‘ਅਮਾਰਤ-ਏ-ਸ਼ਰੀਆ’ ਮੁਸਲਿਮ ਭਾਈਚਾਰੇ ਨੂੰ ਇੱਕ ਮਾਲਾ ਵਿੱਚ ਪਰੋਣ ਦਾ ਸ਼ਲਾਘਾਯੋਗ ਉਪਰਾਲਾ-ਮੁੱਖ ਮੰਤਰੀ

Monday, March 04, 20130 comments


ਮਲੇਰਕੋਟਲਾ (ਸੰਗਰੂਰ),  4 ਮਾਰਚ (ਸੂਰਜ ਭਾਨ ਗੋਇਲ)-ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਆਖਿਆ ਕਿ ਪੰਜਾਬ ਵਕਫ਼ ਬੋਰਡ ਦੀਆਂ ਜਾਇਦਾਦਾਂ ’ਤੇ ਹੋਏ ਨਜਾਇਜ਼ ਕਬਜ਼ਿਆਂ ਨੂੰ ਛੁਡਾਉਣ ਲਈ ਸੂਬਾ ਸਰਕਾਰ ਵੱਲੋਂ ਹਰ ਸੰਭਵ ਚਾਰਾਜੋਈ ਕੀਤੀ ਜਾਵੇਗੀ ਤਾਂ ਜੋ ਇਨਾਂ ਜਾਇਦਾਦਾਂ ਤੋਂ ਹੋਣ ਵਾਲੀ ਆਮਦਨ ਨਾਲ ਬੋਰਡ ਮੁਸਲਿਮ ਭਾਈਚਾਰੇ ਦੇ ਸਰਬਪੱਖੀ ਵਿਕਾਸ ਲਈ ਹੋਰ ਵਧੇਰੇ ਉਪਰਾਲੇ ਕਰ ਸਕੇ।
ਅੱਜ ਇਥੇ ਪੰਜਾਬ ਵਕਫ਼ ਬੋਰਡ ਦੇ ਚੇਅਰਮੈਨ ਮੁਹੰਮਦ ਇਜ਼ਹਾਰ ਆਲਮ ਦੀ ਰਹਿਨੁਮਾਈ ਹੇਠ ‘ਅਮਾਰਤ-ਏ-ਸ਼ਰੀਆ (ਮੁਸਲਿਮ ਵੈ¤ਲਫੇਅਰ ਐਂਡ ਸ਼ਰੀਅਤ ਸੁਸਾਇਟੀ) ਦੇ ਉਦਘਾਟਨ ਮੌਕੇ ਹੋਈ ਕਾਨਫਰੰਸ ’ਚ ਵੱਡੀ ਗਿਣਤੀ ਵਿੱਚ ਪੰਜਾਬ ਦੇ ਕੋਨ-ਕੋਨੇ ਤੋਂ ਪਹੁੰਚੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਸ. ਬਾਦਲ ਨੇ ਆਖਿਆ ਕਿ ਅਕਾਲੀ-ਭਾਜਪਾ ਸਰਕਾਰ ਨੇ ਮੁਸਲਿਮ ਭਾਈਚਾਰੇ ਦੀ ਭਲਾਈ ਲਈ ਪੰਜਾਬ ਵਕਫ਼ ਬੋਰਡ ਦੀ ਮੁੜ ਸੁਰਜੀਤੀ ਕੀਤੀ ਸੀ ਤਾਂ ਕਿ ਬੋਰਡ ਦੀਆਂ ਜਾਇਦਾਦਾਂ ਦੀ ਸਹੀ ਸਾਂਭ ਸੰਭਾਲ ਕੀਤੀ ਜਾ ਸਕੇ ਅਤੇ ਅਜੇ ਵੀ ਜੇਕਰ ਕੋਈ ਜਾਇਦਾਦਾਂ ਨਾਲ ਸੰਬੰਧਤ ਮਾਮਲਾ ਹੱਲ ਹੋਣੋਂ ਰਹਿੰਦਾ ਹੈ ਤਾਂ ਉਸ ਲਈ ਸੂਬਾ ਸਰਕਾਰ ਵੱਲੋਂ ਫੌਰੀ ਤੌਰ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਅਮਾਰਤ-ਏ-ਸ਼ਰੀਆ ਦੀ ਸਿਰਜਣਾ ਕਰਨ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਇਸ ਕਦਮ ਨਾਲ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਇੱਕ ਮਾਲਾ ਵਿੱਚ ਪਰੋਇਆ ਜਾ ਸਕੇਗਾ ਕਿਉਂਜੋ ਕਿਸੇ ਵੀ ਕੌਮ ਦੀ ਏਕਤਾ ਉਸ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਅਹਿਮ ਭੂਮਿਕਾ ਨਿਭਾਉਂਦੀ ਹੈ। ਉਨਾਂ ਆਖਿਆ ਕਿ ‘ਅਮਾਰਤ-ਏ-ਸ਼ਰੀਆ ਦਾ ਸਭ ਤੋਂ ਮਹੱਤਵਪੂਰਨ ਨਿਸ਼ਾਨਾ ਦੂਜੇ ਧਰਮਾਂ ਨਾਲ ਪਿਆਰ, ਮੇਲ ਮਿਲਾਪ ਤੇ ਭਾਈਚਾਰਕ ਸਾਂਝ ਨੂੰ ਹੋਰ ਪ੍ਰਪੱਕ ਕਰਨਾ ਹੈ ਕਿਉਂ ਜੋ ਸਿੱਖ ਭਾਈਚਾਰੇ ਦੀ ਆਪਣੇ ਗੁਰੂ ਸਾਹਿਬਾਨ ਤੋਂ ਲੈ ਕੇ ਅੱਜ ਤੱਕ ਮੁਸਲਿਮ ਭਾਈਚਾਰੇ ਨਾਲ ਚਿਰ ਸਦੀਵੀ ਸਾਂਝ ਰਹੀ ਹੈ। ਇਸ ਦੀ ਸਭ ਤੋਂ ਵੱਡੀ ਮਿਸਾਲ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਸਾਂਈ ਮੀਆਂ ਮੀਰ ਜੀ ਵੱਲੋਂ ਰੱਖੇ ਜਾਣਾ ਹੈ। ਉਨਾਂ ਕਿਹਾ ਕਿ ਪੰਜਾਬ ਵਿੱਚ ਅੱਜ ਸਾਰੇ ਧਰਮਾਂ ਦਾ ਸਾਂਝਾ ਰਾਜ ਹੈ ਅਤੇ ਸਾਡੀ ਸਰਕਾਰ ਨੇ ਹਮੇਸ਼ਾਂ ਹੀ ਅਮਨ ਸ਼ਾਂਤੀ, ਫਿਰਕੂ ਸਦਭਾਵਨਾ, ਆਪਸੀ ਪਿਆਰ ਅਤੇ ਭਾਈਚਾਰਕ ਸਾਂਝ ਕਾਇਮ ਰੱਖਣ ਲਈ ਦ੍ਰਿੜਤਾ ਨਾਲ ਪਹਿਰਾ ਦਿੱਤਾ ਹੈ।
ਅਕਾਲੀ-ਭਾਜਪਾ ਸਰਕਾਰ ਵੱਲੋਂ ਮੁਸਲਿਮ ਭਾਈਚਾਰੇ ਦੇ ਸਰਬਪੱਖੀ ਵਿਕਾਸ ਲਈ ਚੁੱਕੇ ਗਏ ਕਦਮਾਂ ਦਾ ਜ਼ਿਕਰ ਕਰਦਿਆਂ ਸ. ਬਾਦਲ ਨੇ ਆਖਿਆ ਕਿ ਘੱਟ ਗਿਣਤੀਆਂ ਦੇ ਹਿੱਤਾਂ ਦੀ ਰਾਖੀ ਅਤੇ ਭਲਾਈ ਵਾਸਤੇ ਘੱਟ ਗਿਣਤੀ ਕਮਿਸ਼ਨ ਕਾਇਮ ਕੀਤਾ ਗਿਆ, ਜਿਸ ਵਿੱਚ ਮੁਸਲਿਮ ਭਾਈਚਾਰੇ ਦੇ ਤਿੰਨ ਮੈਂਬਰਾਂ ਨੂੰ ਨੁਮਾਇੰਦਗੀ ਦਿੱਤੀ ਗਈ ਤਾਂ ਕਿ ਘੱਟ ਗਿਣਤੀਆਂ ਨਾਲ ਸੰਬੰਧਤ ਲੋਕਾਂ ਨੂੰ ਕਿਸੇ ਵੀ ਤਰਾਂ ਦੀ ਸਮੱਸਿਆ ਨੂੰ ਫੌਰੀ ਤੌਰ ’ਤੇ ਨਜਿੱਠਿਆ ਜਾ ਸਕੇ। ਉਨਾਂ ਕਿਹਾ ਕਿ ਮੁਸਲਿਮ ਭਾਈਚਾਰੇ ਲਈ ਕਬਰਿਸਤਾਨ ਵਾਸਤੇ ਲੋੜੀਂਦੀ ਜਗਾ ਦੇਣ ਵਾਸਤੇ ਸਮੂਹ ਪੰਚਾਇਤਾਂ, ਸਰਕਾਰੀ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਹੋਏ ਹਨ। ਇਥੋਂ ਤੱਕ ਕਿ ਜਗਾ ਨਾ ਹੋਣ ਦੀ ਸੂਰਤ ਵਿੱਚ ਜ਼ਮੀਨ ਖਰੀਦ ਕੇ ਮੁਹੱਈਆ ਕਰਾਉਣ ਲਈ ਆਖਿਆ ਗਿਆ ਹੈ। ਉਨਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਚਲਾਈ ਜਾ ਰਹੀ ਸ਼ਗਨ ਸਕੀਮ ਦਾ ਲਾਭ ਹੁਣ ਮੁਸਲਿਮ ਅਤੇ ਈਸਾਈ ਭਾਈਚਾਰੇ ਨੂੰ ਵੀ ਦਿੱਤਾ ਜਾ ਰਿਹਾ ਹੈ। ਸ. ਬਾਦਲ ਨੇ ਆਖਿਆ ਕਿ ਜਿੱਥੇ ਉਰਦੂ ਭਾਸ਼ਾ ਦੇ ਵਿਕਾਸ ਲਈ ਮਲੇਰਕੋਟਲਾ ਵਿੱਚ ਹੀ ਉਰਦੂ ਅਕਾਦਮੀ ਦੀ ਸਥਾਪਨਾ ਕੀਤੀ ਗਈ ਹੈ ਉਥੇ ਹੀ ਹੁਣ ਮੁਸਲਿਮ ਭਾਈਚਾਰੇ ਦੇ ਨੌਜਵਾਨਾਂ ਨੂੰ ਤਕਨੀਕੀ ਸਿੱਖਿਆ ਮੁਹੱਈਆ ਕਰਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ ਕਿਉਂਜੋ ਇਸ ਭਾਈਚਾਰੇ ਦੇ ਲੋਕਾਂ ਦੀ ਤਕਨੀਕੀ ਹੁਨਰ ਵਿੱਚ ਮੁਹਾਰਤ ਹੈ। ਇਸ ਮੌਕੇ ਸ. ਬਾਦਲ ਨੇ ਆਖਿਆ ਕਿ ਮੁਸਲਿਮ ਭਾਈਚਾਰੇ ਦੀ ਆਰਥਿਕ ਤੇ ਸਿੱਖਿਆ ਦੇ ਖੇਤਰ ਵਿੱਚ ਵਿਕਾਸ ਅਤੇ ਤਰੱਕੀ ਲਈ ਸੂਬਾ ਸਰਕਾਰ ਵੱਲੋਂ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ। ਉਨਾਂ ਇਸ ਮੌਕੇ ਮਲੇਰਕੋਟਲਾ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨਾਂ ਨੇ ਸੂਝਵਾਨ ਸਖ਼ਸ਼ੀਅਤ ਫਰਜ਼ਾਨਾ ਨਿਸਾਰਾ ਖ਼ਾਤੂਨ ਨੂੰ ਵਿਧਾਇਕ ਬਣਾ ਕੇ ਹਲਕੇ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ।
ਇਸ ਮੌਕੇ ਪੰਜਾਬ ਵਕਫ਼ ਬੋਰਡ ਦੇ ਚੇਅਰਮੈਨ ਮੁਹੰਮਦ ਇਜ਼ਹਾਰ ਆਲਮ ਨੇ ਆਪਣੇ ਸੰਬੋਧਨ ਵਿੱਚ ਆਖਿਆ ਕਿ ‘ਅਮਾਰਤ-ਏ-ਸ਼ਰੀਆ ਦਾ ਗਠਨ ਪੰਜਾਬ ਵਿੱਚ ਵੱਸਦੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਇੱਕ ਮੰਚ ’ਤੇ ਲਿਆਉਣ ਅਤੇ ਉਨਾਂ ਦੀ ਭਲਾਈ ਤੇ ਤਰੱਕੀ ਨੂੰ ਯਕੀਨੀ ਬਣਾਉਣਾ ਹੈ ਅਤੇ ਇਸ ਤੋਂ ਵੀ ਵੱਧ ਦੂਜੇ ਧਰਮਾਂ ਨਾਲ ਆਪਸੀ ਰਿਸ਼ਤਿਆਂ ਨੂੰ ਹੋਰ ਮਜਬੂਤ ਕਰਨਾ ਹੈ। ਉਨਾਂ ਆਖਿਆ ਕਿ ਸੁਸਾਇਟੀ ਵੱਲੋਂ ਸਿੱਖਿਆ ਦੇ ਪਸਾਰ ਲਈ ਪਿੰਡ ਜਮਾਲਪੁਰ (ਮਲੇਰਕੋਟਲਾ) ਵਿਖੇ ਕਾਨਵੈਂਟ ਸਕੂਲ ਦੀ ਸਥਾਪਨਾ ਕੀਤੀ ਜਾ ਰਹੀ ਹੈ। ਇਸ ਮੌਕੇ ਉਨਾਂ ਨੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵੱਲੋਂ ਮੁਸਲਿਮ ਭਾਈਚਾਰੇ ਦੀ ਭਲਾਈ ਲਈ ਚੁੱਕੇ ਕਦਮਾਂ ਲਈ ਵਿਸ਼ੇਸ਼ ਤੌਰ ’ਤੇ ਧੰਨਵਾਦ ਕਰਦਿਆਂ ਮੰਗ ਕੀਤੀ ਕਿ ਸਰਕਾਰ ਵੱਲੋਂ ਮੁਸਲਿਮ ਭਾਈਚਾਰੇ ਲਈ ਬਣਾਈਆਂ ਗਈਆਂ ਸਕੀਮਾਂ ਨੂੰ ਸਹੀ ਮਾਅਨਿਆਂ ਵਿੱਚ ਅਮਲ ਵਿੱਚ ਲਿਆਉਣ ਲਈ ਹੇਠਲੇ ਪੱਧਰ ਤੱਕ ਹਦਾਇਤਾਂ ਜਾਰੀ ਕੀਤੀਆਂ ਜਾਣ ਤਾਂ ਕਿ ਹਰ ਲਾਭਪਾਤਰੀ ਤੱਕ ਇਸ ਦਾ ਫਾਇਦਾ ਪਹੁੰਚ ਸਕੇ।
ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੁੱਖ ਸੰਸਦੀ ਸਕੱਤਰ ਫਰਜ਼ਾਨਾ ਨਿਸਾਰਾ ਖ਼ਾਤੂਨ ਨੇ ਸੁਸਾਇਟੀ ਨੂੰ 10 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਅਤੇ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਵੱਲੋਂ ਅੱਗੇ ਤੋਂ ਵੀ ਸੁਸਾਇਟੀ ਹਰ ਸੰਭਵ ਸਹਾਇਤਾ ਦਿੱਤੀ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਤੋਂ ਜਨਾਬ ਕਮਾਲ ਫਰੂਕੀ, ਅਮਾਰਤ-ਏ-ਸ਼ਰੀਆ ਬਿਹਾਰ, ਝਾਰਖੰਡ ਤੇ ਉੜੀਸਾ ਤੋਂ ਜਨਾਬ ਵਸੀਅ ਅਹਿਮਦ ਕਾਸਮੀ, ਬਿਹਾਰ ਸਟੇਟ ਮਦਰੱਸਾ ਐਗਜ਼ਾਮੀਨੇਸ਼ਨ ਬੋਰਡ ਦੇ ਚੇਅਰਮੈਨ ਜਨਾਬ ਮੁਮਤਾਜ਼ ਆਲਮ ਅਤੇ ਮੁਫਤੀ ਫਜ਼ਲ ਉਰ ਰਹਿਮਾਨ ਉਸਮਾਨੀ ਤੋਂ ਇਲਾਵਾ ਮੁਸਲਿਮ ਭਾਈਚਾਰੇ ਦੀਆਂ ਵੱਖ-ਵੱਖ ਸਖ਼ਸ਼ੀਅਤਾਂ ਨੇ ਵੀ ਆਪਣੇ ਵਿਚਾਰ ਰੱਖੇ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਅਤੇ ਮੈਂਬਰ ਰਾਜ ਸਭਾ ਸ. ਸੁਖਦੇਵ ਸਿੰਘ ਢੀਂਡਸਾ ਅਤੇ ਹੋਰ ਹਾਜ਼ਰ ਸਨ।
  
Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger