ਮੋਗਾ, 26 ਦਸੰਬਰ / ਪੰਜਾਬ ਮੰਡੀ ਬੋਰਡ ਵੱਲੋਂ ਸਬਜ਼ੀ ਮੰਡੀ ਮੋਗਾ ਵਿਖੇ ਬਣਾਏ ਗਏ ਆਧੁਨਿਕ ਪੈਕ ਹਾਊਸ ਦਾ ਉਦਘਾਟਨ ਮੰਡੀ ਬੋਰਡ ਦੇ ਚੇਅਰਮੈਨ ਸ. ਅਜਮੇਰ ਸਿੰਘ ਲੱਖੋਵਾਲ ਨੇ ਕੀਤਾ। ਉਨ੍ਹਾਂ ਕਿਹਾ ਕਿ ਇਸ ਪੈਕ ਹਾਊਸ ਦਾ ਜ਼ਿਲੇ ਦੇ ਕਿਸਾਨਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਵੇਗਾ ਤੇ ਉਨ੍ਹਾਂ ਨੂੰ ਆਰਥਿਕ ਪੱਧਰ ‘ਤੇ ਵੀ ਇਸਦਾ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਜਿਹੜੇ ਕਿਸਾਨਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੀਆਂ ਸਬਜ਼ੀਆਂ ਤੇ ਫਲਾਂ ਦਾ ਭਾਅ ਉਨ੍ਹਾਂ ਨੂੰ ਠੀਕ ਨਹੀਂ ਮਿਲ ਰਿਹਾ, ਉਹ ਇਸ ਪੈਕ ਹਾਊਸ ‘ਚ ਬਹੁਤ ਹੀ ਘੱਟ ਕੀਮਤ ਅਦਾ ਕਰਕੇ ਆਪਣੀਆਂ ਸਬਜ਼ੀਆਂ ਤੇ ਫਲ ਸਟੋਰ ਕਰ ਸਕਦੇ ਹਨ ਅਤੇ ਭਾਅ ਠੀਕ ਮਿਲਣ ‘ਤੇ ਇਨ੍ਹਾਂ ਦੀ ਵਿਕਰੀ ਕਰ ਸਕਦੇ ਹਨ। ਇਸ ਪੈਕ ਹਾਊਸ ਦੇ ਸੰਚਾਲਕ ਸ੍ਰੀ ਸੰਜੀਵ ਭਾਰਤੀ, ਡਾਇਰੈਕਟਰ ਗਲੋਬਲ ਹੈਲਥੀ ਨੇ ਦੱਸਿਆ ਕਿ ਇਸ ਆਧੁਨਿਕ ਪੈਕ ਹਾਊਸ ‘ਚ ਸਬਜ਼ੀਆਂ ਤੇ ਫਲ ਸਟੋਰ ਕਰਨ ਦੀ ਕੀਮਤ ਨਾ-ਮਾਤਰ ਹੈ। ਉਨ੍ਹਾਂ ਦੱਸਿਆ ਕਿ ਤਰਕੀਬਨ 1 ਕਰੋੜ 37 ਲੱਖ ਦੀ ਲਾਗਤ ਨਾਲ ਬਣੇ ਇਸ ਪੈਕ ਹਾਊਸ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਹੈ ਕਿ ਇਸ ‘ਚ ਰੋਜ਼ਾਨਾ 10 ਟਨ ਕੇਲਾ ਤੇ ਅੰਬ ਕੁਦਰਤੀ ਤੌਰ ‘ਤੇ ਪਕਾਏ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇੱਥੇ ਪਕਾਏ ਗਏ ਅੰਬ, ਕੇਲਾ ਅਤੇ ਪਪੀਤਾ ਨਾਲ ਸਿਹਤ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਤੇ ਇਹ ਪੂਰੀ ਤਰ੍ਹਾਂ ਕੁਦਤਰੀ ਤੌਰ ‘ਤੇ ਪੱਕੇ ਫਲਾਂ ਦੀ ਤਰ੍ਹਾਂ ਹੀ ਹੁੰਦੇ ਹਨ। ਉਨ੍ਹਾਂ ਕਿਹਾ ਕਿ ਮਸਾਲਿਆਂ ਰਾਹੀਂ ਪਕਾਏ ਗਏ ਫਲਾਂ ਨਾਲ ਸਿਹਤ ‘ਤੇ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ ਪਰ ਆਧੁਨਿਕ ਪੈਕ ਹਾਊਸ ਰਾਹੀਂ ਪਕਾਏ ਫਲ ਸਿਹਤ ਲਈ ਸਹਾਈ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਲੁਧਿਆਣਾ ਵਿਖੇ ਬਣਾਏ ਗਏ ਪੈਕ ਹਾਊਸ ਦਾ ਵੀ ਉਹ ਸੰਚਾਲਨ ਕਰ ਰਹੇ ਹਨ ਅਤੇ ਉ¤ਥੇ ਸਾਰਥਕ ਸਿੱਟੇ ਸਾਹਮਣੇ ਆ ਰਹੇ ਹਨ ਤੇ ਕਿਸਾਨਾਂ ਨੂੰ ਇਸਦਾ ਫਾਇਦਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਸਰਕਾਰ ਦੀਆਂ ਹਦਾਇਤਾਂ ਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੈਕ ਹਾਊਸ ਦੀ ਕਾਮਯਾਬੀ ਤੇ ਕਿਸਾਨਾਂ ਦੀ ਭਲਾਈ ਲਈ ਕੰਮ ਕਰਨਗੇ। ਇਸ ਮੌਕੇ ਮੰਡੀ ਬੋਰਡ ਦੇ ਜ਼ਿਲਾ ਅਫਸਰਾਂ ਤੋਂ ਇਲਾਵਾ ਕਿਸਾਨ ਆਗੂ ਵੀ ਹਾਜ਼ਰ ਸਨ।
ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਅਜਮੇਰ ਸਿੰਘ ਲੱਖੋਵਾਲ ਸਬਜ਼ੀ ਮੰਡੀ ਮੋਗਾ ਵਿਖੇ ਬਣਾਏ ਗਏ ਆਧੁਨਿਕ ਪੈਕ ਹਾਊਸ ਦਾ ਉਦਘਾਟਨ ਕਰਦੇ ਹੋਏ।

Post a Comment