ਹੁਸ਼ਿਆਰਪੁਰ 26 ਦਸੰਬਰ, /ਡਿਪਟੀ ਕਮਿਸ਼ਨਰ ਦੀਪਇੰਦਰ ਸਿੰਘ ਦੀ ਪ੍ਰਧਾਨਗੀ ਹੇਠ ਅੱਜ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਮੈਟਰਨਲ ਡੈਥ ਰੀਵਿਊ ਮੀਟਿੰਗ ਕੀਤੀ ਗਈ। ਜਿਸ ਵਿੱਚ ਡਾ. ਸੁਰਿੰਦਰ ਗੰਗੜ ਸਿਵਲ ਸਰਜਨ ਹੁਸ਼ਿਆਰਪੁਰ, ਸ਼੍ਰੀ ਹਰਮਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਕੈਪਟਨ ਕਰਨੈਲ ਸਿੰਘ ਐਸ.ਡੀ.ਐਮ. ਹੁਸ਼ਿਆਰਪੁਰ, ਸ਼੍ਰੀ ਆਰ.ਐਸ. ਬੈਂਸ ਐਕਸੀਐਨ ਪੀ.ਡਬਲਯੂ.ਡੀ., ਡਾ. ਚੂਨੀ ਲਾਲ ਕਾਜਲ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ, ਡਾ. ਅਜੈ ਬੱਗਾ ਜਿਲ੍ਹਾ ਟੀਕਾਕਰਣ ਅਫ਼ਸਰ, ਸ਼੍ਰੀਮਤੀ ਮਨਮੋਹਣ ਕੌਰ ਜਿਲ੍ਹਾ ਸਮੂਹ ਸਿੱਖਿਆ ਅਤੇ ਸੂਚਨਾ ਅਫ਼ਸਰ, ਡਾ. ਰਜਿੰਦਰ ਰਾਜ, ਡਾ. ਅਮਰਜੀਤ ਲਾਲ, ਡਾ. ਅਨਿਲ ਮਹਿੰਦਰਾ ਸੀਨੀਅਰ ਮੈਡੀਕਲ ਅਫ਼ਸਰ, ਸ਼੍ਰੀ ਮੁਹਮੰਦ ਆਸਿਫ਼ ਜਿਲ੍ਹਾ ਪ੍ਰੋਗਰਾਮ ਮੈਨੇਜਰ, ਮੈਟਰਨਲ ਡੈਥ ਨਾਲ ਸਬੰਧਤ ਬਲਾਕਾਂ ਦੇ ਸੀਨੀਅਰ ਮੈਡੀਕਲ ਅਫ਼ਸਰ ਅਤੇ ਸਬੰਧਤ ਮੈਡੀਕਲ ਤੇ ਪੈਰਾ ਮੈਡੀਕਲ ਸਟਾਫ਼ ਸ਼ਾਮਿਲ ਹੋਇਆ।ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਦੀਪਇੰਦਰ ਸਿੰਘ ਵੱਲੋਂ ਵੱਖ ਵੱਖ ਬਲਾਕਾਂ ਵਿੱਚ ਹੋਈਆਂ 6 ਮੈਟਰਨਲ ਡੈਥ ਦਾ ਰੀਵਿਊ ਕੀਤਾ ਗਿਆ। ਉਹਨਾਂ ਕਿਹਾ ਕਿ ਨੈਸ਼ਨਲ ਰੂਰਲ ਹੈਲਥ ਮਿਸ਼ਨ ਦਾ ਉਦੇਸ਼ ਮਾਂ ਅਤੇ ਬੱਚੇ ਦੀ ਮੌਤ ਨੂੰ ਘੱਟ ਕਰਨਾ ਹੈ। ਇਸੇ ਉਦੇਸ਼ ਦੀ ਪੂਰਤੀ ਲਈ ਮੈਟਰਨਲ ਡੈਥ ਰੀਵਿਊ ਸ਼ੁਰੂ ਕੀਤਾ ਗਿਆ ਹੈ। ਤਾਂ ਜੋ ਕਾਰਣਾਂ ਦਾ ਪਤਾ ਕਰਕੇ ਮਾਂਵਾਂ ਦੀਆਂ ਕੀਮਤੀ ਜਾਨਾ ਨੂੰ ਬਚਾਇਆ ਜਾ ਸਕੇ। ਰੀਵਿਊ ਦੌਰਾਨ ਉਹਨਾਂ ਸਿਹਤ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵੱਧ ਤੋਂ ਵੱਧ ਲੋਕਾਂ ਨੂੰ ਘਰ ਵਿੱਚ ਜਣੇਪਾ ਨਾ ਕਰਵਾ ਕੇ ਸੰਸਥਾਗਤ ਜਣੇਪਾ ਕਰਵਾਉਣ ਲਈ ਜਾਗਰੂਕ ਕਰਨ ਲਈ ਨਿਰਦੇਸ਼ ਦਿੱਤੇ। ਰੀਵਿਊ ਕਰਦਿਆਂ ਉਹਨਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਫੀਲਡ ਸਟਾਫ ਅਤੇ ਹਸਪਤਾਲ ਦੇ ਸਟਾਫ਼ ਵਿੱਚ ਆਪਸੀ ਤਾਲਮੇਲ ਹੋਵੇ ਤਾਂ ਜੋ ਹਸਪਤਾਲ ਡਿਲੀਵਰੀ ਸਮੇਂ ਕੋਈ ਮੁਸ਼ਕਲ ਪੇਸ਼ ਨਾ ਆਵੇ। ਡਿਪਟੀ ਕਮਿਸ਼ਨਰ ਨੇ ਨਿਰਦੇਸ਼ ਦਿੱਤੇ ਕਿ ਹਸਪਤਾਲ ਵਿੱਚ ਜਣੇਪਾ ਕਰਵਾਉਣ ਆਈਆਂ ਗਰਭਵਤੀ ਔਰਤਾਂ ਨੂੰ ਲੋੜ ਪੈਣ ਤੇ ਖੂਨ ਦਾ ਪ੍ਰਬੰਧ ਹਸਪਤਾਲ ਵਿੱਚ ਹੀ ਕੀਤਾ ਜਾਵੇ। ਉਹਨਾਂ ਕਿਹਾ ਕਿ ਰਜਿਸਟਰਡ ਹੋਈਆਂ ਗਰਭਵਤੀ ਔਰਤਾਂ ਦਾ ਬਲੱਡ ਗਰੂੱਪ ਜਰੂਰ ਟੈਸਟ ਕਰਵਾਇਆ ਜਾਵੇ ਤਾਂ ਕਿ ਪ੍ਰਬੰਧ ਪਹਿਲਾਂ ਹੀ ਕਰ ਲਏ ਜਾਣ ਅਤੇ ਲੋੜ ਪੈਣ ਤੇ ਖੂਨ ਆਸਾਨੀ ਨਾਲ ਉਪਲਬੱਧ ਹੋ ਸਕੇ। ਹਾਈ ਰਿਸਕ ਵਾਲੇ ਕੇਸ ਵੀ ਸਮੇਂ ਸਿਰ ਰੈਫਰ ਕੀਤੇ ਜਾਣ। ਇਸਦੇ ਨਾਲ ਹੀ ਉਹਨਾਂ ਸੀਨੀਅਰ ਮੈਡੀਕਲ ਅਫ਼ਸਰਾਂ ਨੂੰ ਝੁੱਗੀ, ਝੋਂਪੜੀ ਅਤੇ ਸਲਮ ਏਰੀਏ ਦੀਆਂ ਗਰਭਵਤੀ ਔਰਤਾਂ ਵੱਲ ਗਰਭ ਦੌਰਾਨ ਹੀ ਵਿਸ਼ੇਸ਼ ਧਿਆਨ ਦੇਣ ਲਈ ਨਿਰਦੇਸ਼ ਦਿੱਤੇ। ਸਿਵਲ ਸਰਜਨ ਡਾ. ਸੁਰਿੰਦਰ ਗੰਗੜ ਨੇ ਇਸ ਮੌਕੇ ਤੇ ਦੱਸਿਆ ਕਿ ਮੈਟਰਨਲ ਡੈਥ ਹੋਣ ਦਾ ਇੱਕ ਕਾਰਣ ਲੋਕਾਂ ਦਾ ਅਨਟ੍ਰੇਂਡ ਦਾਈਆਂ ਤੇ ਵਿਸ਼ਵਾਸ ਕਰਨਾ ਵੀ ਸਾਹਮਣੇ ਆ ਰਿਹਾ ਹੈ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਗਰਭ ਦੌਰਾਨ ਜਰੂਰਤ ਪੈਣ ਤੇ ਅਨਟ੍ਰੇਂਡ ਹੱਥਾਂ ਵਿੱਚ ਨਾ ਜਾ ਕੇ ਸਿਹਤ ਵਿਭਾਗ ਮਾਹਰ ਡਾਕਟਰਾਂ ਦੀਆਂ ਸੇਵਾਂਵਾਂ ਪ੍ਰਾਪਤ ਕਰਨ ਤਾਂ ਜੋ ਸਮੇਂ ਸਿਰ ਯੋਗ ਕਾਰਵਾਈ ਕਰਕੇ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ।
Post a Comment