|
ਚੰਡੀਗੜ/ ਲੁਧਿਆਣਾ 25 ਦਸੰਬਰ : ਪੰਜਾਬ ਪੁਲਿਸ ਦੇ ਏ. ਆਈ. ਜੀ. ਕਾਊਂਟਰ ਇੰਟੈਲੀਜੈਂਸ ਐਸ. ਐਸ. ਮੰਡ ਤੇ ਲੁਧਿਆਣਾ ਦੇ ਯੂਥ ਅਕਾਲੀ ਆਗੂ ਤੇ ਉਸ ਦੇ ਦੋਸਤਾਂ ਦਰਮਿਆਨ ਸੋਮਵਾਰ ਰਾਤ ਨੂੰ ਲੁਧਿਆਣਾ ਦੇ ਹੱਬ ਕਲੱਬ ਚ ਝੜਪ ਹੋ ਗਈ। ਇਸ ਝੜਪ ਚ ਪੁਲਿਸ ਅਫਸਰ ਮੰਡ ਦੇ ਗੰਭੀਰ ਜ਼ਖਮੀ ਹੋ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ। ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਡੀ. ਜੀ. ਪੀ. ਸੁਮੇਧ ਸੈਣੀ ਨੇ ਦੋਸ਼ੀਆਂ ਖਿਲਾਫ ਤੁਰੰਤ ਕੇਸ ਦਰਜ ਦੇ ਹੁਕਮ ਜਾਰੀ ਕਰ ਦਿਤੇ ਹਨ। ਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਏ.
ਆਈ. ਜੀ. ਮੰਡ ਆਪਣੇ ਪਰਿਵਾਰ ਤੇ ਦੋਸਤ ਪਰਿਵਾਰਾਂ ਸਮੇਤ ਲੁਧਿਆਣਾ ਦੇ ਹੱਬ ਕਲੱਬ ਚ ਪਹੁੰਚੇ ਸਨ। ਇਥੇ ਇਕ ਯੂਥ ਅਕਾਲੀ ਆਗੂ ਤੇ ਉਸ ਦੇ ਦੋਸਤ ਵੀ ਪੁੱਜੇ ਹੋਏ ਸਨ। ਪਾਰਟੀ ਦੌਰਾਨ ਮੰਡ ਤੇ ਯੂਥ ਅਕਾਲੀ ਆਗੂ ਤੇ ਉਸ ਦੋਸਤਾਂ ਦਰਮਿਆਨ ਕਿਸੇ ਗੱਲ ਨੂੰ ਲੈ ਕੇ ਤਕਰਾਰਬਾਜ਼ੀ ਹੋ ਗਈ ਤੇ ਗੱਲ ਲੜਾਈ ਤਕ ਪੁੱਜ ਗਈ। ਸੂਤਰਾਂ ਅਨੁਸਾਰ ਇਸ ਦੌਰਾਨ ਹੋਈ ਲੜਾਈ ਚ ਮੰਡ ਦੀ ਕਾਫੀ ਕੁੱਟਮਾਰ ਕੀਤੀ ਗਈ ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਏ ਤੇ ਉਨ੍ਹਾਂ ਦੀ ਇਕ ਲੱਤ ਵੀ ਟੁੱਟ ਗਈ। ਜ਼ਖਮੀ ਹੋਏ ਮੰਡ ਨੂੰ ਲੁਧਿਆਣਾ ਦੇ ਡੀ. ਐਮ. ਸੀ. ਹਸਪਤਾਲ ਭਰਤੀ ਕਰਾਇਆ ਗਿਆ, ਜਿਥੇ ਡਾਕਟਰਾਂ ਵਲੋਂ ਸਫਲ ਅਪਰੇਸ਼ਨ ਕਰਕੇ ਉਨ੍ਹਾਂ ਦੀ ਲੱਤ ਚ ਰਾੱਡ ਪਾਈ ਗਈ ਹੈ। ਇਹ ਦੋਸ਼ ਲਾਇਆ ਜਾ ਰਿਹਾ ਹੈ ਕਿ ਉਕਤ ਯੂਥ ਅਕਾਲੀ ਆਗੂ ਲੁਧਿਆਣਾ ਦਾ ਸਨੀ ਗੁੱਡਵਿਲ, ਹੱਬ ਕਲੱਬ ਦਾ ਮਾਲਕ ਜਸਦੀਪ ਬਿੰਦਰਾ, ਉਨ੍ਹਾਂ ਦਾ ਸਾਥੀ ਅਰੁਣ ਕੁਮਾਰ ਸਨ।
ਜਦੋਂ ਇਸ ਮਾਮਲੇ ਦਾ ਪਤਾ ਸੂਬੇ ਦੇ ਡੀ. ਜੀ. ਪੀ. ਸੁਮੇਧ ਸਿੰਘ ਸੈਣੀ ਨੂੰ ਲੱਗਾ ਤਾਂ ਉਨ੍ਹਾਂ ਇਸ ਦਾ ਸਖਤ ਨੋਟਿਸ ਲੈਂਦਿਆਂ ਦੋਸ਼ੀਆਂ ਖਿਲਾਫ ਤੁਰੰਤ ਕੇਸ ਦਰਜ ਕਰਨ ਦੇ ਹੁਕਮ ਜਾਰੀ ਕਰ ਦਿਤੇ ਹਨ।
ਇਥੇ ਜ਼ਿਕਰਯੋਗ ਹੈ ਕਿ ਮੰਡ ਡੀ. ਜੀ. ਪੀ. ਸੁਮੇਧ ਸੈਣੀ ਦੇ ਚਹੇਤੇ ਅਫਸਰ ਹਨ ਤੇ ਉਹ ਕੁਝ ਸਮਾਂ ਪਹਿਲਾਂ ਹੀ ਆਈ. ਪੀ. ਐਸ. ਬਣੇ ਹਨ।
|
Post a Comment