ਸ੍ਰੀ ਮੁਕਤਸਰ ਸਾਹਿਬ, 25 ਦਸੰਬਰ : ( )ਦੇਸ਼ ਭਰ ਵਿਚ ਜਿੱਥੇ ਲੜਕੀਆਂ ਦੀ ਸੁਰੱਖਿਆ ਨੂੰ ਲੈ ਕੇ ਬਹਿਸ ਚੱਲ ਰਹੀ ਹੈ ਉੱਥੇ ਪੰਜਾਬ ਦੇ ਸਰਕਾਰੀ ਸਕੂਲਾਂ ਦੀਆਂ ਵਿਦਿਆਰਥਣਾਂ ਲਈ ਰਾਹਤ ਦੀ ਖ਼ਬਰ ਹੈ। ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿਚ ਪੜਦੀਆਂ ਵਿਦਿਆਰਥਣਾਂ ਨੂੰ ਸਵੈ ਰੱਖਿਆ ਲਈ ਮਾਰਸ਼ਲ ਆਰਟ ਦੀ ਸਿਖਲਾਈ ਦਿੱਤੀ ਜਾ ਰਹੀ ਹੈ। ਇਹ ਜਾਣਕਾਰੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਵਿਦਿਆਰਥਣਾਂ ਲਈ ਵਰਤਮਾਨ ਹਲਾਤਾਂ ਵਿਚ ਅਜਿਹੀ ਸਿਖਲਾਈ ਬੇਹੱਦ ਜਰੁਰੀ ਹੈ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਗੁਰਵਿੰਦਰਪਾਲ ਕੌਰ ਵੀ ਹਾਜਰ ਸਨ।ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ ਨੇ ਦੱਸਿਆ ਕਿ 6ਵੀਂ ਤੋਂ 8ਵੀਂ ਜਮਾਤ ਦੀਆਂ ਵਿਦਿਆਰਥਣਾਂ ਲਈ ਲਗਭਗ 8 ਲੱਖ ਰੁਪਏ ਖਰਚ ਕਰਕੇ ਸਰਕਾਰ ਵੱਲੋਂ ਇਸ ਸਿਖਲਾਈ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਸਾਲ 101 ਸਕੂਲਾਂ ਵਿਚ ਵਿਦਿਆਰਥਣਾਂ ਨੂੰ ਇਹ ਸਿਖਲਾਈ ਦਿੱਤੀ ਜਾਣੀ ਹੈ ਜਿਸ ਵਿਚੋਂ 90 ਸਕੂਲਾਂ ਵਿਚ ਪਹਿਲਾਂ ਹੀ ਸਿਖਲਾਈ ਦੇਣ ਦਾ ਕੰਮ ਸੰਪਨ ਹੋ ਚੁੱਕਾ ਹੈ। ਇਸ ਤਹਿਤ 40 ਕੰਮਕਾਜੀ ਦਿਨ ਦੀ ਸਿਖਲਾਈ ਦਿੱਤੀ ਜਾਂਦੀ ਹੈ ਅਤੇ ਇਕ ਸਕੂਲ ਵਿਚ 8000 ਹਜਾਰ ਰੁਪਏ ਦਾ ਬਜਟ ਸਿਖਲਾਈ ਲਈ ਦਿੱਤਾ ਜਾਂਦਾ ਹੈ। ਇਸ ਵਿਚੋਂ 5000 ਰੁਪਏ ਦਾ ਬਜਟ ਸਿਖਲਾਈ ਦਾਤਾ ਦੀ ਤਨਖਾਹ ਲਈ ਅਤੇ 3000 ਰੁਪਏ ਦਾ ਬਜਟ ਵਿਦਿਆਰਥਣਾਂ ਦੀ ਰਿਫਰੈਸਮੈਂਟ ਲਈ ਰਾਖਵਾਂ ਰੱਖਿਆ ਗਿਆ ਹੈ। ਇਸ ਤੋਂ ਬਿਨ੍ਹਾਂ 9ਵੀਂ ਅਤੇ 10ਵੀਂ ਜਮਾਤਾਂ ਦੇ ਐਸ.ਸੀ. ਵਿਦਿਆਰਥੀਆਂ ਨੂੰ ਵੀ ਮਾਰਸ਼ਨ ਆਰਟ ਦੀ ਸਿਖਲਾਈ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ। ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਅਜਿਹੇ 37 ਸਕੂਲਾਂ ਵਿਚ ਇਸ ਸਾਲ ਵਿਦਿਆਰਥੀਆਂ ਨੂੰ ਮਾਰਸ਼ਲ ਆਰਟ ਦੀ ਸਿਖਲਾਈ ਦੇਣ ਦਾ ਟੀੱਚਾ ਮਿੱਥਿਆ ਗਿਆ ਸੀ ਜਿਸ ਵਿਚੋਂ 25 ਸਕੂਲਾਂ ਵਿਚ ਇਹ ਸਿਖਲਾਈ ਪਹਿਲਾਂ ਹੀ ਦਿੱਤੀ ਜਾ ਚੁੱਕੀ ਹੈ।ਇਹ ਸਿਖਲਾਈ ਲੈਣ ਵਾਲੀਆਂ ਵਿਦਿਆਰਥਣਾਂ ਦਾ ਕਹਿਣਾ ਹੈ ਕਿ ਹੁਣÎ ਉਨ੍ਹਾਂ ਦੇ ਆਤਮ ਵਿਸ਼ਵਾਸ ਵਿਚ ਢੇਰ ਵਾਧਾ ਹੋਇਆ ਹੈ ਅਤੇ ਜੇਕਰ ਕੋਈ ਉਨ੍ਹਾਂ ਨੂੰ ਪ੍ਰੇਸਾਨ ਕਰਨ ਦਾ ਯਤਨ ਕਰੇਗਾ ਤਾਂ ਉਹ ਸਹਿਜੇ ਹੀ ਅਜਿਹੇ ਮਾੜੇ ਅਨਸਰਾਂ ਦਾ ਮੁਕਾਬਲਾ ਕਰ ਸਕਦੀਆਂ ਹਨ। ਇਸ ਤੋਂ ਬਿਨ੍ਹਾਂ ਧੀਆਂ ਨੂੰ ਅੱਗੇ ਵਧਣ ਦੇ ਹੋਰ ਵਧੇਰੇ ਮੌਕੇ ਉਪਲਬੱਧ ਕਰਵਾਉਣ ਲਈ ਜ਼ਿਲ੍ਹੇ ਦੇ 30 ਸਰਕਾਰੀ ਸਕੂਲਾਂ ਵਿਚ ਵਿਦਿਆਰਥਣਾਂ ਲਈ ਖੇਡਾਂ ਨਾਲ ਸਬੰਧਤ ਵਿਸੇਸ਼ ਗਤੀਵਿਧੀਆਂ ਵੀ ਕਰਵਾਈਆਂ ਗਈਆਂ ਹਨ। ਇਸ ਪ੍ਰਕਾਰ ਜ਼ਿਲ੍ਹੇ ਵਿਚ ਲੜਕੀਆਂ ਦੀ ਸਿੱਖਆ ਲਈ 20 ਲੱਖ ਰੁਪਏ ਅਜਿਹੇ ਵਿਸੇਸ਼ ਉਪਰਾਲਿਆਂ ਤੇ ਸਰਕਾਰ ਵੱਲੋਂ ਖਰਚ ਕੀਤੇ ਜਾ ਰਹੇ ਹਨ।

Post a Comment