ਲੁਧਿਆਣਾ 4 ਮਾਰਚ ( ਸਤਪਾਲ ਸੋਨੀ ) ਸਰਕਾਰੀ ਕਰਮਚਾਰੀ ਜਨਤਾ ਦੇ ਸੇਵਕ ਹਨ, ਇਸ ਲਈ ਉਹਨਾਂ ਨੂੰ ਆਪਣੀ ਡਿਊਟੀ ਲੋਕ ਸੇਵਾ ਨੂੰ ਸਮਰਪਿਤ ਹੋ ਕੇ ਲਗਨ, ਮਿਹਨਤ ਅਤੇ ਇਮਾਨਦਾਰੀ ਨਾਲ ਨਿਭਾਉਣੀ ਚਾਹੀਦੀ ਹੈ ਤੇ ਲੋਕਾਂ ਦੇ ਕੰਮ ਪਹਿਲ ਦੇ ਅਧਾਰ ‘ਤੇ ਕਰਨੇ ਚਾਹੀਦੇ ਹਨ। ਇਹ ਪ੍ਰਗਟਾਵਾ ਸ੍ਰੀ ਰਾਹੁਲ ਤਿਵਾੜੀ ਡਿਪਟੀ ਕਮਿਸ਼ਨਰ ਲੁਧਿਆਣਾ ਨੇ ਅੱਜ ਮਿਨੀ ਸਕੱਤਰੇਤ ਸਥਿਤ ਦਫ਼ਤਰ ਡਿਪਟੀ ਕਮਿਸ਼ਨਰ, ਜ਼ਿਲਾ ਟਰਾਂਸਪੋਰਟ ਦਫ਼ਤਰ, ਜ਼ਿਲਾ ਵਿਕਾਸ ਤੇ ਪੰਚਾਇਤ ਅਫ਼ਸਰ, ਜ਼ਿਲਾ ਸਿੱਖਿਆ ਅਫ਼ਸਰ (ਸੈਕੰਡਰੀ) ਅਤੇ (ਐਲੀਮੈਂਟਰੀ), ਜ਼ਿਲਾ ਟਾਊਨ ਪਲੈਨਰ, ਸਥਾਨਕ ਸਰਕਾਰ ਵਿਭਾਗ ਦੇ ਦਫ਼ਤਰਾਂ ਦੀਆਂ ਵੱਖ-ਵੱਖ ਬਰਾਂਚਾਂ ਦੀ ਸਾਫ਼-ਸਫ਼ਾਈ ਚੈਕ ਕਰਨ ਉਪਰੰਤ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਸਮੇਂ ਉਹਨਾਂ ਨੇ ਡਾ. ਨੀਰੂ ਕਤਿਆਲ ਗੁਪਤਾ ਵਧੀਕ ਡਿਪਟੀ ਕਮਿਸ਼ਨਰ, ਸ੍ਰੀਮਤੀ ਅਰੀਨਾ ਦੁੱਗਲ ਸਹਾਇਕ ਕਮਿਸ਼ਨਰ (ਜ), ਸੁਪਰਡੈਂਟ ਸ੍ਰੀ ਅਜੀਤ ਸਿੰਘ ਗਿੱਲ, ਏਵਨ ਸਾਈਕਲ ਦੇ ਕਾਰਜਕਾਰੀ ਪ੍ਰਧਾਨ ਸ੍ਰ. ਬੀ.ਐਸ.ਧੀਮਾਨ ਸਮੇਤ ਵੱਖ-ਵੱਖ ਬਰਾਂਚਾਂ ਦਾ ਦੌਰਾ ਕੀਤਾ। ਸ੍ਰੀ ਤਿਵਾੜੀ ਨੇ ਕਿਹਾ ਕਿ ਉਹਨਾਂ ਵੱਲੋਂ ਸਾਫ਼-ਸਫ਼ਾਈ ਦੇ ਮੰਤਵ ਨਾਲ ਅੱਜ ਵੱਖ-ਵੱਖ ਬਰਾਂਚਾਂ ਦੀ ਚੈਕਿੰਗ ਕੀਤੀ ਗਈ ਹੈ। ਉਹਨਾਂ ਕਿਹਾ ਕਿ ਹਰ ਬਰਾਂਚ ਨੂੰ ਸਾਫ਼-ਸੁਥਰੇ, ਸੁੰਦਰ ਤੇ ਸਲੀਕੇਦਾਰ ਢੰਗ ਨਾਲ ਸਜਾਇਆ ਗਿਆ ਸੀ ਅਤੇ ਫ਼ਾਈਲਾਂ ਵੀ ਤਰਤੀਬ ਨਾਲ ਰੱਖੀਆਂ ਗਈਆਂ ਸਨ। ਉਹਨਾਂ ਦੱਸਿਆ ਕਿ ਆਪਣੀ ਬਰਾਂਚ ਨੂੰ ਚੰਗੇ ਢੰਗ ਨਾਲ ਸਜਾਉਣ ਅਤੇ ਸਾਫ਼-ਸਫ਼ਾਈ ਸਬੰਧੀ ਰੱਖੇ ਗਏ ਮੁਕਾਬਲੇ ਵਿੱਚ ਡਿਪਟੀ ਕਮਿਸ਼ਨਰ ਦਫ਼ਤਰ ਦੀ ਫ਼ੁਟਕਲ ਸ਼ਾਖਾ ਤੇ ਜ਼ਿਲਾ ਸਿੱਖਿਆ ਦਫ਼ਤਰ (ਸ) ਦੀ ਜਨਰਲ ਬਰਾਂਚ ਨੂੰ ਸਾਂਝੇ ਤੌਰ ‘ਤੇ ਪਹਿਲੇ ਨੰਬਰ ਤੇ ਆਉਣ ਤੇ ਏਵਨ ਸਾਈਕਲ ਵੱਲੋਂ ਸਪਾਂਸਰ ਕੀਤਾ ਗਿਆ 11 ਹਜ਼ਾਰ ਰੁਪਏ ਦਾ ਨਕਦ ਇਨਾਮ ਦਿੱਤਾ ਗਿਆ। ਉਹਨਾਂ ਕਿਹਾ ਕਿ ਭਵਿੱਖ ਵਿੱਚ ਵੀ ਸਾਰੇ ਕਰਮਚਾਰੀ ਆਪਣੀ-ਆਪਣੀ ਬਰਾਂਚ ਨੂੰ ਸਾਫ਼-ਸੁਥਰਾ ਅਤੇ ਸੁੰਦਰ ਰੱਖਣ ਤੇ ਫ਼ਾਈਲਾਂ ਨੂੰ ਠੀਕ ਢੰਗ ਨਾਲ ਰੱਖਣ ਨੂੰ ਯਕੀਨੀ ਬਨਾਉਣ। ਉਹਨਾਂ ਕਿਹਾ ਕਿ ਮਿਹਨਤ ਤੇ ਇਮਾਨਦਾਰੀ ਸਬੰਧੀ ਚੰਗੀਆਂ ਗੱਲਾਂ ਲਿਖ ਕੇ ਬਰਾਂਚਾਂ ਵਿੱਚ ਲਗਾਈਆਂ ਜਾਣ ਅਤੇ ਉਹਨਾਂ ਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਅਮਲ ਵਿੱਚ ਲਿਆਉਣ ਦਾ ਵੀ ਯਤਨ ਕੀਤਾ ਜਾਵੇ। ਉਹਨਾਂ ਇਹ ਵੀ ਕਿਹਾ ਕਿ ਆਪਣੀਆਂ ਬਰਾਂਚਾਂ ‘ਚ ਆਮ ਜਨਤਾ ਦੇ ਬੈਠਣ ਲਈ ਵੀ ਢੁੱਕਵੇਂ ਪ੍ਰਬੰਧ ਕੀਤੇ ਜਾਣ।

Post a Comment