ ਸਾਡੀ ਨਵੀਂ ਪੀੜ੍ਹੀ ਗੁਰਬਾਣੀ ਨਾਲੋਂ ਟੁਟਦੀ ਜਾ ਰਹੀ ਸੀ ਪਰ ਹੁਣ ਬਾਹਰ ਕਿਧਰੇ ਸੰਥਿਆ ਲੈਣ ਲਈ ਜਾਣ ਦੀ ਲੋੜ ਨਹੀਂ ਰਹੇਗੀ ਤੇ ਪਾਠ ਸਿੱਖਣ ਦਾ ਹਰ ਚਾਹਵਾਨ ਆਪਣੇ ਘਰ ਬੈਠਾ ਹੀ ਇਸ ਟਿਊਟਰ ਰਾਹੀਂ ਬੜੀ ਅਸਾਨੀ ਨਾਲ ਸ਼ੁੱਧ ਪਾਠ ਸਿੱਖ ਸਕਦਾ ਹੈ। ਉਨ੍ਹਾਂ ਕਿਹਾ ਜਿਸ ਦੇ ਘਰ ਕੰਪਿਊਟਰ ਨਹੀਂ ਹੈ ਉਹ ਲਾਇਬਰੇਰੀ ਵਿੱਚ ਆ ਕੇ ਪਾਠ ਸਿੱਖ ਸਕਦੇ ਹਨ ਤੇ ਜਿਨ੍ਹਾਂ ਪਾਸ ਆਪਣੇ ਕੰਪਿਊਟਰ ਹਨ ਉਹ ਇੱਥੋਂ ਪੈੱਨ ਡਰਾਈਵ ’ਚ ਕਾਪੀ ਕਰਕੇ ਲਿਜਾ ਸਕਦੇ ਹਨ। ਭਾਈ ਪੰਥਪ੍ਰਤ ਸਿੰਘ ਜੀ ਵੱਲੋਂ ਲਾਇਬਰੇਰੀ ਦਾ ਉਦਘਾਟਨ ਕਰਨ ਉਪ੍ਰੰਤ ਭਾਈ ਕਿਰਪਾਲ ਸਿੰਘ ਬਠਿੰਡਾ ਨੇ ਕੰਪਿਊਟਰ ’ਤੇ ਟਿਊਟਰ ਚਲਾ ਕੇ ਵੀ ਵਿਖਾਇਆ ਜਿਸ ਦੀ ਸੰਗਤਾਂ ਨੇ ਬਹੁਤ ਸ਼ਲਾਘਾ ਕੀਤੀ।
 ਇਸ ਤੋਂ ਪਹਿਲਾਂ ਗੁਰਦੁਆਰਾ ਸਾਹਿਬ ’ਚ ਹਰ ਮਹੀਨੇ ਕੀਤੇ ਜਾਣ ਵਾਲੇ ਸਹਿਜ ਪਾਠ ਦਾ ਭੋਗ ਪਾਉਣ ਉਪ੍ਰੰਤ ਭਾਈ ਲਖਵਿੰਦਰ ਸਿੰਘ ਬਠਿੰਡੇ ਵਾਲੇ ਨੇ ਸ਼ਬਦ ਕੀਰਤਨ ਰਾਹੀਂ ਸੰਗਤਾਂ ਨੂੰ ਹਰਿਜਸ ਸ੍ਰਵਨ ਕਰਵਾਇਆ। ਸਮਾਪਤੀ ’ਤੇ ਅਰਦਾਸ ਉਪ੍ਰੰਤ ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਕਿ ਚੰਗੀਆਂ ਪੁਸਤਕਾਂ ਮਨੁੱਖ ਦੀਆਂ ਬਹੁਤ ਵਧੀਆ ਮਿੱਤਰ ਹਨ। ਚੰਗੀਆਂ ਪੁਸਤਕਾਂ ਪੜ੍ਹਨ ਨਾਲ ਜਿੱਥੇ ਗਿਆਨ ਵਿੱਚ ਵਾਧਾ ਹੁੰਦਾ ਹੈ ਉਥੇ ਉਹ ਕਦੀ ਵੀ ਆਪਣੇ ਆਪ ਨੂੰ ਇਕੱਲਾ ਮਹਿਸੂਸ ਨਹੀਂ ਕਰਦਾ। ਪੁਸਤਕਾਂ ਪੜ੍ਹਨ ਲਈ ਉਤਸ਼ਾਹਤ ਕਰਦਿਆਂ ਉਨ੍ਹਾਂ ਆਪਣੇ ਆਪ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਉਹ ਆਪਣੇ ਆਪ ਨੂੰ ਵਿਦਵਾਨ ਨਹੀਂ ਮੰਨਦੇ ਪਰ ਉਨ੍ਹਾਂ ਨੂੰ ਵਿਦਵਾਨਾਂ ਦੀਆਂ ਪੁਸਤਕਾਂ ਪੜ੍ਹਨ ਦਾ ਇਤਨਾ ਸ਼ੌਕ ਹੈ ਕਿ ਹਰ ਰੋਜ ਦੋ ਦੀਵਾਨ ਲਾਉਣ ਦੇ ਬਾਵਯੂਦ ਉਹ 200 ਪੰਨੇ ਦੀ ਪੁਸਤਕ ਇੱਕ ਦਿਨ ਵਿੱਚ ਹੀ ਹਰ ਰੋਜ ਪੜ੍ਹਦੇ ਹਨ ਇਸ ਤਰ੍ਹਾਂ ਉਹ ਮਹੀਨੇ ’ਚ 25 ਤੋਂ 30 ਪੁਸਤਕਾਂ ਪੜ੍ਹ ਲੈਂਦੇ ਹਨ। ਵਿਦਵਾਨਾਂ ਦੀਆਂ ਪੁਸਤਕਾਂ ਪੜ੍ਹਨ ਸਦਕਾ ਲੋਕ ਹੁਣ ਉਨ੍ਹਾਂ ਨੂੰ ਹੀ ਵਿਦਵਾਨ ਸਮਝਣ ਲੱਗ ਪਏ ਹਨ ਤੇ ਅਮਰੀਕਾ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਸਮੇਤ ਸਾਰੀ ਦੁਨੀਆਂ ਵਿੱਚੋਂ ਉਨ੍ਹਾਂ ਨੂੰ ਸੱਦੇ ਆਉਣ ਲੱਗ ਪਏ ਹਨ ਕਿ ਤੁਸੀਂ ਆ ਕੇ ਸਾਨੂੰ ਗੁਰਬਾਣੀ ਤੇ ਸਿੱਖ ਇਤਹਾਸ ਸੁਣਾਓ। ਇਸ ਤਰ੍ਹਾਂ ਜੇ ਤੁਸੀਂ ਵੀ ਚੰਗੀਆਂ ਪੁਸਤਕਾਂ ਪੜ੍ਹਨ ਦੀ ਆਦਤ ਪਾ ਲਵੋ ਤਾਂ ਤੁਸੀਂ ਸਾਰੇ ਹੀ ਵਿਦਵਾਨ ਬਣ ਸਕਦੇ ਹੋ ਤੇ ਗੁਰਬਾਣੀ/ਇਤਹਾਸ ਸੁਣਨ ਲਈ ਕਿਸੇ ਦਾ ਮੁਥਾਜ ਨਹੀਂ ਹੋਣਾ ਪਏਗਾ। ਉਨ੍ਹਾਂ ਕਿਹਾ ਕਿ ਸਾਡੀ ਇਹ ਬਦਕਿਸਮਤੀ ਹੈ ਕਿ ਸਿੱਖ ਨੌਜਵਾਨ ਗੁਰਬਾਣੀ ਤੇ ਸਿੱਖ ਇਤਿਹਾਸ ਨਹੀਂ ਪੜ੍ਹਦੇ ਇਸੇ ਕਾਰਣ ਸਾਡੇ ਵਿੱਚੋਂ ਨਿਸ਼ਾਨ ਸਿੰਘ ਤੇ ਰਾਣਾ ਆਦਿਕ ਕੌਮ ਨੂੰ ਬਦਨਾਮ ਕਰਨ ਵਾਲੇ ਬਣ ਰਹੇ ਹਨ। ਜੇ ਕਦੀ ਇਨ੍ਹਾਂ ਨੇ ਸਾਹਿਬਜ਼ਾਦਾ ਅਜੀਤ ਸਿੰਘ ਦਾ ਇਤਿਹਾਸ ਪੜ੍ਹਿਆ ਹੁੰਦਾ ਤਾਂ ਕਦੀ ਵੀ ਇਹ ਆਪਣੇ ਤੇ ਆਪਣੀ ਕੌਮ ਲਈ ਕਲੰਕ ਨਾ ਖੱਟਦੇ। ਸਾਹਿਬਜ਼ਾਦਾ ਅਜੀਤ ਸਿੰਘ ਦਾ ਇਤਿਹਾਸ ਦੱਸਦੇ ਹੋਏ ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਵਿਖੇ ਦਰਬਾਰ ਲਾ ਕੇ ਬੈਠੇ ਸਨ ਤਾਂ ਹੁਸ਼ਿਆਰਪੁਰ ਦੇ ਨੇੜੇ ਪਿੰਡ ਦੇ ਰਹਿਣ ਵਾਲੇ ਦੇਵਦਾਸ ਬ੍ਰਾਹਮਣ ਨੇ ਦਰਬਾਰ ’ਚ ਆ ਕੇ ਗੁਰੂ ਸਾਹਿਬ ਅੱਗੇ ਬੇਨਤੀ ਕੀਤੀ ਕਿ ਬੱਸੀ ਪਠਾਣਾ ਦਾ ਹਾਕਮ ਜ਼ਾਬਰ ਖ਼ਾਨ ਉਸ ਦੀ ਇਸਤਰੀ ਖੋਹ ਕੇ ਲੈ ਗਿਆ ਹੈ। ਮੇਰੀ ਇਸਤਰੀ ਵਾਪਸ ਦਿਵਾਉਣ ਲਈ ਤੁਹਾਥੋਂ ਬਗੈਰ ਹੋਰ ਕੋਈ ਆਸਰਾ ਨਹੀਂ ਦਿਸਦਾ। ਇਸ ਲਈ ਤੁਸੀਂ ਹੀ ਬਹੁੜੀ ਕਰੋ। ਗੁਰੂ ਗੋਬਿੰਦ ਸਿੰਘ ਜੀ ਨੇ ਉਸੇ ਵਕਤ ਸਾਹਿਬਜ਼ਾਦਾ ਅਜੀਤ ਸਿੰਘ ਨੂੰ 100 ਸਿੰਘਾਂ ਦੇ ਜਥੇ ਨਾਲ ਦੇਵਦਾਸ ਦੀ ਇਸਤਰੀ ਛਡਾਉਣ ਲਈ ਭੇਜਿਆ, ਜਿਨ੍ਹਾਂ ਨੇ ਬੱਸੀ ਪਠਾਣਾਂ ਦੇ ਹਾਕਮ ਜ਼ਾਬਰ ਖ਼ਾਨ ਨੂੰ ਜਾ ਘੇਰਿਆ ਤੇ ਦੇਵਦਾਸ ਦੀ ਇਸਤਰੀ ਛੁਡਵਾ ਕੇ ਉਸ ਨੂੰ ਵਾਪਸ ਕੀਤੀ ਤੇ ਉਸ ਨੂੰ ਜ਼ਬਰੀ ਲਿਜਾਣ ਵਾਲੇ ਜ਼ਾਬਰ ਖ਼ਾਨ ਨੂੰ ਉਸ ਦੇ ਕੀਤੇ ਦੀ ਸਜਾ ਦਿੱਤੀ। ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਨੌਜਵਾਨ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਕਿਸੇ ਦੀ ਇਸਤਰੀ ਛੁਡਵਾਉਣ ਲਈ ਭੇਜੇ ਜਾਣ ਦੇ ਫੈਸਲੇ ਦਾ ਉਦੇਸ਼ ਨੌਜਵਾਨਾਂ ਨੂੰ ਇਹ ਪ੍ਰੇਰਣਾ ਦੇਣੀ ਸੀ ਕਿ ਇਸਤਰੀ ਭਾਵੇਂ ਕਿਸੇ ਦੀ ਵੀ ਹੋਵੇ ਸਿੱਖ ਨੌਜਵਾਨਾਂ ਨੇ ਉਸ ਦੀ ਇੱਜਤ ਦੀ ਰਾਖੀ ਕਰਨੀ ਹੈ। ਪਰ ਅਫਸੋਸ ਹੈ ਕਿ ਸਾਡੇ ਨੌਜਵਾਨਾਂ ਨੇ ਸਿੱਖ ਇਤਿਹਾਸ ਨਹੀਂ ਪੜ੍ਹਿਆ ਜਿਸ ਸਦਕਾ ਪਰਾਈਆਂ ਧੀਆਂ ਭੈਣਾਂ ਦੀ ਇੱਜਤ ਦੀ ਰਾਖੀ ਕਰਨ ਦੇ ਆਪਣੇ ਫਰਜ਼ ਅਦਾ ਕਰਨ ਦੀ ਥਾਂ ਨਿਸ਼ਾਨ ਸਿੰਘ, ਰਾਣਾ ਆਦਿਕ ਬਣ ਕੇ ਕੌਮ ਦੇ ਸ਼ਾਨਾਮੱਤੇ ਇਤਿਹਾਸ ਨੂੰ ਕਲੰਕਿਤ ਕਰ ਰਹੇ ਹਨ। ਭਾਈ ਸਾਧੂ ਸਿੰਘ ਵੱਲੋਂ ਲਾਇਬਰੇਰੀ ਖੋਲ੍ਹਣ ਦੇ ਕੀਤੇ ਉੱਦਮ ਦੀ ਸ਼ਾਲਾਘਾ ਕਰਦੇ ਹੋਏ ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਕਿ ਸਿਰਫ ਲਾਇਬਰੇਰੀ ਖੋਲ੍ਹਣ ਨਾਲ ਹੀ ਕੰਮ ਨਹੀਂ ਸਰਨਾ ਇਸ ਦਾ ਪੂਰਾ ਪੂਰਾ ਲਾਹਾ ਖੱਟਣ ਲਈ ਪਿੰਡ ਵਾਸੀਆਂ ਨੂੰ ਲਾਇਬਰੇਰੀ ਵਿੱਚ ਆ ਕੇ ਵੱਧ ਤੋਂ ਵੱਧ ਪੁਸਤਕਾਂ ਪੜ੍ਹਨੀਆਂ ਚਾਹੀਦੀਆਂ ਹਨ ਤੇ ਆਪਣੇ ਬੱਚਿਆਂ ਨੂੰ ਪੜ੍ਹਾਉਣੀਆਂ ਚਾਹੀਦੀਆਂ ਹਨ। ਚੰਗਾ ਹੋਵੇ ਜੇ ਇਥੇ ਗੁਰਮਤਿ ਦੀਆਂ ਕਲਾਸਾਂ ਸ਼ੁਰੂ ਕਰਕੇ ਬੱਚਿਆਂ ਨੂੰ ਪੜ੍ਹਾਇਆ ਜਾਣਾ ਸ਼ੁਰੂ ਕੀਤਾ ਜਾਵੇ। ਉਨ੍ਹਾਂ ਕਿਹਾ ਚੰਗੀਆਂ ਪੁਸਤਕਾਂ ਪੜ੍ਹਨ ਨਾਲ ਮਨੁੱਖ ਦੇ ਵੀਚਾਰ, ਆਚਾਰ ਤੇ ਵਿਵਹਾਰ ਚੰਗਾ ਬਣਦਾ ਹੈ ਜਿਸ ਕਾਰਣ ਬੀਮਾਰੀਆਂ ਤੇ ਅਪਰਾਧਾਂ ਦੀ ਗਿਣਤੀ ਘਟ ਸਕਦੀ ਹੈ। ਜਿਸ ਦਾ ਭਾਵ ਇਹ ਹੋਵੇਗਾ ਕਿ ਜਿੰਨੀਆਂ ਅਸੀਂ ਵੱਧ ਪੁਸਤਕਾਂ ਪੜ੍ਹਾਂਗੇ ਉਤਨਾਂ ਹੀ ਹਸਪਤਾਲਾਂ ਤੇ ਜੇਲ੍ਹਾਂ ਹੇਠ ਰਕਬਾ ਘਟ ਸਕਦਾ ਹੈ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger