ਮਾਨਸਾ, 14 ਦਸੰਬਰ ( ) : ਕੈਂਸਰ ਚੇਤਨਾ ਤੇ ਲੱਛਣ ਅਧਾਰਤ ਜਲਦੀ ਜਾਂਚ ਲਈ ਸ਼ੁਰੂ ਕੀਤੀ ਗਈ ਕੈਂਸਰ ਜਾਗਰੂਕਤਾ ਮੁਹਿੰਮ ਦੌਰਾਨ ਕੀਤੇ ਗਏ ਸਰਵੇਖਣ ਤੋਂ ਹੁਣ ਤੱਕ 1431 ਕੈਂਸਰ ਦੇ ਸ਼ੱਕੀ ਮਰੀਜ਼ ਸਾਹਮਣੇ ਆਏ ਹਨ ਅਤੇ 637 ਅਜਿਹੇ ਕੇਸ ਹਨ, ਜਿਹੜੇ ਕੈਂਸਰ ਤੋਂ ਪੀੜਤ ਹਨ। ਇਸ ਜਾਗਰੂਕਤਾ ਮੁਹਿੰਮ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਬਲਦੇਵ ਸਿੰਘ ਸਹੋਤਾ ਨੇ ਕਿਹਾ ਕਿ ਕੈਂਸਰ ਚੇਤਨਾ ਮੁਹਿੰਮ ਲਈ ਜ਼ਿਲ੍ਹੇ ਵਿੱਚ 11 ਸੀਨੀਅਰ ਮੈਡੀਕਲ ਅਫ਼ਸਰ, 21 ਮੈਡੀਕਲ ਅਫ਼ਸਰ, 16 ਆਰ.ਐਮ.ਓ, 42 ਐਸ.ਆਈ, 7 ਐਲ.ਐਚ.ਵੀ, 156 ਏ.ਐਨ.ਐਮਜ਼, 481 ਆਸ਼ਾ ਵਰਕਰ, 43 ਨਰਸਿੰਗ ਟਿਊਟਰ ਅਤੇ 772 ਨਰਸਿੰਗ ਕਾਲਜਾਂ ਦੇ ਵਿਦਿਆਰਥੀਆਂ ਦੀਆਂ ਟੀਮਾਂ ਕੰਮ ਕਰ ਰਹੀਆਂ ਹਨ।ਉਨ੍ਹਾਂ ਕਿਹਾ ਕਿ ਕੈਂਸਰ ਸਰਵੇ ਦੌਰਾਨ ਲਗਾਈਆਂ ਗਈਆਂ ਟੀਮਾਂ ਦੁਆਰਾ ਲੋਕਾਂ ਨੂੰ ਘਰ-ਘਰ ਜਾ ਕੇ ਕੈਂਸਰ ਦੇ 12 ਲੱਛਣਾਂ, 6 ਮੁੱਖ ਕਾਰਨਾਂ ਅਤੇ ਮੁੱਖ-ਮੰਤਰੀ ਕੈਂਸਰ ਰਾਹਤ ਕੋਸ਼ ਫੰਡ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੈਂਸਰ ਨਾਲ ਹੋਈਆਂ ਮੌਤਾਂ ਅਤੇ ਸ਼ੱਕੀ ਮਰੀਜ਼ਾਂ ਦੇ ਅੰਕੜੇ ਇਕੱਠੇ ਕੀਤੇ ਜਾ ਰਹੇ ਹਨ। ਜ਼ਿਲ੍ਹਾ ਪ੍ਰੋਜੈਕਟ ਕੋਆਰਡੀਨੇਟਰ ਡਾ. ਯਸ਼ਪਾਲ ਗਰਗ ਨੇ ਕਿਹਾ ਕਿ ਕੈਂਸਰ ਮੁਹਿੰਮ ਦੌਰਾਨ 12 ਦਸੰਬਰ 2012 ਤੱਕ ਕੈਂਸਰ ਸਰਵੇ ਟੀਮਾਂ ਹੁਣ ਤੱਕ 360458 ਦੀ ਆਬਾਦੀ ਵਿੱਚ 67950 ਘਰਾਂ ਦਾ ਸਰਵੇਖਣ ਕਰ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਸਰਵੇਖਣ ਤੋਂ ਬਾਅਦ ਕੈਂਸਰ ਮਰੀਜ਼ਾਂ ਨੂੰ ਇਲਾਜ ਲਈ ਰੈਫਰ ਕੀਤਾ ਜਾਵੇਗਾ।

Post a Comment