ਹੁਸ਼ਿਆਰਪੁਰ, 1 ਮਾਰਚ/ਸਫਲਸੋਚ/ ਪੰਜਾਬ ਪੁਲਿਸ ਵਿੱਚ 5000 ਮਹਿਲਾ ਪੁਲਿਸ ਕਰਮਚਾਰੀਆਂ ਦੀ ਭਰਤੀ ਤੋਂ ਬਾਅਦ ਮਹਿਲਾ ਪੁਲਿਸ ਅਫ਼ਸਰਾਂ ਦੀ ਭਰਤੀ ਪੰਜਾਬ ਸਰਕਾਰ ਵੱਲੋਂ ਜਲਦੀ ਕੀਤੀ ਜਾਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰੀ ਈਸ਼ਵਰ ਚੰਦਰ ਸ਼ਰਮਾ ਇੰਸਪੈਕਟਰ ਜਨਰਲ ਪੁਲਿਸ-ਕਮ-ਐਡੀਸ਼ਨਲ ਡਾਇਰੈਕਟਰ ਪੰਜਾਬ ਪੁਲਿਸ ਅਕੈਡਮੀ ਫਿਲੌਰ ਨੇ ਅੱਜ ਇਥੇ ਪੀ ਆਰ ਟੀ ਸੀ ਜਹਾਨਖੇਲਾਂ ਵਿਖੇ 243ਵੇਂ ਬੈਚ ਵਿੱਚ 354 ਪੰਜਾਬ ਪੁਲਿਸ ਦੇ ਟਰੇਨਿੰਗ ਪ੍ਰਾਪਤ ਕਰ ਚੁੱਕੇ ਸਿਪਾਹੀਆਂ ਦੀ ਪਾਸਿੰਗ ਆਊਟ ਪਰੇਡ ਮੌਕੇ ਪ੍ਰਭਾਵਸ਼ਾਲੀ ਮਾਰਚ ਪਾਸਟ ਤੋਂ ਸਲਾਮੀ ਲੈਣ ਉਪਰੰਤ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਪੁਲਿਸ ਕਰਮਚਾਰੀਆਂ ਨੂੰ ਦਿੱਤੀਆਂ ਜਾ ਰਹੀਆਂ ਚੰਗੀਆਂ ਤਨਖਾਹਾਂ ਅਤੇ ਅਧੁਨਿਕ ਸਹੂਲਤਾਂ ਕਾਰਨ ਪੁਲਿਸ ਵੱਲੋਂ ਨਿਰਧਾਰਤ ਵਿਦਿਅਕ ਯੋਗਤਾ ਤੋਂ ਵੱਧ ਪੜ੍ਹੇ ਲਿਖੇ ਨੌਜਵਾਨ ਪੁਲਿਸ ਵਿੱਚ ਭਰਤੀ ਹੋ ਰਹੇ ਹਨ। ਜਿਨ੍ਹਾਂ ਨਾਲ ਪੰਜਾਬ ਪੁਲਿਸ ਦੀ ਕਾਰਜਕੁਸ਼ਲਤਾ ਵਿੱਚ ਹੋਰ ਵਾਧਾ ਹੋਵੇਗਾ। ਸ੍ਰੀ ਈਸ਼ਵਰ ਚੰਦਰ ਸ਼ਰਮਾ ਨੇ ਟਰੇਨਿੰਗ ਪ੍ਰਾਪਤ ਕਰ ਚੁੱਕੇ ਨੌਜਵਾਨਾਂ ਦੀ ਪ੍ਰਭਾਵਸ਼ਾਲੀ ਪਰੇਡ ਦੀ ਸ਼ਲਾਘਾ ਕਰਦੇ ਹੋਏ ਪਾਸ ਆਊਟ ਹੋ ਕੇ ਜਾ ਰਹੇ ਪੁਲਿਸ ਕਾਂਸਟੇਬਲਾਂ ਨੂੰ ਆਪਣੀ ਡਿਊਟੀ ਲੋਕ ਸੇਵਾ ਦੇ ਸੰਕਲਪ ਨੂੰ ਧਿਆਨ ਵਿੱਚ ਰੱਖ ਕੇ ਕਰਨ ਦਾ ਸੰਦੇਸ਼ ਦਿੱਤਾ। ਉਨ੍ਹਾਂ ਨੌਜਵਾਨਾਂ ਨੂੰ ਭਾਵੀ ਪੇਸ਼ੇਵਾਰਾਨਾ ਜਿੰਦਗੀ ਵਿੱਚ ਆਪਣੀ ਡਿਊਟੀ ਨਿਜੀ ਸਵਾਰਥ ਤੋਂ ਉਪਰ ਰੱਖਣ ਦੀ ਪ੍ਰੇਰਨਾ ਦਿੰਦੇ ਹੋਏ ਸਾਰੀਆਂ ਕਠਿਨ ਪ੍ਰਸਿਥਤੀਆਂ ਵਿੱਚ ਆਪਣੀ ਡਿਊਟੀ ਦੇ ਆਦਰਸ਼ਾਂ ਨੂੰ ਯਾਦ ਰੱਖਣ ਦੀ ਤਾਕੀਦ ਵੀ ਕੀਤੀ। ਉਨ੍ਹਾਂ ਨੇ ਪੀ ਆਰ ਟੀ ਸੀ ਜਹਾਨਖੇਲਾਂ ਤੋਂ ਪਾਸ ਆਊਟ ਹੋ ਕੇ ਜਾ ਰਹੇ ਨੌਜਵਾਨਾਂ ਨੂੰ ਵਧਾਈ ਦਿੱਤੀ। ਇਸ ਮੌਕੇ ਪੀ.ਆਰ.ਟੀ.ਸੀ. ਜਹਾਨਖੇਲਾਂ ਦੇ ਕਮਾਂਡੈਂਟ ਸ੍ਰੀ ਰਵਿੰਦਰ ਕੁਮਾਰ ਬਖਸ਼ੀ ਨੇ ਸਿਖਲਾਈ ਦੌਰਾਨ ਸਿਖਿਆਰਥੀਆਂ ਨੂੰ ਦਿੱਤੇ ਗੲ ਪੇਸ਼ੇਵਾਰਾਨਾ ਹੁਨਰਾ ਦਾ ਵੇਰਵਾ ਦਿੰਦੇ ਹੋਏ ਵਿਸ਼ਵਾਸ਼ ਪ੍ਰਗਟਾਇਆ ਕਿ ਪਾਸ ਆਊਟ ਹੋ ਕੇ ਜਾ ਰਹੇ ਸਾਰੇ ਸਿਖਿਆਰਥੀ ਕਾਨੂੰਨ ਅਤੇ ਵਿਵਸਥਾ ਦੀਆਂ ਸਥਿਤੀਆਂ ਦਾ ਸਾਹਮਣਾ ਕਾਮਯਾਬੀ ਨਾਲ ਕਰ ਸਕਣਗੇ। ਇਸ ਮੌਕੇ ਤੇ ਪਾਸ ਆਊਟ ਹੋ ਕੇ ਜਾਣ ਵਾਲੇ ਪੰਜਾਬ ਪੁਲਿਸ ਦੇ ਕਾਂਸਟੇਬਲਾਂ ਵੱਲੋਂ ਸਭਿਆਚਾਰਕ ਗਤੀਵਿਧੀਆਂ ਵਿੱਚ ਸਰੀਰਕ ਕਸਰਤਾਂ, ਮਲਖਮ ਅਤੇ ਭੰਗੜਾ ਆਦਿ ਦਾ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ। ਇਸ ਮੌਕੇ ਪੰਜਾਬ ਪੁਲਿਸ ਦੇ ਕਮਾਂਡੋ ਟਰੇਨਿੰਗ ਸੈਂਟਰ ਬਹਾਦਰਗੜ੍ਹ ਪਟਿਆਲਾ ਦੇ ਡੀ ਐਸ ਪੀ ਅਵਤਾਰ ਸਿੰਘ, ਪੀ ਆਰ ਟੀ ਸੀ ਜਹਾਨਖੇਲਾਂ ਦੇ ਡੀ ਐਸ ਪੀ ਅਜੀਤ ਰਾਮ, ਡਿਪਟੀ ਕਮਾਂਡੈਂਟ ਖੜਕਾਂ ਡੀ ਐਸ ਪਵਾਰ, ਸਾਬਕਾ ਮੇਜਰ ਦਲਬੀਰ ਸਿੰਘ, ਸੈਕਟਰੀ ਗੋਲਫ ਕਲੱਬ ਪੀ ਐਸ ਗਿੱਲ, ਡੀ ਐਸ ਪੀ (ਰਿਟਾ:) ਜਗਤਾਰ ਸਿੰਘ, ਮੈਡੀਕਲ ਅਫ਼ਸਰ ਪੀ ਆਰ ਟੀ ਸੀ ਜਹਾਨਖੇਲਾਂ ਮਨੋਹਰ ਲਾਲ, ਸੰਜੇ ਚੌਧਰੀ, ਬਲਰਾਮ ਕੁਮਾਰ, ਜੀ ਐਸ ਡੀ ਕਾਲਜ ਹਰਿਆਣਾ ਦੇ ਪ੍ਰਿੰਸੀਪਲ ਗੁਰਦੀਪ ਸ਼ਰਮਾ, ਪੁਲਿਸ ਦੇ ਅਧਿਕਾਰੀ/ ਜਵਾਨ ਅਤੇ ਹੋਰ ਪਤਵੰਤੇ ਹਾਜ਼ਰ ਸਨ।

Post a Comment