ਮਾਨਸਾ, 11 ਦਸੰਬਰ/ਮਾਨਸਾ ਪ੍ਰਸ਼ਾਸਨ ਨੇ ਸਾਖ਼ਰਤਾ ਪ੍ਰੇਰਕਾਂ ਦੇ ਮਸਲੇ ਨੂੰ ਪੰਜਾਬ ਸਰਕਾਰ ਤੋਂ ਹੱਲ ਕਰਵਾਉਣ ਦਾ ਭਰੋਸਾ ਦਿੱਤਾ ਹੈ। ਇਸ ਮਾਮਲੇ ਨੂੰ ਡਿਪਟੀ ਕਮਿਸ਼ਨਰ ਅਮਿਤ ਢਾਕਾ ਅਤੇ ਸੀਨੀਅਰ ਪੁਲੀਸ ਕਪਤਾਨ ਡਾ. ਨਰਿੰਦਰ ਭਾਰਗਵ ਦੀ ਅਗਵਾਈ ਵਿਚ ਪ੍ਰੇਰਕਾਂ ਨਾਲ ਹੋਈਆਂ ਮੀਟਿੰਗਾਂ ਤੋਂ ਬਾਅਦ ਇਹ ਮਾਮਲਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਧਿਆਨ ਵਿਚ ਲਿਆਂਦਾ ਗਿਆ, ਜਿਸ ਸਬੰਧੀ ਇਸ ਮਸਲੇ ਦੇ ਹੱਲ ਲਈ ਭਲਕੇ ਮੁੜ ਬਠਿੰਡਾ ਪੁਲੀਸ ਰੇਂਜ ਦੇ ਆਈ.ਜੀ ਨਿਰਮਲ ਸਿੰਘ ਢਿੱਲੋਂ ਨਾਲ ਸਾਖ਼ਰ ਪ੍ਰੇਰਕ ਯੂਨੀਅਨ ਦੇ ਨੁਮਾਇੰਦਿਆਂ ਦੀ ਅਹਿਮ ਮੀਟਿੰਗ ਹੋ ਰਹੀ ਹੈ। ਰਾਜ ਭਰ ਤੋਂ ਮਾਨਸਾ ਪੁੱਜੇ ਸਾਖ਼ਰ ਪ੍ਰੇਰਕਾਂ ਨੂੰ ਇਸ ਮੀਟਿੰਗ ‘ਚੋਂ ਚੰਗੇ ਨਤੀਜੇ ਨਿਕਲਣ ਦੀ ਆਸ ਹੈ।ਇਸ ਤੋਂ ਪਹਿਲਾਂ ਸਾਖ਼ਰਤਾ ਪ੍ਰੇਰਕ ਯੂਨੀਅਨ ਪੰਜਾਬ ਵਲੋਂ ਅੱਜ ਇਥੇ ਹੋ ਰਹੇ ਵਿਸ਼ਵ ਕਬੱਡੀ ਕੱਪ ਦੌਰਾਨ ਆਪਣੀਆਂ ਹੱਕੀ ਮੰਗਾਂ ਨੂੰ ਲੈਕੇ ਰੋਸ ਜ਼ਾਹਿਰ ਕਰਨ ਦਾ ਫੈਸਲਾ ਕੀਤਾ ਗਿਆ ਸੀ, ਜਿਸ ਨੂੰ ਲੈਕੇ ਵੱਖ-ਵੱਖ ਜ਼ਿਲ੍ਹਿਆਂ ਵਿਚੋਂ ਵੱਡੀ ਗਿਣਤੀ ਵਿਚ ਸਾਖ਼ਰ ਪ੍ਰੇਰਕਾਂ ਨੇ ਮਾਨਸਾ ਵਿਖੇ ਵੱਖ-ਵੱਖ ਟਿਕਾਣਿਆਂ ‘ਤੇ ਪਹੁੰਚ ਕੀਤੀ, ਜਿਸ ਨੂੰ ਲੈਕੇ ਇੱਕ ਵਾਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ, ਪਰ ਬਾਅਦ ਵਿਚ ਡੀ.ਐਸ.ਪੀ ਸੁਲੱਖਣ ਸਿੰਘ ਮਾਨ ਦੀ ਅਗਵਾਈ ਵਿਚ ਸਾਖ਼ਰ ਪ੍ਰੇਰਕਾਂ ਨਾਲ ਲਗਾਤਾਰ ਹੋਈਆਂ ਮੀਟਿੰਗਾਂ ਤੋਂ ਬਾਅਦ ਜਥੇਬੰਦੀ ਦੇ ਆਗੂ ਪ੍ਰਸ਼ਾਸਨ ਦੇ ਇਸ ਭਰੋਸੇ ‘ਤੇ ਟਿਕ ਗਏ ਕਿ ਉਨ੍ਹਾਂ ਦੇ ਮਾਮਲੇ ਨੂੰ ਗੰਭੀਰਤਾ ਦੇ ਨਾਲ ਪੰਜਾਬ ਸਰਕਾਰ ਤੱਕ ਪਹੁੰਚਾਇਆ ਜਾਵੇਗਾ। ਇਥੇ ਬਾਲ ਭਵਨ ਵਿਖੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਪ੍ਰੇਰਕਾਂ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਸੂਬਾਈ ਜਨਰਲ ਸਕੱਤਰ ਸੁਖਦੇਵ ਸਿੰਘ ਬੁਰਜ ਢਿੱਲਵਾਂ ਨੇ ਚਿੰਤਾ ਜ਼ਾਹਿਰ ਕੀਤੀ ਕਿ ਵੱਖ-ਵੱਖ ਜ਼ਿਲ੍ਹਿਆਂ ਵਿਚ ਸਾਖ਼ਰ ਭਾਰਤ ਮਿਸ਼ਨ ਤਹਿਤ ਕੰਮ ਕਰ ਰਹੇ ਪ੍ਰੇਰਕਾਂ ਨੂੰ ਅਚਾਨਕ ਪੰਜਾਬ ਸਰਕਾਰ ਵਲੋਂ ਫਾਰਗ ਕਰ ਦਿੱਤਾ ਗਿਆ। ਉਨ੍ਹਾਂ ਇਸ ਗੱਲ ‘ਤੇ ਰੋਸ ਜ਼ਾਹਿਰ ਕੀਤਾ ਕਿ ਇਨ੍ਹਾਂ ਪ੍ਰੇਰਕਾਂ ਨੂੰ ਪੂਰੀ ਮਿਹਨਤ ਅਤੇ ਇਮਾਨਦਾਰੀ ਨਾਲ ਸਾਖ਼ਰਤਾ ਕੇਂਦਰਾਂ ਨੂੰ ਚਲਾਉਣ ਵਿਚ ਵੱਡੀ ਭੂਮਿਕਾ ਨਿਭਾਈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਖ਼ਰਤਾ ਕੇਂਦਰ ਵਿਚ ਢਿੱਲੇ ਪ੍ਰਬੰਧਾਂ ਅਤੇ ਸਾਖ਼ਰਤਾ ਪ੍ਰੇਰਕਾਂ ਨੂੰ ਕਈ-ਕਈ ਮਹੀਨਿਆਂ ਤੋਂ ਤਨਖਾਹਾਂ ਨਾਲ ਮਿਲਣ ਦੇ ਬਾਵਜੂਦ ਉਨ੍ਹਾਂ ਨੇ ਸਾਖ਼ਰਤਾ ਮੁਹਿੰਮ ਨੂੰ ਜਾਰੀ ਰੱਖਿਆ। ਜਥੇਬੰਦੀ ਦੇ ਸੀਨੀਅਰ ਆਗੂ ਦਵਿੰਦਰ ਦਿੱਖ, ਜਸਪਾਲ ਸਿੰਘ ਜੱਸੀ, ਅੰਗਰੇਜ ਸਿੰਘ ਧਾਲੀਵਾਲ ਨੇ ਇਸ ਗੱਲ ‘ਤੇ ਚਿੰਤਾ ਜ਼ਾਹਿਰ ਕੀਤੀ ਕਿ ਦਰਜਨਾਂ ਪ੍ਰੇਰਕਾਂ ਨੂੰ ਅਜੇ ਤੱਕ ਇਸ ਪ੍ਰੋਜੈਕਟ ਅਧੀਨ 11 ਮਹੀਨਿਆਂ ਦਾ ਮਾਣਭੱਤਾ ਵੀ ਨਹੀਂ ਦਿੱਤਾ ਗਿਆ, ਪਰ ਇਸ ਦੇ ਬਾਵਜੂਦ ਇਨ੍ਹਾਂ ਪ੍ਰੇਰਕਾਂ ਨੇ ਸਾਖ਼ਰਤਾ ਦੇ ਪ੍ਰੋਜੈਕਟ ਨੂੰ ਸਫ਼ਲਤਾਪੂਰਵਕ ਚਲਾਇਆ। ਉਨ੍ਹਾਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਫਾਰਗ ਕੀਤੇ ਗਏ ਸਾਖ਼ਰਤਾ ਪ੍ਰੇਰਕਾਂ ਨੂੰ ਜਲਦੀ ਮੁੜ ਬਹਾਲ ਨਾ ਕੀਤਾ ਗਿਆ ਤਾਂ ਸੂਬੇ ਭਰ ਵਿਚ ਤਿੱਖਾ ਅੰਦੋਲਨ ਚਲਾਇਆ ਜਾਵੇਗਾ। ਉਨ੍ਹਾਂ ਰਾਜ ਭਰ ਦੇ ਸਾਖ਼ਰ ਪ੍ਰੇਰਕਾਂ ਨੂੰ ਸੰਘਰਸ਼ੀ ਸਰਗਰਮੀਆਂ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ।ਇਸ ਮੌਕੇ ਈ.ਟੀ.ਟੀ ਟੀਚਰਜ਼ ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਹਰਦੀਪ ਸਿੰਘ ਸਿੱਧੂ, ਸੁਖਵਿੰਦਰ ਸਿੰਘ ਕਾਲਾ, ਗੁਰਵਿੰਦਰ ਕੌਰ ਖਿਆਲਾ, ਗੁਰਮੇਲ ਕੁਲਰੀਆਂ, ਜਗਰਾਜ ਸਿੰਘ, ਹਰਦੀਪ ਸਿੰਘ ਖੀਵਾ, ਜਸਵਿੰਦਰ ਕੌਰ ਕੁਸਲਾ, ਅਮਨਦੀਪ ਕੌਰ ਕੱਲ੍ਹੋ, ਅੰਮ੍ਰਿਤਪਾਲ ਸਿੰਘ ਸੰਘਰੇੜੀ, ਹਰਪ੍ਰੀਤ ਕੌਰ, ਹਰਬੰਸ ਸਿੰਘ ਜੁਗਲਾਨ, ਰਾਮਪਾਲ ਫਰੀਦਕੇ ਨੇ ਵੀ ਸੰਬੋਧਨ ਕੀਤਾ। ਉਧਰ ਜ਼ਿਲ੍ਹਾ ਪ੍ਰਸ਼ਾਸਨ ਨੇ ਸਾਖ਼ਰ ਪ੍ਰੇਰਕਾਂ ਦੀਆਂ ਨੇਪਰੇ ਚੜ੍ਹੀਆਂ ਮੀਟਿੰਗਾਂ ਤੋਂ ਬਾਅਦ ਸੁੱਖ ਦਾ ਸਾਹ ਲਿਆ।
Post a Comment