ਹੁਸ਼ਿਆਰਪੁਰ, 26 ਦਸੰਬਰ:/ ਰੈਡ ਰਿਬਨ ਐਕਸਪ੍ਰੈਸ ਦੇਸ਼ ਦੇ ਹਰ ਕੋਨੇ ਵਿੱਚ ਲੱਖਾਂ ਲੋਕਾਂ ਤੱਕ ਪਹੁੰਚ ਕਰਦੀ ਹੋਈ 27 ਦਸੰਬਰ 2012 ਨੂੰ ਹੁਸ਼ਿਆਰਪੁਰ ਦੇ ਰੇਲਵੇ ਸਟੇਸ਼ਨ ਵਿਖੇ ਪਹੁੰਚ ਰਹੀ ਹੈ। ਇਸ ਟਰੇਨ ਰਾਹੀਂ 27 ਅਤੇ 28 ਦਸੰਬਰ ਨੂੰ ਲਗਭਗ 30-40 ਹਜ਼ਾਰ ਦੇ ਕਰੀਬ ਲੋਕ ਐਚ.ਆਈ.ਵੀ. ਅਤੇ ਏਡਜ਼ ਸਬੰਧੀ ਜਾਣਕਾਰੀ ਲੈਣਗੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰ: ਦੀਪਇੰਦਰ ਸਿੰਘ ਨੇ ਅੱਜ ਸਿਵਲ ਹਸਪਤਾਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਰਮਿੰਦਰ ਸਿੰਘ, ਐਸ.ਡੀ.ਐਮ. ਹੁਸ਼ਿਆਰਪੁਰ ਕੈਪਟਨ ਕਰਨੈਲ ਸਿੰਘ, ਕਾਰਜਕਾਰੀ ਇੰਜੀਨੀਅਰ ਲੋਕ ਨਿਰਮਾਣ ਵਿਭਾਗ ਰਮਤੇਸ ਸਿੰਘ ਬੈਂਸ, ਸਿਵਲ ਸਰਜਨ ਡਾ. ਸੁਰਿੰਦਰ ਗੰਗੜ ਵੀ ਉਨ੍ਹਾਂ ਦੇ ਨਾਲ ਸਨ। ਉਨ੍ਹਾਂ ਦੱਸਿਆ ਕਿ ਇਹ ਰੈਡ ਰਿਬਨ ਐਕਸਪ੍ਰੈਸ ਦਾ ਤੀਜਾ ਫੇਸ ਹੈ ਜਿਹੜਾ ਕਿ ਨੈਸ਼ਨਲ ਏਡਜ਼ ਕੰਟਰੋਲ ਆਰਗੇਨਾਈਜੇਸ਼ਨ ਵੱਲੋਂ ਰੇਲਵੇ ਵਿਭਾਗ ਅਤੇ ਨੈਸ਼ਨਲ ਰੂਰਲ ਹੈਲਥ ਮਿਸ਼ਨ ਵੱਲੋਂ ਸਾਂਝੇ ਤੌਰ ਤੇ ਚਲਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਵੱਖ-ਵੱਖ ਸਵੈਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਰੈਡ ਰਿਬਨ ਐਕਸਪ੍ਰੈਸ ਟਰੇਨ ਨੂੰ ਵੱਧ ਤੋਂ ਵੱਧ ਲੋਕਾਂ ਨੂੰ ਦੇਖਣ ਲਈ ਪ੍ਰੇਰਿਤ ਕਰਨ ਦੇ ਉਪਰਾਲੇ ਕੀਤੇ ਗਏ ਹਨ। ਉਨ੍ਹਾਂ ਪ੍ਰਿੰਟ ਤੇ ਇਲੈਕਟ੍ਰੋਨਿਕ ਮੀਡੀਆ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਹਰ ਵੇਲੇ ਸਹਿਯੋਗ ਦਿੱਤਾ ਜਾਂਦਾ ਹੈ । ਇਸ ਲਈ ਉਨ੍ਹਾਂ ਵੱਲੋਂ ਵੀ ਲੋਕਾਂ ਵਿੱਚ ਰੈਡ ਰਿਬਨ ਐਕਸਪ੍ਰੈਸ ਦੇਖਣ ਲਈ ਜਾਗ੍ਰਤੀ ਪੈਦਾ ਕੀਤੀ ਜਾਵੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਰੈਡ ਰਿਬਨ ਐਕਸਪ੍ਰੈਸ ਵਿੱਚ 8 ਕੋਚ ਹਨ, ਪਹਿਲੇ ਚਾਰ ਕੋਚਾਂ ਵਿੱਚ ਐਚ.ਆਈ.ਵੀ. ਅਤੇ ਏਡਜ਼ ਸਬੰਧੀ ਜਾਣਕਾਰੀ ਦੇਣ ਲਈ ਪ੍ਰਦਰਸ਼ਨੀਆਂ ਲਗਾਈਆਂ ਗਈਆਂ ਹਨ। ਕੋਚ ਨੰਬਰ 5 ਵਿੱਚ ਆਡੀਟੋਰੀਅਮ-ਕਮ-ਕਾਨਫਰੰਸ ਰੂਮ ਹੈ ਜਿਸ ਵਿੱਚ 60 ਵਿਅਕਤੀਆਂ ਦੇ ਚਾਰ ਗਰੁੱਪਾਂ ਨੂੰ ਪਹਿਲੇ ਦਿਨ 240 ਅਤੇ ਦੂਸਰੇ ਦਿਨ ਵੀ 240 ਵਿਅਕਤੀਆਂ ਨੂੰ ਐਚ.ਆਈ.ਵੀ. / ਏਡਜ਼ ਸਬੰਧੀ ਜਾਗਰੂਕ ਕੀਤਾ ਜਾਵੇਗਾ। ਕੋਚ ਨੰਬਰ 6 ਵਿੱਚ ਸਲਾਹ ਮਸ਼ਵਰਾ ਅਤੇ ਮੈਡੀਕਲ ਸੇਵਾਵਾਂ ਦਿੱਤੀਆਂ ਜਾਣਗੀਆਂ। ਕੋਚ ਨੰਬਰ 7 ਅਤੇ 8 ਵਿੱਚ ਰੈਡ ਰਿਬਨ ਐਕਸਪ੍ਰੈਸ ਦੇ ਮੈਂਬਰ ਅਤੇ ਏਡਜ਼ ਕੰਟਰੋਲ ਸੁਸਾਇਟੀ ਦੇ ਅਧਿਕਾਰੀਆਂ ਦੇ ਦਫ਼ਤਰ ਤੇ ਰਹਿਣ ਦਾ ਪ੍ਰਬੰਧ ਹੈ। ਉਨ੍ਹਾਂ ਦੱਸਿਆ ਕਿ ਇਸ ਟਰੇਨ ਦਾ ਮੁੱਖ ਉਦੇਸ਼ ਮੁਢਲੀ ਰੋਕਥਾਮ ਸੇਵਾਵਾਂ ਬਾਰੇ ਜਾਣਕਾਰੀ ਨੂੰ ਵਧਾਉਣਾ, ਰੋਗ ਦੇ ਵਧਣ ਤੋਂ ਰੋਕਣ ਸਬੰਧੀ ਜਾਣਕਾਰੀ, ਐਚ.ਆਈ.ਵੀਂ / ਏਡਜ਼ ਨਾਲ ਜੀਅ ਰਹੇ ਲੋਕਾਂ ਪ੍ਰਤੀ ਭੇਦ-ਭਾਵ ਨੂੰ ਘਟਾਉਣਾ, ਜਨਤਾ ਵਿੱਚ ਐਚ.ਆਈ.ਵੀ. / ਏਡਜ਼ ਤੋਂ ਬਚਣ ਦੇ ਉਪਾਅ ਸਬੰਧੀ ਜਾਣਕਾਰੀ ਨੂੰ ਹੋਰ ਮਜ਼ਬੂਤੀ ਦੇਣਾ, ਸੁਰੱਖਿਅਤ ਵਿਵਹਾਰ ਅਤੇ ਸਿਹਤਮੰਦ ਜੀਵਨ ਸ਼ੈਲੀ ਨੂੰ ਬੜਾਵਾ ਦੇਣਾ ਹੈ। ਉਨ੍ਹਾਂ ਦੱਸਿਆ ਕਿ ਇਹ ਟਰੇਨ ਐਚ.ਆਈ.ਵੀ. / ਏਡਜ਼ ਦੇ ਨਾਲ-ਨਾਲ ਟੀ.ਬੀ. ਅਤੇ ਨੈਸ਼ਨਲ ਰੂਰਲ ਹੈਲਥ ਮਿਸ਼ਨ ਅਧੀਨ ਦਿੱਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਵੀ ਜਾਣਕਾਰੀ ਦੇਵੇਗੀ। ਉਨ੍ਹਾਂ ਸਾਰੇ ਵਿਦਿਆਰਥੀਆਂ, ਸਵੈ-ਸਹਾਇਤਾ ਸਮੂਹ ਦੇ ਮੈਂਬਰਾਂ, ਯੂਥ ਕਲੱਬਾਂ ਦੇ ਮੈਂਬਰਾਂ, ਪਿੰਡਾਂ ਦੇ ਨੌਜਵਾਨਾਂ, ਬਸ/ਟਰੱਕ ਓਪਰੇਟਰਾਂ, ਉਦਯੋਗਾਂ ਵਿੱਚ ਕੰਮ ਕਰਦੇ ਕਾਰੀਗਰਾਂ/ਮਜ਼ਦੂਰਾਂ ਅਤੇ ਦੂਰ-ਦੁਰਾਡੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ 27 ਅਤੇ 28 ਦਸੰਬਰ ਨੂੰ ਰੇਲਵੇ ਸਟੇਸ਼ਨ ਹੁਸ਼ਿਆਰਪੁਰ ਵਿਖੇ ਪਹੁੰਚ ਕੇ ਇਸ ਟਰੇਨ ਨੂੰ ਦੇਖਣ ਅਤੇ ਜਾਣਕਾਰੀ ਹਾਸਲ ਕਰਨ। ਡਿਪਟੀ ਕਮਿਸ਼ਨਰ ਨੇ ਪ੍ਰੈਸ ਕਾਨਫਰਸ ਦੌਰਾਨ ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਦੱਸਿਆ ਕਿ ਸਿਹਤ ਵਿਭਾਗ ਹੁਸ਼ਿਆਰਪੁਰ ਵੱਲੋਂ ਜਿਲ੍ਹਾ ਹੁਸ਼ਿਆਰਪੁਰ ਵਿੱਚ ਹੁਣ ਤੱਕ ਐਚ.ਆਈ.ਵੀ. ਏਡਜ਼ ਦੇ 62600 ਟੈਸਟ ਕੀਤੇ ਜਾ ਚੁੱਕੇ ਹਨ ਜਿਨ੍ਹਾਂ ਵਿੱਚੋਂ 1092 ਟੈਸਟ ਐਚ.ਆਈ.ਵੀ. ਪੋਜ਼ਟਿਵ ਪਾਏ ਗਏ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਹਸਪਤਾਲਾਂ ਵਿੱਚ ਐਚ.ਆਈ.ਵੀ. ਟੈਸਟ ਲਗਾਤਾਰ ਕੀਤੇ ਜਾਂਦੇ ਹਨ। ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਜਾਇੰਟ ਡਾਇਰੈਕਟਰ ਟੀ.ਆਈ. ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਡਾ. ਮੀਨੂ, ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੁਰਿੰਦਰ ਮਲਿਕ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਅਜੇ ਬੱਗਾ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਦੇਸ ਰਾਜ, ਜ਼ਿਲ੍ਹਾ ਪ੍ਰੀਵਾਰ ਭਲਾਈ ਅਫ਼ਸਰ ਡਾ. ਚੁੰਨੀ ਲਾਲ ਕਾਜਲ, ਸੀਨੀਅਰ ਮੈਡੀਕਲ ਅਫ਼ਸਰ ਡਾ. ਅਨਿਲ ਮਹਿੰਦਰਾ, ਡਾ. ਅਮਰਜੀਤ ਪਾਲ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਮਨਮੋਹਨ ਕੌਰ, ਜਿਲ੍ਹਾ ਐਪੋਡਿਮੋਲੋਜਿਸਟ ਡਾ. ਮੁਨੀਸ਼ ਕੁਮਾਰ, ਸਕੂਲ ਹੈਲਥ ਪ੍ਰੋਗਰਾਮ ਅਫ਼ਸਰ ਡਾ. ਗੁਨਦੀਪ ਕੌਰ ਵੀ ਹਾਜ਼ਰ ਸਨ।

Post a Comment