ਦੋਦਾ (ਸ੍ਰੀ ਮੁਕਤਸਰ ਸਾਹਿਬ), 4 ਦਸੰਬਰ/ਪੰਜਾਬ ਸਰਕਾਰ ਵੱਲੋਂ ਕਰਵਾਇਆ ਜਾ ਰਿਹਾ ਤੀਸਰਾ ਵਿਸ਼ਵ ਕੱਪ ਕਬੱਡੀ 2012 ਪੰਜਾਬੀਆਂ ਦੀ ਮਾਂ ਖੇਡ ਕਬੱਡੀ ਨੂੰ ਪੂਰੀ ਦੁਨੀਆਂ ਵਿੱਚ ਮਕਬੂਲ ਕਰਨ ਵੱਲ ਕਦਮ ਵਧਾ ਰਿਹਾ ਹੈ। ਇਸ ਵਾਰ ਪਹਿਲੀ ਅਫਰੀਕਾਂ ਮਹਾਂਦੀਪ ਤੋਂ ਦੋ ਟੀਮਾਂ ਸੀਅਰਾ ਲਿਓਨ ਤੇ ਕੀਨੀਆ ਨੇ ਸ਼ਮੂਲੀਅਤ ਕੀਤੀ ਹੈ ਜਿਸ ਨਾਲ ਪੂਰੇ ਛੇ ਮਹਾਂਦੀਪਾਂ ਦੀ ਹਾਜ਼ਰੀ ਲੱਗੀ ਹੈ। ਅਫਰੀਕਾ ਮਹਾਂਦੀਪ ਦੀ ਹਾਜ਼ਰੀ ਤੋਂ ਬਾਅਦ ਹੁਣ ਕਬੱਡੀ ਨੇ ਇਸ ਮਹਾਂਦੀਪ ਵਿੱਚ ਹੋਰ ਕਦਮ ਵਧਾਏ ਹਨ। ਪੱਛਮੀ ਅਫਰੀਕਾ ਦੇ ਮੁਲਕ ਸੀਅਰਾ ਲਿਓਨ ਨੇ ਕਬੱਡੀ ਨੂੰ ਆਪਣੇ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਖੇਡੀਆਂ ਜਾਣ ਵਾਲੀਆਂ ਖੇਡਾਂ ਵਿੱਚ ਸ਼ਾਮਲ ਕਰਨ ਦਾ ਫੈਸਲਾ ਕੀਤਾ।ਇਹ ਜਾਣਕਾਰੀ ਦਿੰਦਿਆਂ ਟੀਮ ਦੇ ਮੈਨੇਜਰ ਅਤੇ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਰਵਿੰਦਰ ਸਿੰਘ ਜੱਸਲ ਨੇ ਦੱਸਿਆ ਕਿ ਪਿਛਲੇ ਇਕ ਸਾਲ ਦੀ ਮਿਹਨਤ ਤੋਂ ਬਾਅਦ ਸੀਅਰਾ ਲਿਓਨ ਦੀ ਟੀਮ ਵਿਸ਼ਵ ਕੱਪ ਵਿੱਚ ਹਿੱਸਾ ਲੈਣ ਆਈ ਹੈ। ਸੀਅਰਾ ਲਿਓਨ ਵਿੱਚ ਟੀਮ ਦੀ ਚੋਣ ਸਮੇਂ ਖਿਡਾਰੀਆਂ ਵਿੱਚ ਪਾਏ ਗਏ ਉਤਸ਼ਾਹ ਤੋਂ ਪ੍ਰਭਾਵਿਤ ਹੋ ਕੇ ਘਾਨਾ ਨਾਲ ਵਸੇ ਇਸ ਮੁਲਕ ਦੇ ਖੇਡ ਮੰਤਰੀ ਨੇ ਉਨ•ਾ ਨੂੰ ਭਰੋਸਾ ਦਿਵਾਇਆ ਹੈ ਕਿ ਕਬੱਡੀ ਦੀ ਮਜ਼ਬੂਤ ਟੀਮ ਤਿਆਰ ਕਰਨ ਲਈ ਇਸ ਨੂੰ ਹੇਠਲੇ ਪੱਧਰ ’ਤੇ ਪ੍ਰਫੁੱਲਿਤ ਕੀਤਾ ਜਾਵੇਗਾ ਜਿਸ ਲਈ ਸਕੂਲਾ, ਕਾਲਜਾਂ ਤੇ ਯੂਨੀਵਰਸਿਟੀਆਂ ਦੀਆਂ ਖੇਡਾਂ ਵਿੱਚ ਕਬੱਡੀ ਨੂੰ ਸ਼ਾਮਲ ਕੀਤਾ ਜਾਵੇਗਾ।ਟੀਮ ਨੂੰ ਤਿਆਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਕਬੱਡੀ ਕੋਚ ਗੁਰਮੇਲ ਸਿੰਘ ਦਿੜ•ਬਾ ਨੇ ਦੱਸਿਆ ਕਿ ਸੀਅਰਾ ਲਿਓਨ ਟੀਮ ਦੀ ਖਾਸੀਅਤ ਇਹ ਹੈ ਕਿ ਇਸ ਟੀਮ ਦਾ ਕਪਤਾਨ ਮੁਹੰਮਦ ਕੈਂਡੇ ਸੈਨਾ ਵਿੱਚ ਨੌਕਰੀ ਕਰਦਾ ਹੈ ਜਦੋਂ ਕਿ ਕਈ ਖਿਡਾਰੀ ਕਲੱਬਾਂ ਵਿੱਚ ਬਾਊਂਸਰ ਵੀ ਹਨ। ਕਬੱਡੀ ਤੋਂ ਪਹਿਲਾਂ ਇਹ ਖਿਡਾਰੀ ਵੇਟਲਿਫਟਿੰਗ, ਵਾਲੀਬਾਲ, ਬਾਡੀ ਬਿਲਡਿੰਗ ਖੇਡਾਂ ਵਿੱਚ ਹਿੱਸਾ ਲੈਂਦੇ ਸਨ। ਇਸ ਟੀਮ ਵਿੱਚ ਮੁਸਲਿਸ ਤੇ ਈਸਾਈ ਭਾਈਚਾਰੇ ਦੋਵਾਂ ਦੇ ਹੀ ਖਿਡਾਰੀ ਹਨ। ਉਨ•ਾਂ ਦੱਸਿਆ ਕਿ ਹੁਣ ਜਦੋਂ ਟੀਮ ਇੱਥੇ ਖੇਡਣ ਆਈ ਹੈ ਤਾਂ ਪਿੱਛੇ ਦੇਸ਼ ਵਿੱਚ ਟੀਮ ਪ੍ਰਤੀ ਸੀਅਰਾ ਲਿਓਨ ਵਾਸੀਆਂ ਵਿੱਚ ਬਹੁਤ ਉਤਸ਼ਾਹ ਪਾਇਆ ਜਾ ਰਿਹਾ ਹੈ। ਸੀਅਰਾ ਲਿਓਨ ਦੀ ਟੀਮ ਬੀਤੇ ਦਿਨ ਭਾਵੇਂ ਪਾਕਿਸਤਾਨ ਹੱਥੋਂ ਆਪਣਾ ਪਹਿਲਾ ਮੈਚ ਹਾਰ ਗਈ ਪਰ ਫਿਰ ਵੀ ਇਸ ਟੀਮ ਨੇ ਆਪਣੀ ਫਿਟਨੈਸ ਵਾਲੀ ਦਿੱਖ ਅਤੇ ਜੂਝਣ ਦੀ ਭਾਵਨਾ ਨਾਲ ਸਭ ਦਾ ਦਿਲ ਜਿੱਤ ਲਿਆ।

Post a Comment