ਸਮਰਾਲਾ, 5 ਮਾਰਚ /ਨਵਰੂਪ ਧਾਲੀਵਾਲ /ਕੇਂਦਰ ਸਰਕਾਰ ਵੱਲੋਂ ਪੈਟਰੋਲ ਅਤੇ ਡੀਜ਼ਲ ਨੂੰ ਕੰਟਰੋਲ-ਮੁਕਤ ਕਰ ਦੇਣ ’ਤੇ ਤੇਲ ਕੰਪਨੀਆਂ ਵੱਲੋਂ ਵਾਰ-ਵਾਰ ਪੈਟਰੋਲ ਅਤੇ ਡੀਜ਼ਲ ਦਾ ਰੇਟ ਵਧਾ ਕੇ ਲੋਕਾਂ ਦਾ ਕਚੂਮਰ ਕੱਢਿਆ ਜਾ ਰਿਹਾ ਹੈ, ਜਦਕਿ ਕੰਟਰੋਲ-ਮੁਕਤ ਕਰਨ ਤੋਂ ਬਾਅਦ ਹੁਣ ਤੱਕ 21 ਵਾਰ ਪੈਟਰੋਲ ਦੀਆਂ ਕੀਮਤਾਂ ਕੰਪਨੀਆਂ ਵੱਲੋਂ ਵਧਾਈਆਂ ਜਾ ਚੁੱਕੀਆਂ ਹਨ।ਇਹ ਵਿਚਾਰ ਲੋਕ ਮੋਰਚਾ ਪੰਜਾਬ ਦੀ ਸਮਰਾਲਾ-ਖੰਨਾ-ਮੋਰਿੰਡਾ ਇਕਾਈਆਂ ਦੇ ਪ੍ਰਧਾਨ ਜਸਵੰਤ ਸਿੰਘ ਅਤੇ ਸਕੱਤਰ ਕੁਲਵੰਤ ਸਿੰਘ ਤਰਕ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਨੇ ਜਿੱਥੇ ਮਹਿੰਗਾਈ ਨੂੰ ਅਸਮਾਨੀ ਚੜ•ਾ ਕੇ ਗਰੀਬ, ਕਿਸਾਨਾ, ਮੁਲਾਜ਼ਮ ਅਤੇ ਮਜ਼ਦੂਰ ਵਰਗ ਦਾ ਘਾਣ ਕਰ ਦਿੱਤਾ ਹੈ, ਉਥੇ ਹੁਣ ਤੱਕ ਨਾ ਹੀ ਕੇਂਦਰ ਸਰਕਾਰ ਨੇ ਅਤੇ ਨਾ ਹੀ ਕਦੇ ਪੰਜਾਬ ਸਰਕਾਰ ਨੇ ਆਪਣੇ ਖਰਚੇ ਘਟਾਉਣ ਦਾ ਕਦੇ ਵੀ ਐਲਾਨ ਨਹੀਂ ਕੀਤਾ। ਇੱਥੋਂ ਤੱਕ ਕਿ ਆਪਣੇ ਮੰਤਰੀਆਂ ਅਤੇ ਲਾਲ ਫੀਤਾਸ਼ਾਹੀ ਨੂੰ ਛੇਤੀ ਨਿਰਧਾਰਤ ਥਾਵਾਂ ’ਤੇ ਪਹੁਚਾਉਣ ਲਈ ਹੈਲੀਕਾਪਟਰਾਂ ਦੀ ਖਰੀਦੋ ਫਰੋਖਤ ਕਰਨ ’ਤੇ ਦੋਵਾਂ ਸਰਕਾਰਾਂ ਵੱਲੋਂ ਜ਼ੋਰ ਦਿੱਤਾ ਜਾ ਰਿਹਾ ਹੈ, ਜਦਕਿ ਕੇਂਦਰ ਵਿੱਚ ਤਾਂ ਕਰੋੜਾਂ ਦੇ ਹੈਲੀਕਾਪਟਰ ਘੋਟਾਲੇ ਦੀ ਸ਼ਬਦੀ ਲੜਾਈ ਵੀ ਸ਼ੁਰੂ ਹੋ ਚੁੱਕੀ ਹੈ। ਆਗੂਆਂ ਨੇ ਪੰਜਾਬ ਸਰਕਾਰ ਦੀ ਇਸ ਗੱਲੋਂ ਵੀ ਨਿਖੇਧੀ ਕੀਤੀ ਹੈ ਕਿ ਦੇਸ਼ ਦੇ ਦੂਸਰੇ ਪ੍ਰਦੇਸ਼ਾਂ ਦੀ ਤੁਲਨਾ ’ਤੇ ਪੰਜਾਬ ਵਿੱਚ ਵੈਟ ਦੀਆਂ ਦਰਾਂ ਨਹੀਂ ਘਟਾਈਆਂ ਜਾ ਰਹੀਆਂ, ਜਦਕਿ ਦੂਜੇ ਸੂਬਿਆਂ ਵਿੱਚ ਇਹ ਦਰਾਂ ਬਹੁਤ ਘੱਟ ਹਨ। ਆਗੂਆਂ ਦਾ ਕਹਿਣਾ ਹੈ ਕਿ ਇਸਦੇ ਬਾਵਜੂਦ ਪੰਜਾਬ ਸਰਕਾਰ ਖੁਦ ਨੂੰ ਕਿਸਾਨ ਅਤੇ ਲੋਕ ਹਿਤੈਸ਼ੀ ਹੋਣ ਦੇ ਝੂਠੇ ਦਾਅਵੇ ਕਰ ਰਹੀ ਹੈ। ਲੋਕ ਮੋਰਚੇ ਵੱਲੋਂ ਆਗੂਆਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਇਹਨਾਂ ਲੋਕ ਮਾਰੂ ਨੀਤੀਆਂ ਦੀ ਜ਼ੋਰਦਾਰ ਨਿੰਦਾ ਕਰਦੇ ਹੋਏ ਕਿਹਾ ਹੈ ਕਿ ਭਵਿੱਖ ਵਿੱਚ ਦੇਸ਼ ਅਤੇ ਪੰਜਾਬ ਦਾ ਮਿਹਨਤਕਸ਼ ਵਰਗ ਡਟ ਕੇ ਵਿਰੋਧ ਕਰੇਗਾ।

Post a Comment