ਮਾਨਸਾ, 23 ਜਨਵਰੀ ( ) : ਜ਼ਿਲ੍ਹਾ ਪੁਲਿਸ ਨੇ ਇਕ ਵਿਅਕਤੀ ਨੂੰ ਦੇਸੀ ਪਿਸਤੌਲ ਅਤੇ ਜ਼ਿੰਦਾ ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਡਾ. ਨਰਿੰਦਰ ਭਾਰਗਵ ਨੇ ਕਿਹਾ ਕਿ ਏ.ਐਸ.ਆਈ. ਬਲਦੇਵ ਸਿੰਘ ਦੀ ਅਗਵਾਈ ਵਿਚ ਪੁਲਿਸ ਚੌਕੀ ਰਮਦਿੱਤੇਵਾਲਾ ਪੁਲਿਸ ਪਾਰਟੀ ਨੇ ਪਿੰਡ ਖੋਖਰ ਖੁਰਦ ਨੇੜੇ ਸ਼ੱਕ ਦੇ ਆਧਾਰ 'ਤੇ ਜਦੋਂ ਇਕ ਵਿਅਕਤੀ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਇਕ ਪਿਸਤੌਲ 315 ਬੋਰ ਦੇਸੀ ਸਮੇਤ ਤਿੰਨ ਰੌਂਦ ਜ਼ਿੰਦਾ ਬਰਾਮਦ ਹੋਏ। ਉਨ੍ਹਾਂ ਕਿਹਾ ਕਿ ਫੜੇ ਗਏ ਇਸ ਵਿਅਕਤੀ ਦੀ ਪਛਾਣ ਰਘਵੀਰ ਸਿੰਘ ਉਰਫ਼ ਸੁੱਖੀ ਪੁੱਤਰ ਭਾਨ ਸਿੰਘ ਵਾਸੀ ਮਾਖਾ ਚਹਿਲਾਂ ਵਜੋਂ ਹੋਈ ਹੈ ਅਤੇ ਇਸ ਵਿਰੁੱਧ ਮੁਕੱਦਮਾ ਨੰਬਰ 4 ਮਿਤੀ 22-1-2013 ਅ/ਧ 25/54/59 ਅਸਲਾ ਐਕਟ ਥਾਣਾ ਕੋਟ ਧਰਮੂ ਵਿਖੇ ਦਰਜ ਕਰ ਲਿਆ ਗਿਆ ਹੈ। ਡਾ. ਭਾਰਗਵ ਨੇ ਕਿਹਾ ਕਿ ਪੁਲਿਸ ਵਲੋਂ ਕੀਤੀ ਮੁਢਲੀ ਪੁਛਗਿੱਛ 'ਤੇ ਇਸਨੇ ਦੱਸਿਆ ਕਿ ਉਹ ਮੁਕੱਦਮਾ ਨੰਬਰ 13 ਮਿਤੀ 25-2-2009 ਅ/ਧ 302/34 ਹਿੰ:ਦੰ: ਥਾਣਾ ਸਦਰ ਮਾਨਸਾ ਵਿੱਚ ਉਮਰ ਕੈਦ ਦੀ ਸਜ਼ਾ ਹੋਣ 'ਤੇ ਮਾਨਸਾ ਜੇਲ੍ਹ 'ਚ ਸਜ਼ਾ ਭੁਗਤ ਰਿਹਾ ਹੈ ਅਤੇ ਹੁਣ ਛੁੱਟੀ ਆਇਆ ਹੋਇਆ ਸੀ। ਇਸ ਵਿਅਕਤੀ ਨੇ ਹੋਰ ਦੱਸਿਆ ਕਿ ਉਹ ਇਹ ਪਿਸਤੌਲ ਛੁੱਟੀ ਦੌਰਾਨ ਮੇਰਠ ਦੇ ਨਜ਼ਦੀਕ ਪਿੰਡ ਭਾਵਨਾ ਤੋਂ ਕਿਸੇ ਨਾਮਲੂਮ ਵਿਅਕਤੀ ਪਾਸੋਂ 6 ਹਜ਼ਾਰ ਰੁਪਏ ਵਿਚ ਖਰੀਦਕੇ ਲਿਆਇਆ ਸੀ। ਐਸ.ਐਸ.ਪੀ ਨੇ ਕਿਹਾ ਕਿ ਰਘਵੀਰ ਸਿੰਘ ਨੇ ਇਹ ਵੀ ਦੱਸਿਆ ਕਿ ਉਸਨੇ ਇਹ ਪਿਸਤੌਲ ਉਕਤ ਕਤਲ ਦੇ ਮੁਕੱਦਮੇ ਵਿੱਚ ਜਿਹੜੇ ਵਿਅਕਤੀਆਂ ਨੇ ਉਸ ਵਿਰੁੱਧ ਗਵਾਹੀ ਦਿੱਤੀ ਸੀ, ਨੂੰ ਸਬਕ ਸਿਖਾਉਣ ਲਈ ਲਿਆਂਦਾ ਸੀ। ਉਨ੍ਹਾਂ ਕਿਹਾ ਕਿ ਕਥਿਤ ਦੋਸ਼ੀ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ਅਤੇ ਪੁਲਿਸ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਵਿਅਕਤੀ ਮੌਕੇ 'ਤੇ ਕਾਬੂ ਨਾ ਆਉਂਦਾ ਤਾਂ ਇਹ ਕਿਸੇ ਵੱਡੀ ਵਾਰਦਾਤ ਨੂੰ ਅੰਜ਼ਾਮ ਦੇ ਸਕਦਾ ਸੀ। ਉਨ੍ਹਾਂ ਕਿਹਾ ਕਿ ਮੁਕੱਦਮੇ ਦੀ ਤਫਤੀਸ਼ ਜਾਰੀ ਹੈ।

Post a Comment