ਸੁਨਾਮ-ਜਿਲ੍ਹਾ ਸੰਗਰੂਰ ਦੇ ਪਿੰਡ ਛਾਜਲੀ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ, ਨਗਰ ਪੰਚਾਇਤ ਅਤੇ ਨੌਜਵਾਨ ਕਲੱਬ ਦੇ ਉਪਰਾਲੇ ਸਦਕਾ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਗਏ ਗੁਰਮਤਿ ਸਮਾਗਮਾਂ ਵਿਚ ਪੰਥਕ ਸੇਵਾ ਲਹਿਰ ਦੇ ਮੁਖੀ ਸੰਤ ਬਾਬਾ ਬਲਜੀਤ ਸਿੰਘ ਜੀ ਖ਼ਾਲਸਾ ਦਾਦੂਵਾਲ ਨੇ ਜਥੇ ਸਮੇਤ ਪਹੁੰਚ ਕੇ ਸਿੱਖ ਸੰਗਤਾਂ ਨੂੰ ਗੁਰਬਾਣੀ, ਇਤਿਹਾਸ ਸੁਣਾ ਕੇ ਨਿਹਾਲ ਕੀਤਾ । ਕਥਾ ਕੀਰਤਨ ਦੌਰਾਨ ਸੰਤ ਦਾਦੂ ਸਾਹਿਬ ਵਾਲਿਆਂ ਨੇ ਸਿੱਖ ਸੰਗਤਾਂ ਨੂੰ ਗੁਰਬਾਣੀ ਪੜ੍ਹਨ-ਸੁਣਨ ਅਤੇ ਮੰਨਣ ਦੀ ਪ੍ਰੇਰਨਾ ਕੀਤੀ । ਉਨ੍ਹਾਂ ਸਿੱਖ ਧਰਮ ਦੀਆਂ ਸਰਬੱਤ ਦੇ ਭਲੇ ਲਈ ਕੀਤੀਆਂ ਕੁਰਬਾਨੀਆਂ ਦਾ ਜਿਕਰ ਕਰਦਿਆਂ ਗੁਰੂ ਸਾਹਿਬਾਨਾਂ ਅਤੇ ਸਿੱਖਾਂ ਵੱਲੋਂ ਜ਼ਾਲਮ ਹਕੂਮਤਾਂ ਦਾ ਮੁਕਾਬਲਾ ਜ਼ਬਰ ਅਤੇ ਸਬਰ ਨਾਲ ਕਰਨ ਦੇ ਇਤਿਹਾਸ ਬਾਰੇ ਸੰਗਤਾਂ ਨੂੰ ਜਾਣੂੰ ਕਰਵਾਉਂਦਿਆਂ ਕਿਹਾ ਕਿ ਸਿੱਖ ਕੌਮ ਨੇ ਬਾਬਰ ਨੂੰ ਜਾਬਰ ਕਹਿਣ ਤੋਂ ਲੈ ਕੇ ਅਨੇਕਾਂ ਘੱਲੂਘਾਰਿਆਂ ਵਿਚੋਂ ਲੰਘਦੇ ਹੋਏ ਹਮੇਸ਼ਾ ਹੀ ਸੱਚ ਦੇ ਪੱਲੇ ਨੂੰ ਫੜ੍ਹੀ ਰੱਖਿਆ ਹੈ, ਭਾਵੇਂ ਇਸ ਦੇ ਬਦਲੇ ਸਾਨੂੰ ਗੋਲੀਆਂ, ਡਾਂਗਾਂ, ਜੇਲ੍ਹਾਂ ਤੇ ਫਾਂਸੀਆਂ ਨਸੀਬ ਹੁੰਦੀਆਂ ਆ ਰਹੀਆਂ ਹਨ। ਭਾਰਤ ਦੇਸ਼ ਦੀ ਆਜ਼ਾਦੀ ਵਿਚ ਸਿੱਖਾਂ ਦਾ 90 ਫੀਸਦੀ ਹਿੱਸਾ ਹੋਣ ਦੇ ਬਾਵਜੂਦ ਵੀ ਸਿੱਖ ਕੌਮ ਨੂੰ ਇਸਦੇ ਬਣਦੇ ਹੱਕਾਂ ਤੋਂ ਮਹਿਰੂਮ ਰੱਖਿਆ ਜਾ ਰਿਹਾ ਹੈ । ਹਕੂਮਤਾਂ ਦੀ ਇਹ ਨੀਤੀ ਹਮੇਸ਼ਾ ਤੋਂ ਹੀ ਜਾਰੀ ਹੈ । ਅੱਜ ਵੀ ਕੌਮੀ ਹੱਕ ਮੰਗਣ ਵਾਲੇ ਸਾਡੇ ਸਿੱਖ ਨੌਜਵਾਨਾਂ ਨੂੰ ਜੇਲ੍ਹਾਂ ਵਿਚ ਡੱਕਿਆ ਹੋਇਆ ਹੈ । ਕਈਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ । ਇਨ੍ਹਾਂ ਬੇਕਸੂਰ ਸਿੱਖਾਂ ਦੀ ਰਿਹਾਈ ਲਈ ਸਾਰੀ ਸਿੱਖ ਕੌੰਮ ਨੂੰ ਇਕਜੁੱਟ ਹੋ ਕੇ ਠੋਸ ਉਪਰਾਲਿਆਂ ਦੀ ਲੋੜ ਹੈ । ਸੰਤ ਦਾਦੂਵਾਲ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਰਹਿਤ ਹੋ ਕੇ ਅੰਮ੍ਰਿਤ ਛਕ ਗੁਰੂ ਵਾਲੇ ਬਣਨ ਦੀ ਪ੍ਰੇਰਨਾ ਕੀਤੀ। ਗਿਆਨੀ ਰਾਜਪਾਲ ਸਿੰਘ ਦਾਦੂਵਾਲ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਮਾਗਮ ਦੌਰਾਨ ਹੋਏ ਅੰਮ੍ਰਿਤ ਸੰਚਾਰ ਵਿਚ 75 ਪ੍ਰਾਣੀ ਖੰਡੇ-ਬਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੇ।ਸਮਾਗਮ ਦੀ ਸਮਾਪਤੀ ਤੇ ਸੰਤ ਦਾਦੂ ਸਾਹਿਬ ਵਾਲਿਆਂ ਨੂੰ ਨਗਰ ਪੰਚਾਇਤ, ਗੁ: ਸਾਹਿਬ ਦੀ ਪ੍ਰਬੰਧਕ ਕਮੇਟੀ, ਨੌਜਵਾਨ ਕਲੱਬ, ਸਮੁੱਚੇ ਨਗਰ ਅਤੇ ਇਲਾਕੇ ਭਰ ‘ਚੋਂ ਪੁੱਜੀਆਂ ਸੰਗਤਾਂ ਵੱਲੋਂ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ। ਗੁਰੂ ਕਾ ਲੰਗਰ ਅਤੁੱਟ ਵਰਤਿਆ ।



Post a Comment