ਚੰਡੀਗੜ੍ਹ, 2 ਜਨਵਰੀ : ਡਿਪਟੀ ਮੁੱਖ ਮੰਤਰੀ ਸੁਖਬੀਰ ਬਾਦਲ ਦੀ ਕੈਨੇਡੀਅਨ ਨਾਗਰਿਕ ਰਿਸ਼ਤੇਦਾਰ ਰਾਜਵਿੰਦਰ ਕੌਰ (41), ਜੋ ਪਾਕਿਸਤਾਨ ਚ ਅਗਸਤ ਮਹੀਨੇ ਤੋਂ ਲਾਪਤਾ ਸੀ, ਦਾ ਕਤਲ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਲਾਹੌਰ ਦੀ ਪੁਲਿਸ ਨੇ ਅਦਾਲਤ ਨੂੰ ਉਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜਵਿੰਦਰ ਕੌਰ ਦਾ ਕਤਲ ਹੋ ਗਿਆ ਹੈ ਤੇ ਉਸ ਦਾ ਕਤਲ ਪਾਕਿਸਤਾਨੀ ਮੂਲ ਦੇ ਜਰਮਨ ਨਾਗਰਿਕ ਨੇ ਕੀਤਾ ਹੈ, ਜੋ ਜਰਮਨ ਫਰਾਰ ਹੋ ਚੁੱਕਾ ਹੈ। ਦੱਸ ਦਈਏ ਕਿ ਲਾਹੌਰ ਅਦਾਲਤ ਨੇ ਪੁਲਿਸ ਦੀ ਮਾਮਲੇ ਚ ਝਾੜਝੰਬ ਕਰਦਿਆਂ ਉਸ ਤੋਂ ਮਾਮਲੇ ਚ ਜਵਾਬਤਲਬੀ ਕੀਤੀ ਸੀ।
ਚੇਤੇ ਰਹੇ ਕਿ ਡਿਪਟੀ ਸੀ. ਐਮ. ਨੇ ਆਪਣੇ ਪਾਕਿਸਤਾਨ ਦੌਰੇ ਦੌਰਾਨ ਉਧਰਲੇ ਪੰਜਾਬ ਦੇ ਮੁੱਖ ਮੰਤਰੀ ਸ਼ਹਿਬਾਜ਼ ਸ਼ਰੀਫ ਨੁੰ ਆਪਣੀ ਰਿਸ਼ਤੇਦਾਰ ਦੀ ਭਾਲ ਦੀ ਅਪੀਲ ਕੀਤੀ ਸੀ ਤੇ ਉਦੋਂ ਤੋਂ ਹੀ ਮਾਮਲਾ ਚਰਚਾ ਚ ਆਇਆ ਸੀ। ਹੀਰਿਆਂ ਦਾ ਵਪਾਰ ਕਰਨ ਵਾਲੀ ਕੈਨੇਡੀਅਨ ਨਾਗਰਿਕ ਰਾਜਵਿੰਦਰ ਪਿਛਲੇ ਸਾਲ 25 ਅਗਸਤ ਨੂੰ ਲਾਹੌਰ ਇਕ ਹੀਰਿਆਂ ਦੀ ਪ੍ਰਦਰਸ਼ਨੀ ਚ ਹਿਸਾ ਲੈਣ ਪਾਕਿਸਤਾਨ ਪੁੱਜੀ ਸੀ। ਦੂਜੇ ਪਾਸੇ ਆਪਣੀ ਬੇਟੀ ਦੀ ਭਾਲ ਚ ਕੈਨੇਡਾ ਤੋਂ ਪਾਕਿਸਤਾਨ ਪੁੱਜੇ ਰਾਜਵਿੰਦਰ ਕੌਰ ਦੇ ਪਿਤਾ ਸਿਕੰਦਰ ਗਿੱਲ ਨੇ ਕਤਲ ਦੀ ਜਾਣਕਾਰੀ ਮਿਲਣ ਤੇ ਕਿਹਾ ਕਿ ਉਹ ਆਪਣੀ ਬੇਟੀ ਦੀ ਲਾਸ਼ ਲੈ ਕੇ ਹੀ ਕੈਨੇਡਾ ਜਾਣਗੇ।
ਲਾਹੌਰ ਪੁਲਿਸ ਨੇ ਅਦਾਲਤ ਨੂੰ ਜਾਣਕਾਰੀ ਦਿਤੀ ਹੈ ਕਿ ਕਾਤਲ ਕਤਲ ਕਰਨ ਉਪਰੰਤ ਚੁੱਪ ਚੁਪੀਤੇ ਜਰਮਨ ਫਰਾਰ ਹੋ ਗਿਆ ਹੈ ਜਿਸ ਦੀ ਭਾਲ ਲਈ ਪੁਲਿਸ ਨੇ ਇੰਟਰਪੋਲ ਤੋਂ ਵੀ ਸਹਾਇਤਾ ਮੰਗੀ ਹੈ। ਲਾਹੌਰ ਦੇ ਸ਼ਹਿਰ ਦੇ ਪੁਲਸ ਮੁਖੀ ਅਸਲਮ ਤਰੀਨ ਨੇ ਅਦਾਲਤ ਨੂੰ ਦੱਸਿਆ ਹੈ ਕਿ ਅਗਸਤ ਚ ਲਾਪਤਾ ਹੋਈ ਰਾਜਵਿੰਦਰ ਨੂੰ ਸ਼ਹਿਰ ਪਹੁੰਚਣ ਦੇ ਤੁਰੰਤ ਬਾਅਦ ਕਤਲ ਕਰ ਦਿੱਤਾ ਗਿਆ ਸੀ। ਤਰੀਨ ਨੇ ਕਿਹਾ ਕਿ ਇਸ ਮਾਮਲੇ ਚ ਸ਼ੱਕੀ ਹਾਫਿਜ਼ ਹੁਸੈਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਸਨੇ ਮੰਨਿਆ ਸੀ ਕਿ ਪਾਕਿਸਤਾਨੀ ਮੂਲ ਦੇ ਜਰਮਨ ਨਾਗਰਿਕ ਅਤੇ ਉਸਦੇ ਰਿਸ਼ਤੇਦਾਰ ਸ਼ਹਿਦ ਗਜਾਨਫਰ ਦੇ ਨਾਲ ਮਿਲਕੇ ਉਸਨੇ ਰਾਜਵਿੰਦਰ ਦੀ ਹੱਤਿਆ ਕਰ ਦਿੱਤੀ।

Post a Comment