ਸੈਲਫ ਹੈਲਪ ਗਰੁੱਪ ਮੈਂਬਰਾਂ ਨੇ ਵੀ ਜਿੱਤੇ ਇਨਾਮ - ਜ਼ਿਲਾ ਪ੍ਰਸ਼ਾਸਨ ਦਾ ਉਤਸ਼ਾਹ ਦੁੱਗਣਾ ਹੋਇਆ-ਥਿੰਦ
ਮੋਗਾ, 26 ਦਸੰਬਰ, / ਕੇਂਦਰੀ ਸਕੀਮਾਂ ਨੂੰ ਸੁਚਾਰੂ ਤੇ ਸਾਰਥਕ ਤਰੀਕੇ ਨਾਲ ਲਾਗੂ ਕਰਨ ਲਈ ਮੋਗਾ ਜ਼ਿਲੇ ਨੂੰ ਰਾਜ ਪੱਧਰੀ ਐਵਾਰਡ ਦਿੱਤਾ ਗਿਆ ਹੈ। ਬੀਤੇ ਦਿਨੀਂ ਚੰਡੀਗੜ੍ਹ ਵਿਖੇ ਕੇਂਦਰੀ ਸਕੀਮਾਂ ਦਾ ਰਿਵੀਊ ਕਰਨ ਲਈ ਲਗਾਈ ਗਈ ਇਕ ਵਰਕਸ਼ਾਪ ਦੌਰਾਨ ਪੰਜਾਬ ਭਰ ‘ਚੋਂ ਮੋਗਾ ਜ਼ਿਲਾ ਅੱਵਲ ਰਿਹਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਅਰਸ਼ਦੀਪ ਸਿੰਘ ਥਿੰਦ ਨੇ ਦੱਸਿਆ ਕਿ ਐਸ.ਜੀ.ਐਸ.ਵਾਈ. (ਸਵਰਨਜਯੰਤੀ ਗ੍ਰਾਮ ਸਵੈ-ਰੁਜ਼ਗਾਰ ਯੋਜਨਾ), ਇੰਦਰਾ ਆਵਾਸ ਯੋਜਨਾ ਅਤੇ ਨਰੇਗਾ ਵਰਗੀਆਂ ਸਕੀਮਾਂ ਨੂੰ ਸਹੀ ਢੰਗ ਅਤੇ ਵਧੀਆਂ ਤਰੀਕੇ ਨਾਲ ਲਾਗੂ ਕਰਨ ਲਈ ਜ਼ਿਲਾ ਮੋਗਾ ਨੂੰ ਰਾਜ ਪੱਧਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਵਧੀਕ ਡਿਪਟੀ ਕਮਿਸ਼ਨਰ ਡਾ. ਜੋਰਾਮ ਬੇਦਾ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਮੋਗਾ ਜ਼ਿਲੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਸੂਬਾ ਪੱਧਰ ‘ਤੇ ਸ਼ਲਾਘਾ ਹੋਈ ਹੈ। ਉਨ੍ਹਾਂ ਕਿਹਾ ਕਿ ਅੱਗੋਂ ਵੀ ਵਿਕਾਸ ਕਾਰਜਾਂ ‘ਚ ਹੋਰ ਤੇਜ਼ੀ ਲਿਆਂਦੀ ਜਾਵੇਗੀ ਕਿਉਂ ਕਿ ਇਹ ਐਵਾਰਡ ਜਿੱਤਣ ਨਾਲ ਜ਼ਿਲਾ ਪ੍ਰਸ਼ਾਸਨ ਦਾ ਉਤਸ਼ਾਹ ਦੁੱਗਣਾ ਹੋ ਗਿਆ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਡਾ. ਜੋਰਾਮ ਬੇਦਾ ਨੇ ਦੱਸਿਆ ਕਿ ਇਲਾਕੇ ਦੇ ਵਿਕਾਸ ਲਈ ਵੱਖ-ਵੱਖ ਸਕੀਮਾਂ ਰਾਹੀਂ ਜ਼ਿਆਦਾ ਤੋਂ ਜ਼ਿਆਦਾ ਪੈਸਾ ਵਿਕਾਸ ਕਾਰਜਾਂ ਲਈ ਲਿਆਂਦਾ ਜਾ ਰਿਹਾ ਹੈ। ਉਨ੍ਹਾਂ ਸੈਲਫ ਹੈਲਪ ਗਰੁੱਪਾਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਨ੍ਹਾਂ ਗਰੁੱਪਾਂ ਦੀਆਂ ਔਰਤਾਂ ਜਿੱਥੇ ਨਿੱਜੀ ਪੱਧਰ ‘ਤੇ ਆਪਣੀ ਆਰਥਿਕਤਾ ਸੁਧਾਰ ਰਹੀਆਂ ਹਨ ਉ¤ਥੇ ਹੀ ਜ਼ਿਲੇ ਦੇ ਵਿਕਾਸ ‘ਚ ਵੀ ਯੋਗਦਾਨ ਪਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਐਸ.ਜੀ.ਐਸ.ਵਾਈ. (ਸਵਰਨਜਯੰਤੀ ਗ੍ਰਾਮ ਸਵੈ-ਰੁਜ਼ਗਾਰ ਯੋਜਨਾ) ਸਕੀਮ ਅਧੀਨ ਜ਼ਿਲੇ ਦੇ 701 ਸੈਲਫ ਹੈਲਪ ਗਰੁੱਪਾਂ ‘ਚੋਂ 509 ਗਰੁੱਪਾਂ ਦੀ ਪਹਿਲੀ ਗ੍ਰੇਡਿੰਗ ਕਰਕੇ ਬੈਂਕਾਂ ਤੋਂ ਕਰਜ਼ਾ ਦਿਵਾਇਆ ਜਾ ਚੁੱਕਾ ਹੈ ਜਦਕਿ 241 ਗਰੁੱਪਾਂ ਦੀ ਦੂਜੀ ਗ੍ਰੇਡਿੰਗ ਕਰਨ ਉਪਰੰਤ ਵੱਖ-ਵੱਖ ਬੈਂਕਾਂ ਤੋਂ ਕਿੱਤਾਮੁਖੀ ਗਤੀਵਿਧੀਆਂ ਚਾਲੂ ਕਰਵਾ ਕੇ ਬੈਂਕਾਂ ਨਾਲ ਜੋੜ ਦਿੱਤਾ ਗਿਆ ਹੈ। ਕੇਂਦਰੀ ਸਕੀਮਾਂ ਦਾ ਰਿਵੀਊ ਕਰਨ ਉਪਰੰਤ ਚੰਡੀਗੜ੍ਹ ਵਿਖੇ ਹੀ ਵਰਕਸ਼ਾਪ ਦੌਰਾਨ ਜ਼ਿਲਾ ਪੱਧਰੀ ਸੈਲਫ ਹੈਲਪ ਗਰੁੱਪਾਂ ਦੇ ਵੱਖ-ਵੱਖ ਖੇਡ ਅਤੇ ਸੱਭਿਆਚਾਰਕ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ‘ਚ ਵੀ ਜ਼ਿਲਾ ਮੋਗਾ ਨੇ ਹੂੰਝਾ ਫੇਰ ਦਿੱਤਾ। ਰੱਸਾਕਸੀ, ਦੌੜਾਂ ਅਤੇ ਭਾਰ ਤੋਲਣ ‘ਚ ਜ਼ਿਲਾ ਮੋਗਾ ਪਹਿਲੇ ਸਥਾਨ ‘ਤੇ ਰਿਹਾ ਜਦਕਿ ਗਿੱਧੇ ‘ਚ ਵੀ ਖਾਸ ਇਨਾਮ ਦਿੱਤਾ ਗਿਆ। ਰਾਜ ਪੱਧਰ ਦੇ ਕੁੱਲ ਛੇ ਮੁਕਾਬਲਿਆਂ ‘ਚੋਂ ਜ਼ਿਲਾ ਮੋਗਾ ਚਾਰ ‘ਚੋਂ ਅੱਵਲ ਰਿਹਾ। ਸਥਾਨਕ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਸ੍ਰੀ ਅਰਸ਼ਦੀਪ ਸਿੰਘ ਥਿੰਦ ਅਤੇ ਵਧੀਕ ਡਿਪਟੀ ਕਮਿਸ਼ਨਰ ਡਾ. ਜੋਰਾਮ ਬੇਦਾ ਨੇ ਇਕ ਖਾਸ ਸਮਾਗਮ ਰਾਹੀਂ ਜੇਤੂਆਂ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਅਤੇ ਅੱਗੋਂ ਵੀ ਗਤੀਵਿਧੀਆਂ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ ਤੇ ਹੌਂਸਲਾ ਅਫਜਾਈ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਐਂਡ ਸਿੰਧ ਬੈਂਕ ਤੋਂ ਸ੍ਰੀ ਰਣਜੀਤ ਸਿੰਘ ਵਾਲੀਆ ਅਤੇ ਸਹਾਇਕ ਪ੍ਰੋਜੈਕਟ ਅਫਸਰ ਸ੍ਰੀ ਰਾਮ ਪ੍ਰਵੇਸ਼ ਚੌਧਰੀ ਹਾਜ਼ਰ ਸਨ। 
Post a Comment