ਮਾਨਸਾ, 05 ਮਾਰਚ (ਸਫਲਸੋਚ ) : ਅੱਜ ਪਿੰਡ ਬਣਾਂਵਾਲੀ 'ਚ ਬਣ ਰਹੇ ਤਲਵੰਡੀ ਸਾਬੋ ਥਰਮਲ ਪਲਾਂਟ ਵਿਖੇ ਮਨਾਏ ਜਾ ਰਹੇ ਰਾਸ਼ਟਰੀ ਸੁਰੱਖ਼ਿਆ ਹਫ਼ਤੇ ਦਾ ਉਦਘਾਟਨ ਕਰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਅਮਿਤ ਢਾਕਾ ਨੇ ਕਿਹਾ ਕਿ ਜ਼ਿੰਦਗੀ ਪੂਰੀ ਤਰ੍ਹਾਂ ਸੁਰੱਖ਼ਿਅਤ ਰੱਖਣ ਲਈ ਹਰੇਕ ਵਿਅਕਤੀ ਨੂੰ ਛੋਟੇ-ਛੋਟੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਕੇ ਹਾਦਸਿਆਂ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਥਰਮਲ ਪਲਾਂਟ 'ਚ ਕੰਮ ਕਰਨ ਵਾਲੇ ਕਿਸੇ ਵੀ ਮਜ਼ਦੂਰ ਨੂੰ ਲਾਪ੍ਰਵਾਹੀ ਨਹੀਂ ਵਰਤਣੀ ਚਾਹੀਦੀ, ਕਿਉਂਕਿ ਅਣਗਹਿਲੀ ਕਾਰਨ ਜ਼ਿੰਦਗੀ ਤੋਂ ਹੱਥ ਧੋਣਾ ਪੈ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦਾ ਹੱਥੀਂ ਕੰਮ ਕਰਨ ਤੋਂ ਇਲਾਵਾ ਆਮ ਰੁਟੀਨ ਵਿੱਚ ਵੀ ਹਰ ਵੇਲੇ ਚੁਸਤ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਮਾਜ ਦੇ ਸਾਰੇ ਵਰਗਾਂ ਨੂੰ ਆਪਣੇ ਆਲੇ-ਦੁਆਲੇ ਦੇ ਵਾਤਾਵਰਣ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ, ਤਾਂ ਜੋ ਇਕ ਸੁਰੱਖ਼ਿਅਤ ਦੇਸ਼ ਦਾ ਨਿਰਮਾਣ ਕੀਤਾ ਜਾ ਸਕੇ। ਇਸ ਮੌਕੇ ਅਧਿਕਾਰੀਆਂ, ਠੇਕੇਦਾਰਾਂ ਅਤੇ ਮਜ਼ਦੂਰਾਂ ਨੇ ਸਹੁੰ ਖਾਧੀ ਕਿ ਉਹ ਹਮੇਸ਼ਾ ਸੁਰੱਖ਼ਿਆ ਨਿਯਮਾਂ ਦੀ ਪਾਲਣਾ ਕਰਨਗੇ।
ਕੰਪਨੀ ਦੇ ਚੀਫ਼ ਓਪਰੇਟਿੰਗ ਅਫ਼ਸਰ ਸ਼੍ਰੀ ਫਿਲਿਪ ਚਾਕੋ ਨੇ ਕਿਹਾ ਕਿ ਅਸੀਂ ਸਾਰੇ ਰਲ ਮਿਲ ਕੇ ਨਿਯਮਾਂ ਦੀ ਪਾਲਣਾ ਕਰਾਂਗੇ ਅਤੇ ਥਰਮਲ ਨੂੰ ਕੰਮ ਕਰਨ ਲਈ ਸਭ ਤੋਂ ਸੁਰੱਖਿਅਤ ਜਗ੍ਹਾ ਬਣਾਂਵਾਂਗੇ। ਉਨ੍ਹਾਂ ਕਿਹਾ ਕਿ ਮਾਨਸਾ ਨੂੰ ਬਿਜਲੀ ਸਰਪਲੱਸ ਦੇਣ ਲਈ ਵੇਦਾਂਤਾ ਗਰੁੱਪ ਤਲਵੰਡੀ ਸਾਬੋ ਪਾਵਰ ਲਿਮਟਿਡ ਕੰਪਨੀ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਇਹ ਸੁਰੱਖ਼ਿਆ ਸਪਤਾਹ ਪੂਰਾ ਹਫ਼ਤਾ ਮਨਾਇਆ ਜਾਵੇਗਾ। ਹੈਲਥ ਸੇਫ਼ਟੀ ਐਨਵਾਇਰਮੈਂਟ ਅਫ਼ਸਰ ਸ਼੍ਰੀ ਅਰੁਣ ਕੁਮਾਰ ਨੇ ਕਿਹਾ ਕਿ ਕੰਪਨੀ ਨੇ ਬਗੈਰ ਕਿਸੇ ਹਾਦਸੇ ਦੋ ਕਰੋੜ ਘੰਟੇ ਕੰਮ ਕਰਕੇ ਰਿਕਾਰਡ ਕਾਇਮ ਕੀਤਾ ਹੈ। ਉਨ੍ਹਾਂ ਕਿਹਾ ਕਿ 9 ਮਾਰਚ ਤੱਕ ਇਹ ਹਫ਼ਤਾ ਮਨਾਇਆ ਜਾਵੇਗਾ, ਜਿਸ ਦੌਰਾਨ ਸੁਰੱਖ਼ਿਆ ਨਾਲ ਸਬੰਧਤ ਸਲੋਗਨ ਪੋਸਟਰ ਮੁਕਾਬਲੇ ਕਰਵਾਏ ਜਾਣਗੇ ਅਤੇ ਜੇਤੂਆਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮਨਾਏ ਜਾਣ ਵਾਲੇ ਇਸ ਹਫ਼ਤੇ ਦੌਰਾਨ ਬੈਸਟ ਸੇਫ਼ਟੀ ਆਪ੍ਰੇਟਰ, ਇਲੈਕਟੀ੍ਰਸ਼ਨ, ਡਰਾਈਵਰ ਅਤੇ ਬੈਸਟ ਸੇਫ਼ਟੀ ਮਜ਼ਦੂਰ ਵੀ ਚੁਣੇ ਜਾਣਗੇ।
ਸਮਾਰੋਹ ਦੇ ਅੰਤ ਵਿੱਚ ਡਿਪਟੀ ਕਮਿਸ਼ਨਰ ਵੱਲੋਂ ਰਾਸ਼ਟਰੀ ਸੁਰੱਖ਼ਿਆ ਝੰਡਾ ਵੀ ਲਹਿਰਾਇਆ ਗਿਆ ਅਤੇ ਰਾਸ਼ਟਰੀ ਗੀਤ ਵੀ ਗਾਇਆ ਗਿਆ। ਇਸ ਮੌਕੇ ਸੈਪਕੋ ਚਾਈਨਾ ਕੰਪਨੀ ਦੇ ਪ੍ਰੋਜੈਕਟ ਮੈਨੇਜਰ ਸ਼੍ਰੀ ਵਾਂਗ ਹਾਂਗ, ਹਿਊਮਨ ਰਿਸੋਰਸ ਮੁਖੀ ਸ਼੍ਰੀ ਜੀ. ਮੁਰੂਗੇਸ਼, ਮੈਡਮ ਅੰਮ੍ਰਿਤਾ ਤੋਂ ਇਲਾਵਾ ਕੰਪਨੀ ਦੇ ਅਧਿਕਾਰੀ, ਠੇਕੇਦਾਰ ਅਤੇ ਭਾਰੀ ਗਿਣਤੀ ਵਿੱਚ ਮਜ਼ਦੂਰ ਹਾਜ਼ਰ ਸਨ।

Post a Comment