--ਡਿਪਟੀ ਕਮਿਸ਼ਨਰ ਨੇ ਕਿਸਾਨਾਂ, ਆੜ੍ਹਤੀਆਂ ਅਤੇ ਖਰੀਦ ਏਜੰਸੀਆਂ ਦਾ ਸਹਿਯੋਗ ਬਦਲੇ ਕੀਤਾ ਧੰਨਵਾਦ
ਮਾਨਸਾ, 07 ਦਸੰਬਰ ( ) : ਜ਼ਿਲ੍ਹੇ ਵਿਚ ਝੋਨੇ ਦਾ ਸੀਜ਼ਨ ਰਿਕਾਰਡ ਵਾਧੇ ਨਾਲ ਸਫ਼ਲਤਾਪੂਰਵਕ ਨੇਪਰੇ ਚੜ੍ਹ ਗਿਆ ਹੈ ਅਤੇ ਇਸ ਵਾਰ ਵਿਛਲੇ ਵਰ੍ਹੇ ਨਾਲੋਂ 1 ਲੱਖ, 32 ਹਜ਼ਾਰ, 948 ਮੀਟਰਕ ਟਨ ਝੋਨੇ ਦੀ ਵਧੇਰੇ ਆਮਦ ਹੋਈ ਹੈ। ਇਸ ਰਿਕਾਰਡ ਵਾਧੇ ਪਿਛੇ ਮਾਨਸਾ ਦੇ ਕਿਸਾਨਾਂ ਵਲੋਂ ਕੀਤੀ ਮਿਹਨਤ ਸਾਫ਼ ਦਿਖਾਈ ਦੇ ਰਹੀ ਹੈ ਕਿਉਂਕਿ ਇਸ ਸੀਜ਼ਨ ਦੌਰਾਨ ਬਾਰਿਸ਼ ਘੱਟ ਹੋਈ ਸੀ। ਇਸ ਤੋਂ ਇਲਾਵਾ ਖਰੀਦ ਪ੍ਰਬੰਧਾਂ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਪੁਖ਼ਤਾ ਇੰਤਜ਼ਾਮ ਕੀਤੇ ਹੋਏ ਸਨ ਅਤੇ ਮੰਡੀਆਂ ਵਿਚ ਪੀਣ ਵਾਲੇ ਪਾਣੀ, ਬਿਜਲੀ ਦੇ ਪ੍ਰਬੰਧਾਂ ਤੋਂ ਇਲਾਵਾ ਕਿਸਾਨਾਂ ਨੂੰ ਹਰੇਕ ਤਰ੍ਹਾਂ ਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ ਸਨ।
ਡਿਪਟੀ ਕਮਿਸ਼ਨਰ ਸ਼੍ਰੀ ਅਮਿਤ ਢਾਕਾ ਨੇ ਕਿਹਾ ਕਿ ਪਿਛਲੇ ਵਰ੍ਹੇ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ 3 ਲੱਖ 20 ਹਜ਼ਾਰ 108 ਮੀਟਰਕ ਟਨ ਝੋਨੇ ਦੀ ਆਮਦ ਹੋਈ ਸੀ ਅਤੇ ਇਸ ਸਾਲ 4 ਲੱਖ 53 ਹਜ਼ਾਰ 056 ਮੀਟਰਕ ਟਨ ਝੋਨਾ ਜ਼ਿਲ੍ਹੇ ਦੀਆਂ ਮੰਡੀਆਂ ਵਿਚ ਆਇਆ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਪਿਛਲੇ ਸਾਲ ਨਾਲੋਂ 1 ਲੱਖ 32 ਹਜ਼ਾਰ 948 ਮੀਟਰਕ ਟਨ ਝੋਨਾ ਵੱਧ ਆਇਆ ਹੈ ਅਤੇ ਸਰਕਾਰੀ ਅਤੇ ਪ੍ਰਾਈਵੇਟ ਖਰੀਦ ਏਜੰਸੀਆਂ ਵੱਲੋਂ ਸਾਰੇ ਝੋਨੇ ਦੀ ਖਰੀਦ ਕਰ ਲਈ ਗਈ ਹੈ। ਉਨ੍ਹਾਂ ਕਿਹਾ ਕਿ ਮਾਰਕਫੈਡ ਵੱਲੋਂ 93189 ਮੀਟਰਕ ਟਨ, ਪਨਸਪ ਵੱਲੋਂ 98971 ਮੀਟਰਕ ਟਨ, ਪਨਗਰੇਨ ਵੱਲੋਂ 119610 ਮੀਟਰਕ ਟਨ, ਪੰਜਾਬ ਐਗਰੋ ਵੱਲੋਂ 54137 ਮੀਟਰਕ ਟਨ, ਵੇਅਰ ਹਾਊਸ ਵੱਲੋਂ 46026 ਮੀਟਰਕ ਟਨ, ਐਫ.ਸੀ.ਆਈ. ਵੱਲੋਂ 32813 ਮੀਟਰਕ ਟਨ ਅਤੇ ਪ੍ਰਾਈਵੇਟ ਵਪਾਰੀਆਂ ਵੱਲੋਂ 8310 ਮੀਟਰਕ ਟਨ ਝੋਨੇ ਦੀ ਖਰੀਦ ਕੀਤੀ ਗਈ ਹੈ।
ਝੋਨੇ ਦੀ ਰਿਕਾਰਡ ਪੈਦਾਵਾਰ ਲਈ ਕਿਸਾਨਾਂ ਨੂੰ ਵਧਾਈ ਦਿੰਦਿਆਂ ਸ਼੍ਰੀ ਢਾਕਾ ਨੇ ਆਸ ਪ੍ਰਗਟਾਈ ਕਿ ਹਾੜ੍ਹੀ ਦੇ ਸੀਜ਼ਨ ਦੌਰਾਨ ਵੀ ਕਿਸਾਨਾਂ ਦੀ ਮਿਹਨਤ ਦਿਖਾਈ ਦੇਵੇਗੀ। ਉਨ੍ਹਾਂ ਕਿਹਾ ਕਿ ਜੇਕਰ ਆਉਣ ਵਾਲੇ ਕਣਕ ਦੇ ਸੀਜ਼ਨ ਦੌਰਾਨ ਵੀ ਕਿਸਾਨ ਇਸੇ ਤਰ੍ਹਾਂ ਮਿਹਨਤ ਕਰਨਗੇ ਤਾਂ ਕਣਕ ਦੀ ਪੈਦਾਵਾਰ 'ਚ ਵੀ ਵਾਧਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਝੋਨੇ ਦੇ ਸੀਜ਼ਨ ਦੌਰਾਨ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ 113 ਖਰੀਦ ਕੇਂਦਰਾਂ 'ਤੇ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ। ਉਨ੍ਹਾਂ ਸੀਜ਼ਨ ਦੌਰਾਨ ਸਹਿਯੋਗ ਦੇਣ ਬਦਲੇ ਕਿਸਾਨਾਂ, ਆੜ੍ਹਤੀਆਂ, ਖਰੀਦ ਏਜੰਸੀਆਂ ਅਤੇ ਖਰੀਦ ਪ੍ਰਬੰਧਾਂ ਨਾਲ ਜੁੜੇ ਅਧਿਕਾਰੀਆਂ ਤੇ ਮੁਲਾਜ਼ਮਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਸੇ ਤਰ੍ਹਾਂ ਕਣਕ ਦੇ ਸੀਜ਼ਨ ਵਿਚ ਵੀ ਸਹਿਯੋਗ ਕਰਨ। ਉਨ੍ਹਾਂ ਕਿਹਾ ਕਿ ਸ਼ੁਰੂ ਹੋਏ ਹਾੜ੍ਹੀ ਸੀਜ਼ਨ ਵਿਚ ਵੀ ਕਿਸਾਨਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।

Post a Comment