ਸ੍ਰੀ ਮੁਕਤਸਰ ਸਾਹਿਬ 17 ਦਸੰਬਰ:( )ਪੰਜਾਬ ਸਰਕਾਰ ਵੱਲੋਂ ਉਸਾਰੀ ਕਾਰਜਾਂ ਨਾਲ ਜੁੜੇ ਕਿਰਤੀ ਵਰਗ ਦੀ ਭਲਾਈ ਲਈ ਬਣਾਏ ਗਏ ਪੰਜਾਬ ਬਿਲਡਿੰਗ ਐਂਡ ਅਦਰ ਕੰਸਟ੍ਰਕਸ਼ਨ ਵਰਕਰਜ਼ ਬੋਰਡ ਦੀਆਂ ਸਕੀਮਾਂ ਨਾਲ ਜੁੜ ਕੇ ਉਸਾਰੀ ਕਾਮੇ ਅਨੇਕਾਂ ਲਾਭ ਪ੍ਰਾਪਤ ਕਰ ਸਕਦੇ ਹਨ। ਇਸ ਬੋਰਡ ਵੱਲੋਂ ਉਸਾਰੀ ਕਿਰਤੀਆਂ ਦੀ ਭਲਾਈ ਲਈ ਕੀਤੇ ਜਾ ਰਹੇ ਉਪਰਾਲਿਆਂ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ ਨੇ ਕਿਰਤੀਆਂ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਨੂੰ ਇਸ ਬੋਰਡ ਨਾਲ ਜੁੜ ਕੇ ਵੱਧ ਤੋਂ ਵੱਧ ਕਿਰਤ ਭਲਾਈ ਸਕੀਮਾਂ ਦਾ ਲਾਭ ਪ੍ਰਾਪਤ ਕਰਨਾ ਚਾਹੀਦਾ ਹੈ।ਉਨ੍ਹਾਂ ਦੱਸਿਆ ਕਿ ਪੰਜਾਬ ਬਿਲਡਿੰਗ ਐਂਡ ਕੰਸਟਰਕਸ਼ਨ ਬੋਰਡ ਵੱਲੋਂ ਐਕਸਗ੍ਰੇਸੀਆਂ ਸਕੀਮ ਤਹਿਤ ਪ੍ਰੰਜੀਕ੍ਰਿਤ ਉਸਾਰੀ ਕਿਰਤੀ ਨੂੰ ਮੌਤ ਅਤੇ ਪੂਰਨ ਅਪੰਗਤਾ ਦੀ ਸੂਰਤ ਵਿੱਚ 1 ਲੱਖ ਰੁਪਏ ਜਾਂ ਅੰਸ਼ਕ ਅਪੰਗਤਾ ਹੋਣ ਦੀ ਸੂਰਤ ਵਿੰਚ 50 ਹਜ਼ਾਰ ਰੁਪਏ ਦੀ ਸਹਾਇਤਾ ਦਿੱਤੀ ਜਾਂਦੀ ਹੇ। ਇਸੇ ਤਰਾਂ ਰਾਸ਼ਟਰੀ ਸਿਹਤ ਬੀਮਾ ਯੋਜਨਾ (ਮੁਫ਼ਤ ਮੈਡੀਕਲ ਸਹਾਇਤਾ) ਅਧੀਨ ਪ੍ਰ੍ਰ੍ਰੰਜੀਕ੍ਰਿਤ ਲਾਭਪਾਤਰੀ ਅਤੇ ਉਸਦੇ ਪਰਿਵਾਰ ਦੇ ਚਾਰ ਮੈਂਬਰਾਂ ਨੂੰ 30,000 ਰੁਪਏ ਤੱਕ ਦੀ ਇਨਡੋਰ ਇਲਾਜ ਦੀ ਸਹੁਲਤ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਸਾਰੀ ਕਿਰਤੀਆਂ ਦੀਆਂ ਲੜਕੀਆਂ ਦੀ ਵਿਆਹ ਲਈ ਬਿਨ੍ਹਾਂ ਵਿਆਜ 30,000 ਰੁਪਏ ਦਾ ਕਰਜ਼ਾ ਅਤੇ 5100 ਰੁਪਏ ਸ਼ਗਨ ਸਕੀਮ ਵਜੋਂ ਸਹਾਇਤਾ ਕੀਤੀ ਜਾਂਦੀ ਹੈ। ਪ੍ਰੰਜੀਕ੍ਰਿਤ ਕਿਰਤੀਆਂ ਨੂੰ ਚਾਰ ਸਾਲ ਵਿਚ ਇਕ ਵਾਰ 1000 ਰੂਪਏ ਐਲ.ਟੀ.ਸੀ. ਦੀ ਸੁਵਿਧਾ ਵੀ ਮੁਹੱਈਆ ਕਰਵਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਕਿਰਤੀਆਂ ਨੂੰ ਸਾਈਕਲ, ਸਿਲਾਈ ਮਸ਼ੀਨ, ਪੱਖੇ, ਟੈਲੀਵਿਜ਼ਨ, ਕੰਪਿਊਟਰ ਅਤੇ ਕਣਕ ਦੀ ਖਰੀਦ ਲਈ ਬਿਨ੍ਹਾਂ ਵਿਆਜ ਕਰਜ਼ੇ ਤੋਂ ਇਲਾਵਾ ਉਸਾਰੀ ਕਿਰਤੀਆਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਦੀ ਭਿਆਨਕ ਬਿਮਾਰੀਆਂ ਦੇ ਇਲਾਜ ਲਈ 1 ਲੱਖ ਰੁਪਏ ਤੱਕ ਦੀ ਵਿੱਤੀ ਸਹਾਇਤਾ ਕੀਤੀ ਜਾਂਦੀ ਹੈ।
ਸ੍ਰੀ ਸਤਨਾਮ ਸਿੰਘ ਸਹਾਇਕ ਕਿਰਤ ਕਮਿਸ਼ਨਰ ਮੋਗਾ ਨੇ ਅੱਗੇ ਕਿਹਾ ਕਿਰਤੀ ਵਰਗ ਬੋਰਡ ਦੇ ਮੈਂਬਰ ਬਣਨ ਲਈ ਆਪਣੇ ਖੇਤਰ ਦੇ ਸਹਾਇਕ ਕਿਰਤ ਕਮਿਸ਼ਨਰ/ਕਿਰਤ ਤੇ ਸੁਲਾਹ ਅਫ਼ਸਰ ਜਾਂ ਕਿਰਤ ਇੰਸਪੈਕਟਰ ਨੂੰ ਸਿਰਫ 25 ਰੁਪਏ ਰਜਿਸ਼ਟ੍ਰੇਸ਼ਨ ਫੀਸ ਨਾਲ ਅਰਜ਼ੀਆਂ ਦੇਣ ਅਤੇ ਇਸ ਬੋਰਡ ਰਾਹੀਂ ਵੱਧ ਤੋਂ ਵੱਧ ਭਲਾਈ ਸਕੀਮਾਂ ਦੇ ਦਾਇਰੇ ਵਿੱਚ ਆਉਣ। ਇਸ ਤੋਂ ਬਾਅਦ ਸਕੀਮਾਂ ਦਾ ਲਾਭ ਲੈਣ ਲਈ ਲਾਭਪਾਤਰੀ ਨੇ ਹਰ ਮਹੀਨੇ ਕੇਵਲ 10 ਰੁਪਏ ਦਾ ਅੰਸਦਾਨ ਜਮਾਂ ਕਰਵਾਉਣਾ ਹੁੰਦਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਰਾਜ ਮਿਸਤਰੀ, ਇੱਟਾਂ/ਸੀਮਿੰਟ ਪਕੜਾਉਣ ਵਾਲੇ ਮਜ਼ਦੂਰ, ਪਲੰਬਰ, ਤਰਖਾਣ, ਵੈਲਡਰ, ਇਲੈਕਟ੍ਰੀਕਲ, ਤਕਨੀਕੀ/ਕਲੈਰੀਕਲ ਕੰਮ ਆਦਿ ਕਰਨ ਵਾਲੇ ਅਤੇ ਕਿਸੇ ਸਰਕਾਰੀ, ਅਰਧ ਸਰਕਾਰੀ ਜਾਂ ਪ੍ਰਾਈਵੇਟ ਅਦਾਰੇ ਵਿੱਚ ਇਮਾਰਤਾਂ, ਸੜਕਾਂ, ਨਹਿਰਾਂ, ਬਿਜਲੀ ਦੇ ਉਤਪਾਦਨ ਜਾਂ ਵੰਡ, ਸਿੰਚਾਈ, ਪਾਣੀਆਂ ਦੀ ਵੰਡ ਜਾਂ ਨਿਕਾਸੀ, ਟੈਲੀਫੋਨ, ਰੇਲ, ਹਵਾਈ ਅੱਡੇ ਆਦਿ ਵਿਖੇ ਉਸਾਰੀ ਮੁਰੰਮਤ, ਰੱਖ ਰਖਾਅ ਜਾਂ ਭੰਨ-ਤੋੜ ਦੇ ਕੰਮ ਲਈ ਕੁਸ਼ਲ, ਅਰਧ ਕੁਸ਼ਲ ਕਾਰੀਗਰ ਜਾਂ ਸੁਪਰਵਾਈਜ਼ਰ ਦੇ ਤੌਰ 'ਤੇ ਤਨਖਾਹ ਜਾਂ ਮਿਹਨਤਾਨਾ ਲੈ ਕੇ ਕੰਮ ਕਰਨ ਵਾਲੇ ਉਸਾਰੀ ਕਿਰਤੀ ਅਖਵਾਉਂਦੇ ਹਨ। ਇਸ ਮੌਕੇ ਲੇਬਰ ਇੰਸਪੈਕਟਰ ਮੈਡਮ ਮਨਜੀਤ ਕੌਰ ਵੀ ਹਾਜਰ ਸਨ।
ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ ਜਾਣਕਾਰੀ ਦਿੰਦੇ ਹੋਏ।


Post a Comment