ਸ੍ਰੀ ਮੁਕਤਸਰ ਸਾਹਿਬ, 26 ਮਾਰਚ (ਸਫਲਸੋਚ ) ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਸੁਚੱਜੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਪਿਛੜੇ ਵਰਗਾਂ ਦੀ ਭਲਾਈ ਲਈ ਚਲਾਈ ਜਾ ਰਹੀ ਸਗਨ ਸਕੀਮ ਤਹਿਤ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਚਾਲੂ ਵਿੱਤੀ ਵਰੇ ਦੌਰਾਨ ਹੁਣ ਤੱਕ 5500 ਤੋਂ ਵਧੇਰੇ ਲਾਭਪਾਤਰੀਆਂ ਨੂੰ ਸਗਨ ਸਕੀਮ ਅਧੀਨ ਰਾਸ਼ੀ ਉਨ੍ਹਾਂ ਦੇ ਬੈਂਕ ਖਾਤਿਆਂ ਵਿਚ ਭੇਜੀ ਜਾ ਚੁੱਕੀ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਭਲਾਈ ਵਿਭਾਗ ਵੱਲੋਂ 31 ਜਨਵਰੀ 2013 ਤੱਕ ਦੇ ਕੇਸਾਂ ਦੀ ਰਾਸ਼ੀ ਬੈਂਕ ਖਾਤਿਆਂ ਵਿਚ ਪਾਉਣ ਲਈ ਬੈਂਕਾਂ ਨੂੰ ਜਾਰੀ ਕੀਤੀ ਜਾ ਚੁੱਕੀ ਹੈ। ਇਸ ਮੌਕੇ ਜ਼ਿਲ੍ਹਾ ਭਲਾਈ ਅਫ਼ਸਰ ਸ: ਗੁਰਮੀਤ ਸਿੰਘ ਬਰਾੜ ਵੀ ਉਨ੍ਹਾਂ ਦੇ ਨਾਲ ਹਾਜਰ ਸਨ।
ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਅਨੁਸੂਚਿਤ ਜਾਤੀਆਂ ਤੇ
ਪਛੜੀਆਂ ਸ੍ਰੇਣੀਆਂ ਦੇ ਲਾਭਪਾਤਰੀਆਂ ਦੇ ਜ਼ਿਲ੍ਹੇ ਅੰਦਰ ਸਾਲ 2009-10 ਤੋਂ ਲੈ ਕੇ ਸਾਲ 2012 -13 ਦੇ ਸ਼ਗਨ ਸਕੀਮ ਸਬੰਧੀ ਬਕਾਇਆ ਪਏ ਕੇਸਾਂ ਦਾ ਨਿਪਟਾਰਾ ਕਰਕੇ ਰਾਸ਼ੀ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਪਾ ਦਿੱਤੀ ਹੈ।
ਇਸ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਸਾਲ 2009-10 ਦੇ ਬਕਾਇਆ 1138 ਲਾਭਪਾਤਰੀਆਂ ਨੂੰ 170.70 ਲੱਖ ਰੁਪਏ ਬੈਂਕ ਖਾਤਿਆਂ ਵਿਚ ਪਾਈ ਜਾ ਚੁੱਕੀ ਹੈ। ਇਸ ਸਾਲ ਦੇ 41 ਲਾਭਪਾਤਰੀਆਂ ਦੇ ਸਹੀ ਖਾਤੇ ਪ੍ਰਾਪਤ ਨਹੀਂ ਹੋਏ। ਇਸੇ ਤਰਾਂ ਸਾਲ 2010‑11 ਦੇ 2664 ਲਾਭਪਾਤਰੀਆਂ ਨੂੰ 369.60 ਲੱਖ ਰੁਪਏ ਦੀ ਰਾਸ਼ੀ ਬੈਂਕ ਖਾਤਿਆਂ ਵਿਚ ਤਕਸੀਮ ਕੀਤੀ ਗਈ ਹੈ। ਸਾਲ 2011‑12 ਦੇ 986 ਕੇਸਾਂ ਦਾ ਨਿਪਟਾਰਾ ਪਿਛਲੇ ਸਾਲ ਹੀ ਜ਼ਿਲ੍ਹਾ ਪੱਧਰ ਤੇ ਕਰ ਦਿੱਤਾ ਗਿਆ ਸੀ ਜਦ ਕਿ 1391 ਕੇਸਾਂ ਦਾ ਨਿਪਟਾਰਾ ਈ.ਬੀ.ਟੀ ਸਕੀਮ ਰਾਹੀਂ 208.65 ਲੱਖ ਦੀ ਰਾਸ਼ੀ ਬੈਂਕ ਖਾਤਿਆਂ ਵਿਚ ਤਬਦੀਲ ਕਰਕੇ ਕੀਤਾ ਗਿਆ ਸੀ। ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ ਨੇ ਅੱਗੇ ਦੱਸਿਆ ਕਿ ਚਾਲੂ ਵਿੱਤੀ ਸਾਲ ਦੌਰਾਨ 31 ਜਨਵਰੀ 2013 ਤੱਕ 1897 ਲਾਭਪਾਤਰੀਆਂ ਨੂੰ 284.55 ਲੱਖ ਰੁਪਏ ਜਾਰੀ ਕੀਤੇ ਗਏ ਹਨ।
ਜ਼ਿਲ੍ਹਾ ਭਲਾਈ ਅਫ਼ਸਰ ਸ: ਗੁਰਮੀਤ ਸਿੰਘ ਨੇ ਇਸ ਮੌਕੇ ਦੱਸਿਆ ਕਿ ਸਰਕਾਰ ਦੇ ਨਿਯਮਾਂ ਅਨੁਸਾਰ ਵਿਆਹ ਤੋਂ ਬਾਅਦ ਪ੍ਰਾਪਤ ਹੋਣ ਵਾਲੀਆਂ ਅਰਜੀਆਂ ਰੱਦ ਕਰ ਦਿੱਤੀਆਂ ਜਾਂਦੀਆਂ ਹਨ। ਇਸੇ ਕਾਰਨ ਇਸ ਸਾਲ 779 ਅਰਜੀਆਂ ਰੱਦ ਕੀਤੀਆਂ ਗਈਆਂ ਹਨ। ਇਥੇ ਇਹ ਵੀ ਜਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਸ਼ਗਨ ਸਕੀਮ ਤਹਿਤ ਅਨੁਸੂਚਿਤ ਜਾਤੀ ਨਾਲ ਸਬੰਧਤ ਗਰੀਬ ਪਰਿਵਾਰ ਦੀ ਲੜਕੀ ਦੇ ਵਿਆਹ ਮੌਕੇ ਸਬੰਧਤ ਪਰਿਵਾਰ ਨੂੰ 15 ਹਜ਼ਾਰ ਰੁਪਏ ਦੀ ਰਾਸ਼ੀ ਸ਼ਗਨ ਵੱਜੋਂ ਦਿੱਤੀ ਜਾਂਦੀ ਹੈ। ਸ਼ਗਨ ਸਕੀਮ ਦਾ ਲਾਭ ਲੈਣ ਲਈ ਯੋਗ ਲਾਭਪਾਤਰੀ ਵੱਲੋਂ ਆਪਣੀ ਅਰਜ਼ੀ ਵਿਆਹ ਤੋਂ ਪਹਿਲਾਂ ਦਿੱਤੀ ਜਾਣੀ ਲਾਜ਼ਮੀ ਹੈ।
ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ
Post a Comment