‑62 ਸ਼੍ਰੇਣੀਆਂ ਵਿਚ ਹੋਣਗੇ ਮੁਕਾਬਲੇ
‑1.25 ਕਰੋੜ ਦੇ ਨਗਦ ਇਨਾਮ ਦਿੱਤੇ ਜਾਣਗੇ
ਸ੍ਰੀ ਮੁਕਤਸਰ ਸਾਹਿਬ 18 ਦਸੰਬਰ: ( ) ‑ਪੰਜਾਬ ਸਰਕਾਰ ਵੱਲੋਂ ਰਾਜ ਵਿਚ ਪਸ਼ੂਧਨ ਨੂੰ ਪ੍ਰਫੁਲਿਤ ਕਰਨ ਲਈ ਕੌਮੀ ਪਸ਼ੂਧਨ ਚੈਂਪੀਅਨਸ਼ਿਪ 8 ਤੋਂ 12 ਜਨਵਰੀ 2013 ਤੱਕ ਸ੍ਰੀ ਮੁਕਤਸਰ ਸਾਹਿਬ ਵਿਖੇ ਕਰਵਾਈ ਜਾ ਰਹੀ ਹੈ। ਇਸ ਚੈਂਪੀਅਨਸ਼ਿਪ ਦੌਰਾਨ 62 ਵਰਗਾਂ ਦੇ ਮੁਕਾਬਲੇ ਕਰਵਾਏ ਜਾਣਗੇ ਅਤੇ ਜੇਤੂਆਂ ਨੂੰ 1.25 ਕਰੋੜ ਰੁਪਏ ਦੇ ਇਨਾਮ ਦਿੱਤੇ ਜਾਣਗੇ। ਇਹ ਜਾਣਕਾਰੀ ਅੱਜ ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ ਨੇ ਇਸ ਚੈਪੀਂਅਨਸ਼ਿਪ ਦੀਆਂ ਤਿਆਰੀਆਂ ਸਬੰਧੀ ਬੈਠਕ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਬੈਠਕ ਵਿਚ ਹੋਰਨਾਂ ਤੋਂ ਇਲਾਵਾ ਸ: ਇੰਦਰਜੀਤ ਸਿੰਘ ਸਰਾਂ ਡਾਇਰੈਕਟਰ ਡੇਅਰੀ ਵਿਕਾਸ ਬੋਰਡ, ਡਾ: ਰਾਮ ਸਿੰਘ ਡਿਪਟੀ ਸੀ.ਓ. ਪੰਜਾਬ ਪਸ਼ੂਧਨ ਵਿਕਾਸ ਬੋਰਡ, ਐਸ.ਡੀ.ਐਮ. ਸ੍ਰੀ ਵੀ.ਪੀ.ਐਸ. ਬਾਜਵਾ, ਸ੍ਰੀ ਅਮਨਦੀਪ ਬਾਂਸਲ, ਸ੍ਰੀ ਕੁਮਾਰ ਅਮਿਤ, ਪੁਲਿਸ ਉਪਕਪਤਾਨ ਸ: ਗੁਰਦੀਪ ਸਿੰਘ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸ: ਦਲਜੀਤ ਸਿੰਘ ਰਾਜਪੂਤ ਆਦਿ ਵੀ ਹਾਜਰ ਸਨ।ਬੈਠਕ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ ਨੇ ਦੱਸਿਆ ਕਿ ਇਸ ਚੈਪੀਂਅਨਸ਼ਿਪ ਦੌਰਾਨ 5000 ਪਸ਼ੂਆਂ/ਜਾਨਵਰਾਂ ਦੇ ਆਉਣ ਦੀ ਸੰਭਾਵਨਾ ਹੈ। ਇਸ ਲਈ 800 ਟੈਂਟ ਪਸ਼ੂਆਂ ਲਈ ਅਤੇ 400 ਟੈਂਟ ਕਿਸਾਨਾਂ ਲਈ ਲਗਾਏ ਜਾਣਗੇ। ਇਸ ਤੋਂ ਬਿਨ੍ਹਾਂ ਮੁਕਾਬਲਿਆਂ ਲਈ ਰਿੰਗ ਬਣਾਏ ਜਾਣਗੇ। ਪਸ਼ੂਆਂ ਲਈ 1000 ਕੁਇੰਟਲ ਹਰਾ ਚਾਰਾ ਅਤੇ 200 ਕੁਇੰਟਲ ਤੂੜੀ ਦਾ ਪ੍ਰਬੰਧ ਕਰਨ ਦੇ ਨਿਰਦੇਸ਼ ਵੀ ਦਿੱਤੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪਸ਼ੂ ਪਾਲਣ ਦੇ ਕਿੱਤੇ ਪ੍ਰਤੀ ਕਿਸਾਨਾਂ ਨੂੰ ਪ੍ਰੇਰਿਤ ਕਰਨ ਅਤੇ ਚੰਗੇ ਪਸ਼ੂ ਪਾਲਕਾਂ ਨੂੰ ਉਤਸਾਹਿਤ ਕਰਨ ਲਈ ਇਹ ਮੁਕਾਬਲਾ ਕਰਵਾਉਂਦੀ ਹੈ। ਉਨ੍ਹਾਂ ਕਿਹਾ ਕਿ ਇੱਥੇ ਪਸ਼ੂ ਪਾਲਕਾਂ ਨੂੰ ਇੱਕ ਦੂਜੇ ਦੇ ਤਜਰਬਿਆਂ ਤੋਂ ਵੀ ਸਿੱਖਣ ਨੂੰ ਮਿਲਦਾ ਹੈ। ਉਨ੍ਹਾਂ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਸੰਖਿਆਂ ਵਿਚ ਇਸ ਮੁਕਾਬਲੇ ਵਿਚ ਆਪਣੇ ਪਸ਼ੂਧਨ ਨੂੰ ਮੁਕਾਬਲੇ ਲਈ ਲੈ ਕੇ ਆਉਣ। ਉਨ੍ਹਾਂ ਸਾਰੇ ਸਬੰਧਤ ਵਿਭਾਗਾਂ ਨੂੰ ਵੀ ਹਦਾਇਤ ਕੀਤੀ ਕਿ ਉਹ ਚੈਂਪੀਅਨਸ਼ਿਪ ਦੇ ਆਯੋਜਨ ਵਿਚ ਪਸ਼ੂਪਾਲਣ ਵਿਭਾਗ ਨੂੰ ਪੂਰਾ ਸਹਿਯੋਗ ਕਰਨ।
ਬੈਠਕ ਦੀ ਪ੍ਰਧਾਨਗੀ ਕਰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ
Post a Comment