ਹੁਸ਼ਿਆਰਪੁਰ, 8 ਮਾਰਚ/ਨਛਤਰ ਸਿੰਘ/ਪੰਜਾਬ ਮੰਡੀ ਬੋਰਡ ਵੱਲੋਂ ਸੂਬੇ ਦੀਆਂ 11 ਹਜ਼ਾਰ 115 ਕਿਲੋਮੀਟਰ ¦ਿਕ ਸੜਕਾਂ ਦੇ ਨਿਰਮਾਣ ਲਈ 1351 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਇਹ ਜਾਣਕਾਰੀ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ੍ਰ: ਅਜਮੇਰ ਸਿੰਘ ਲੱਖੋਵਾਲ ਨੇ ਅੱਜ ਪੰਜਾਬ ਮੰਡੀ ਬੋਰਡ ਵੱਲੋਂ ਕੌਮੀ ਬਾਗਬਾਨੀ ਮਿਸ਼ਨ ਦੀ ਸਹਾਇਤਾ ਨਾਲ ਸਿਟਰਸ ਅਸਟੇਟ ਛਾਉਣੀਕਲਾਂ ਵਿਖੇ ਕਿਸਾਨਾਂ ਨੂੰ ਵਧੇਰੇ ਮੁਨਾਫ਼ਾ ਦੇਣ ਵਾਲੀਆਂ ਫ਼ਲ ਅਤੇ ਸਬਜ਼ੀਆਂ ਦੀ ਖੇਤੀ ਕਰਨ ਸਬੰਧੀ ਆਧੁਨਿਕ ਤਕਨੀਕਾਂ ਦੀ ਜਾਣਕਾਰੀ ਦੇਣ ਲਈ ਕਰਵਾਏ ਗਏ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਦਿੱਤੀ। ਉਨ੍ਹਾਂ ਕਿਹਾ ਕਿ ਕਿਸਾਨ ਵਧੇਰੇ ਮੁਨਾਫ਼ਾ ਦੇਣ ਵਾਲੀਆਂ ਫ਼ਲ-ਸਬਜ਼ੀਆਂ ਅਤੇ ਮੱਕੀ ਦੀ ਕਾਸ਼ਤ ਵੱਲ ਆਪਣਾ ਰੁਝਾਨ ਬਣਾਉਣ ਤਾਂ ਜੋ ਉਨ੍ਹਾਂ ਦੀ ਘੱਟ ਰਹੀ ਆਮਦਨ ਵਿੱਚ ਵਾਧਾ ਹੋ ਸਕੇ ਅਤੇ ਪੰਜਾਬ ਮੰਡੀ ਬੋਰਡ ਵੱਲੋਂ ਮੰਡੀਆਂ ਵਿੱਚ ਕਿਸਾਨਾਂ ਲਈ ਜੋ ਸਹੂਲਤਾਂ ਉਪਲਬੱਧ ਕਰਵਾਈਆਂ ਜਾ ਰਹੀਆਂ, ਉਨ੍ਰਾਂ ਦਾ ਕਿਸਾਨਾਂ ਨੂੰ ਪੂਰਾ-ਪੂਰਾ ਲਾਭ ਉਠਾਉਣਾ ਚਾਹੀਦਾ ਹੈ। ਸ੍ਰ: ਲੱਖੋਵਾਲ ਨੇ ਦੱਸਿਆ ਕਿ ਫ਼ਲ ਅਤੇ ਸਬਜੀਆਂ ਦੀ ਸਾਂਭ-ਸੰਭਾਲ ਲਈ ਕਿਸਾਨਾਂ ਨੂੰ ਆਧੁਨਿਕ ਤਕਨੀਕਾਂ ਦੀ ਜਾਣਕਾਰੀ ਦੇਣ ਲਈ 22 ਜ਼ਿਲ੍ਹਿਆਂ ਵਿੱਚ ਜ਼ਿਲ੍ਹਾ ਪੱਧਰ ਦੇ ਸੈਮੀਨਾਰ ਕਰਵਾਏ ਗਏ ਹਨ ਅਤੇ 22 ਮਾਰਚ ਨੁੰ ਫਤਿਹਗੜ੍ਹ ਸਾਹਿਬ ਵਿਖੇ ਰਾਜ ਪੱਧਰ ਦਾ ਸੈਮੀਨਾਰ ਕਰਵਾਇਆ ਜਾਵੇਗਾ ਜਿਸ ਵਿੱਚ ਕਿਸਾਨਾਂ ਨੂੰ ਫ਼ਲ ਅਤੇ ਸਬਜੀਆਂ ਦੀ ਸਾਂਭ-ਸੰਭਾਲ ਅਤੇ ਉਨ੍ਹਾਂ ਦੇ ਮੰਡੀਕਰਨ ਕਰਨ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦਾ ਕਿਸਾਨ ਆਪਣੀ ਮਿਹਨਤ ਨਾਲ ਚੰਗੀ ਖੇਤੀ ਕਰ ਰਿਹਾ ਹੈ ਪਰ ਉਨ੍ਹਾਂ ਨੂੰ ਮੰਡੀਕਰਨ ਸਬੰਧੀ ਜਾਣਕਾਰੀ ਦੇਣ ਦੀ ਵਿਸ਼ੇਸ਼ ਲੋੜ ਹੈ ਤਾਂ ਜੋ ਉਨ੍ਹਾਂ ਆਪਣੀਆਂ ਫ਼ਸਲਾਂ ਦਾ ਸਹੀ ਮੁੱਲ ਹਾਸਲ ਕਰ ਸਕਣ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਜਮੀਨਦੋਜ਼ ਪਾਣੀ ਦੀ ਪੱਧਰ ਕਾਫ਼ੀ ਹੇਠਾਂ ਜਾ ਰਿਹਾ ਹੈ ਜੋ ਚਿੰਤਾ ਦਾ ਵਿਸ਼ਾ ਹੈ । ਇਸ ਲਈ ਕਿਸਾਨਾਂ ਨੂੰ ਜ਼ਿਆਦਾ ਪਾਣੀ ਲੈਣ ਵਾਲੀਆਂ ਫ਼ਸਲਾਂ ਦੇ ਚੱਕਰ ਤੋਂ ਬਾਹਰ ਨਿਕਲ ਕੇ ਬਾਗਬਾਨੀ ਅਤੇ ਹੋਰ ਸਹਾਇਕ ਧੰਦਿਆਂ ਨੁੰ ਅਪਨਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਜਲਦੀ ਹੀ ਲੱਕੜ ਦੀਆਂ ਚਾਰ ਮੰਡੀਆਂ ਬਣਾਈਆਂ ਜਾ ਰਹੀਆਂ ਹਨ ਤਾਂ ਜੋ ਕਿਸਾਨ ਆਪਣੇ ਖੇਤਾਂ ਦੀ ਲੱਕੜ ਨੂੰ ਮੰਡੀਆਂ ਵਿੱਚ ਲਿਆ ਕੇ ਆਸਾਨੀ ਨਾਲ ਵੇਚ ਸਕਣ। ਉਨ੍ਹਾਂ ਦੱਸਿਆ ਕਿ ਕਿਸਾਨਾਂ ਦੀ ਮੱਕੀ ਨੂੰ ਸੁਕਾਉਣ ਲਈ ਜਲਦੀ ਹੀ ਪੰਜਾਬ ਵਿੱਚ ਮੱਕੀ ਸੁਕਾਉਣ ਦੇ ਦੋ ਡਰਾਇਰ ਲਗਾਏ ਜਾ ਰਹੇ ਹਨ। ਸ੍ਰ: ਲੱਖੋਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਮੰਡੀ ਬੋਰਡ ਵੱਲੋਂ ਸੂਬੇ ਅੰਦਰ ਆਧੁਨਿਕ ਕਿਸਮ ਦੇ 11 ਪੈਕ ਹਾਊਸ ਉਸਾਰੇ ਗਏ ਹਨ ਜਿਸ ਵਿੱਚ ਕੋਲਡ ਸਟੋਰ ਅਤੇ ਫ਼ਲਾਂ ਦੀ ਗਰੇਡਿੰਗ ਕਰਨ ਲਈ ਪਲਾਂਟ ਲਗਾਏ ਗਏ ਹਨ ਜਿਸ ਰਾਹੀਂ ਕਿਸਾਨ ਆਪਣੇ ਫ਼ਲਾਂ ਦੀ ਸਹੀ ਗਰੇਡਿੰਗ ਕਰਕੇ ਵਧੇਰੇ ਮੁਨਾਫ਼ਾ ਕਮਾ ਸਕਣਗੇ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਫ਼ਸਲਾਂ ਦੀ ਪੈਦਾਵਾਰ ਵਧਾਉਣ ਲਈ ਨੈਟ ਹਾਊਸ ਲਗਾਉਣ ਸਬੰਧੀ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ। ਬਾਗਬਾਨੀ ਵਿਕਾਸ ਅਫ਼ਸਰ ਸ੍ਰੀ ਅਵਤਾਰ ਸਿੰਘ ਨੇ ਇਸ ਮੌਕੇ ਤੇ ਬਾਗਬਾਨੀ ਵਿਭਾਗ ਦੀਆਂ ਵੱਖ-ਵੱਖ ਸਕੀਮਾਂ ਤੋਂ ਇਲਾਵਾ ਕੌਮੀ ਬਾਗਬਾਨੀ ਮਿਸ਼ਨ ਅਧੀਨ ਆਉਂਦੀਆਂ ਸਕੀਮਾਂ ਅਤੇ ਉਨ੍ਹਾਂ ਤੇ ਮਿਲਣ ਵਾਲੀ ਵਿੱਤੀ ਸਹਾਇਤਾ ਸਬੰਧੀ ਜਾਣਕਾਰੀ ਦਿੱਤੀ। ਖੇਤੀਬਾੜੀ ਵਿਭਾਗ ਦੇ ਜ਼ਿਲ੍ਹਾ ਟਰੈਨਿੰਗ ਅਫ਼ਸਰ ਡਾ. ਚਮਨ ਲਾਲ ਵਸ਼ਿਸ਼ਟ ਨੇ ਖੇਤੀਬਾੜੀ ਵਿਭਾਗ ਦੀਆਂ ਵੱਖ-ਵੱਖ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਜਿਲ੍ਹਾ ਸੂਚਨਾ ਅਫ਼ਸਰ ਅਤੇ ਜ਼ਿਲ੍ਹਾ ਇਨਫਾਰਮੇਸ਼ਨ ਐਸੋਸੀਏਟ ਸ੍ਰੀ ਪ੍ਰਦੀਪ ਸਿੰਘ ਅਤੇ ਸ੍ਰੀਮਤੀ ਰੁਪਿੰਦਰ ਕੌਰ ਵੱਲੋਂ ਦੱਸਿਆ ਗਿਆ ਕਿ ਅੱਜ ਦਾ ਯੁੱਗ ਸੂਚਨਾ ਤਕਨੋਲਜੀ ਦਾ ਯੁੱਗ ਹੈ। ਕਿਸਾਨਾਂ ਨੂੰ ਖੇਤੀ ਸਬੰਧੀ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਐਗਮਾਰਕ ਨੈਟ ਪੋਰਟਲ ਤੇ ਉਪਲਬੱਧ ਸੂਚਨਾ ਦੀ ਸਹਾਇਤਾ ਲੈਣੀ ਚਾਹੀਦੀ ਹੈ। ਇਸ ਪੋਰਟਲ ਤੇ ਭਾਰਤ ਸਰਕਾਰ ਵੱਲੋਂ ਦੇਸ਼ ਦੀਆਂ 4000 ਮੰਡੀਆਂ ਵਿੱਚ ਆ ਰਹੀਆਂ ਖੇਤੀ ਜਿਨਸਾਂ ਦੀ ਆਮਦ ਅਤੇ ਭਾਅ ਤੋਂ ਇਲਾਵਾ ਮੌਸਮ ਅਤੇ ਖੇਤੀ ਦੇ ਉਤਪਾਦਨ ਅਤੇ ਮੰਡੀ ਕਰਨ ਸਬੰਧੀ ਭਰਪੂਰ ਜਾਣਕਾਰੀ ਉਪਲਬੱਧ ਹੈ। ਇਸ ਮੌਕੇ ਤੇ ਖੇਤੀ ਮਾਹਿਰਾਂ ਵੱਲੋਂ ਕਣਕ ਅਤੇ ਝੋਨੇ ਦੇ ਫ਼ਸਲੀ ਚੱਕਰ ਨੂੰ ਛੱਡ ਕੇ ਵਧੇਰੇ ਮੁਨਾਫ਼ਾ ਦੇਣ ਵਾਲੀਆਂ ਫ਼ਲ ਅਤੇ ਸਬਜੀਆਂ ਦੀ ਕਾਸ਼ਤ ਕਰਨ ਸਬੰਧੀ ਜੋਰ ਦਿੰਦਿਆਂ ਦੱਸਿਆ ਕਿ ਜਾਲੀਦਾਰ ਘਰਾਂ ਵਿੱਚ ਰੰਗਦਾਰ ਸ਼ਿਮਲਾ ਮਿਰਚ, ਟਮਾਟਰ, ਖੀਰਾ, ਗੋਭੀ ਅਤੇ ਫੁੱਲਾਂ ਦੀ ਖੇਤੀ ਕਰਕੇ ਉਹ ਰਿਵਾਇਤੀ ਖੇਤੀ ਨਾਲੋਂ 3-4 ਗੁਣਾ ਵੱਧ ਮੁਨਾਫਾ ਕਮਾ ਸਕਦੇ ਹਨ। ਇਹ ਵਿੱਧੀ ਅਪਨਾਉਣ ਨਾਲ ਧਰਤੀ ਦੀ ਉਪਜਾਊ ਸ਼ਕਤੀ, ਵਾਤਾਵਰਣ ਅਤੇ ਪਾਣੀ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਵਿੱਚ ਮੱਦਦ ਮਿਲਦੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਵੱਲੋਂ ਵੀ ਕਿਸਾਨਾਂ ਨੂੰ ਖੇਤੀ ਸਬੰਧੀ ਨਵੀਆਂ ਤਕਨੀਕਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਜਨਰਲ ਮੈਨੇਜਰ (ਪ੍ਰੋਜੈਕਟ) ਪੰਜਾਬ ਮੰਡੀ ਬੋਰਡ ਸ੍ਰੀ ਗੁਰਵਰਿੰਦਰ ਪਾਲ ਸਿੰਘ ਰੰਧਾਵਾ, ਨੇ ਕਿਸਾਨਾਂ ਨੂੰ ਮੰਡੀ ਬੋਰਡ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸਾਨਾਂ ਨੂੰ ਚਾਹੀਦਾ ਹੈ ਕਿ ਜਦੋਂ ਮੰਡੀਆਂ ਵਿੱਚ ਫ਼ਲ ਅਤੇ ਸਬਜੀਆਂ ਦਾ ਗਲੱਟ ਆ ਜਾਂਦਾ ਹੈ ਅਤੇ ਭਾਅ ਘੱਟ ਜਾਂਦੇ ਹਨ ਤਾਂ ਉਸ ਸਮੇਂ ਉਹ ਆਪਣੇ ਫ਼ਲ ਅਤੇ ਸਬਜੀਆਂ ਮੰਡੀ ਬੋਰਡ ਵੱਲੋਂ ਬਣਾਏ ਗਏ ਪੈਕ ਹਾਊਸਾਂ ਦੇ ਕੋਲਡ ਸਟੋਰਾਂ ਵਿੱਚ ਰੱਖ ਕੇ ਭਾਅ ਵੱਧਣ ਉਪਰੰਤ ਉਨ੍ਹਾਂ ਨੂੰ ਵੇਚ ਕੇ ਜ਼ਿਆਦਾ ਪੈਸਾ ਕਮਾ ਸਕਦੇ ਹਨ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਮੰਡੀ ਅਫ਼ਸਰ ਨਿਰਮਲ ਸਿੰਘ ਮਹਿਰਾ, ਡੀ ਜੀ ਐਮ ਪੰਜਾਬ ਮੰਡੀ ਬੋਰਡ ਆਰ ਪੀ ਐਸ ਧਾਲੀਵਾਲ, ਐਸ ਸੀ ਮੰਡੀ ਬੋਰਡ ਡੀ ਐਸ ਆਹਲੂਵਾਲੀਆ, ਸਕੱਤਰ ਮਾਰਕੀਟ ਕਮੇਟੀ ਸਵਰਨ ਸਿੰਘ ਬਾਠ, ਬਾਗਬਾਨੀ ਅਫ਼ਸਰ ਅਵਤਾਰ ਸਿੰਘ, ਸਕੱਤਰ ਮਾਰਕਿਟ ਕਮੇਟੀ ਗੜ੍ਹਸ਼ਕਰ ਰਾਮਜੀ ਦਾਸ, ਮੰਡੀ ਸੁਪਰਵਾਈਜਰ ਜਗਰੂਪ ਸਿੰਘ, ਰਜਿੰਦਰ ਸਿੰਘ, ਪ੍ਰਵੀਨ ਕੁਮਾਰ, ਬਲਦੇਵ ਚੰਦ, ਰੂਪਵੀਰ, ਸਤਿੰਦਰ ਸਿੰਘ ਅਤੇ ਵੱਖ-ਵੱਖ ਪਿੰਡਾਂ ਤੋਂ ਆਏ ਕਿਸਾਨ ਤੇ ਬਾਗਬਾਨ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
Post a Comment