ਲੁਧਿਆਣਾ, (ਸਤਪਾਲ ਸੋਨ) ਪੰਜਾਬ ਸਰਕਾਰ ਰਾਜ ਦੇ ਕਿਸਾਨਾਂ ਨੂੰ ਕਣਕ-ਝੋਨੇ ਦੇ ਰਵਾਇਤੀ ਫ਼ਸਲੀ ਚੱਕਰ ਤੋਂ ਛੁਟਕਾਰਾ ਦਿਵਾ ਕੇ ਗੰਨਾ, ਮੱਕੀ, ਸਬਜ਼ੀਆਂ ਅਤੇ ਹੋਰ ਫਸਲਾਂ ਪੈਦਾ ਕਰਨ ਵੱਲ ਉਤਸ਼ਾਹਿਤ ਕਰੇਗੀ, ਕਿਉਕਿ ਕੇਂਦਰ ਦੀ ਯੂ.ਪੀ.ਏ ਸਰਕਾਰ ਪੰਜਾਬ ‘ਚੋਂ ਝੋਨੇ ਦੀ ਫ਼ਸਲ ਖ੍ਰੀਦਣ ਤੋਂ ਟਾਲਾ ਵੱਟ ਰਹੀ ਹੈ। ਇਹ ਪ੍ਰਗਟਾਵਾ ਸ. ਸ਼ਰਨਜੀਤ ਸਿੰਘ ਢਿੱਲੋਂ ਲੋਕ ਨਿਰਮਾਣ ਮੰਤਰੀ ਪੰਜਾਬ ਨੇ ਅੱਜ ਸਹਿਕਾਰੀ ਖੰਡ ਮਿੱਲ ਬੁੱਢੇਵਾਲ ਦੇ 27ਵੇਂ ਗੰਨਾ ਪਿੜਾਈ ਸੀਜ਼ਨ ਦਾ ਉਦਘਾਟਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਇਸ ਮੌਕੇ ਤੇ ਉਹਨਾਂ ਨਾਲ ਸ. ਅਜਮੇਰ ਸਿੰਘ ਲੱਖੋਵਾਲ ਚੇਅਰਮੈਨ ਪੰਜਾਬ ਮੰਡੀਕਰਨ ਬੋਰਡ ਵੀ ਮੌਜ਼ੂਦ ਸਨ। ਸ. ਢਿੱਲੋਂ ਨੇ ਕਿਹਾ ਕਿ ਸਹਿਕਾਰੀ ਖੰਡ ਮਿੱਲ ਬੁੱਢੇਵਾਲ ਸ਼ਲਾਘਾਯੋਗ ਕੰਮ ਕਰ ਰਹੀ ਹੈ ਅਤੇ ਪੰਜਾਬ ਦੀਆਂ ਚੰਗੀਆ ਖੰਡ ਮਿੱਲਾਂ ਵਿੱਚੋਂ ਪਹਿਲੇ ਨੰਬਰ ’ਤੇ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਖੇਤੀ ਲਾਗਤ ਵਿੱਚ ਹੋਏ ਵਾਧੇ ਨੂੰ ਮੁੱਖ ਰੱਖਦੇ ਹੋਏ ਇਸ ਸਾਲ ਵੀ ਗੰਨੇ ਦੀ ਕੀਮਤ ਵਿੱਚ ਭਾਰੀ ਵਾਧਾ ਕੀਤਾ ਹੈ ਅਤੇ ਸਰਕਾਰ ਵੱਲੋਂ ਗੰਨੇ ਦੀ ਬਕਾਇਆ ਪਈ ਰਕਮ ਦੀ ਅਦਾਇਗੀ ਕਰਨ ਲਈ ਵੀ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।ਉਹਨਾਂ ਮਿੱਲ ਦੇ ਪ੍ਰਬੰਧਕਾਂ ਨੂੰ ਕਿਸਾਨਾਂ ਨੂੰ ਗੰਨੇ ਦੀ ਅਦਾਇਗੀ ਸਮੇ ਸਿਰ ਕਰਨ ਲਈ ਵੀ ਕਿਹਾ। ਉਹਨਾਂ ਮਿੱਲ ਮੁਲਾਜ਼ਮਾਂ ਨੂੰ ਪੂਰੀ ਤਨਦੇਹੀ ਅਤੇ ਲਗਨ ਨਾਲ ਕੰਮ ਕਰਨ ਲਈ ਵੀ ਕਿਹਾ ਤਾਂ ਕਿ ਮਿੱਲ ਨੂੰ ਹੋਰ ਬੁਲੰਦੀਆਂ ’ਤੇ ਲਿਆਦਾ ਜਾ ਸਕੇ। ਇਸ ਮੌਕੇ ਤੇ ਸ. ਢਿੱਲੋਂ ਨੇ ਖੰਡ ਮਿੱਲ ਵਿੱਚ ਪੁੱਜੀਆਂ ਪਹਿਲੀਆ ਪੰਜ ਟਰਾਲੀਆਂ ਲੈ ਕੇ ਆਉਣ ਵਾਲੇ ਕਿਸਾਨਾਂ ਨੂੰ ਸਨਮਾਨਿਤ ਵੀ ਕੀਤਾ।
ਸ. ਅਜਮੇਰ ਸਿੰਘ ਲੱਖੋਵਾਲ ਚੇਅਰਮੈਨ ਪੰਜਾਬ ਮੰਡੀਕਰਨ ਬੋਰਡ ਨੇ ਕਿਸਾਨਾਂ ਨੂੰ ਆਪਣਾ ਗੰਨਾ ਸਾਫ਼-ਸੁਥਰੀ ਹਾਲਤ ਵਿੱਚ ਲੈ ਕੇ ਆਉਣ ਦੀ ਅਪੀਲ ਕੀਤੀ। ਉਹਨਾਂ ਮਿੱਲ ਪ੍ਰਬੰਧਕਾਂ ਨੂੰ ਹਦਾਇਤ ਕੀਤੀ ਕਿ ਉਹ ਕਿਸਾਨਾਂ ਦੇ ਗੰਨੇ ਦੀ ਜਲਦੀ ਖ੍ਰੀਦ ਨੂੰ ਯਕੀਨੀ ਬਨਾਉਣ ਤਾਂ ਕਿ ਕਿਸਾਨਾਂ ਨੂੰ ਮਿੱਲ ਵਿੱਚ ਜ਼ਿਆਦਾ ਸਮਾ ਰੁਕਣਾ ਨਾ ਪਵੇ। ਸਹਿਕਾਰੀ ਸੂਗਰ ਮਿੱਲ ਬੁੱਢੇਵਾਲ ਦੇ ਚੇਅਰਮੈਨ ਸ. ਹਰਿੰਦਰ ਸਿੰਘ ਲੱਖੋਵਾਲ ਨੇ ਦੱਸਿਆ ਕਿ ਮਿੱਲ ਵੱਲੋਂ ਇਸ ਪਿੜਾਈ ਸੀਜ਼ਨ ਦੌਰਾਨ ਲੱਗਭੱਗ 16 ਲੱਖ ਕੁਇੰਟਲ ਗੰਨਾ ਪੀੜਨ ਦਾ ਟੀਚਾ ਰੱਖਿਆ ਗਿਆ ਹੈ ਅਤੇ ਇਸ ਸਾਲ ਕਿਸਾਨਾਂ ਨੂੰ ਗੰਨੇ ਦੀ ਅਦਾਇਗੀ ਸਮੇ ਸਿਰ ਕਰਨ ਲਈ ਖੰਡ ਮਿੱਲ ਬੁੱਢੇਵਾਲ ਵੱਲੋਂ ਯੋਗ ਪ੍ਰਬੰਧ ਕਰ ਲਏ ਗਏ ਹਨ ਤੇ ਗੰਨੇ ਦੀ ਕੀਮਤ ਦਾ ਭੁਗਤਾਨ ਤੇਜ਼ੀ ਨਾਲ ਕੀਤਾ ਜਾਵੇਗਾ।
ਖੰਡ ਮਿੱਲ ਬੁੱਢੇਵਾਲ ਦੇ ਜਨਰਲ ਮੈਨੇਜਰ ਸ. ਅਵਤਾਰ ਸਿੰਘ ਨੇ ਆਏ ਮਹਿਮਾਨਾਂ ਅਤੇ ਕਿਸਾਨਾਂ ਨੂੰ ਜੀ ਆਇਆ ਕਿਹਾ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸ. ਜਗਜੀਵਨ ਸਿੰਘ ਖੀਰਨੀਆਂ ਸਾਬਕਾ ਐਮ.ਐਲ.ਏ, ਸ. ਅਜਮੇਰ ਸਿੰਘ ਭਾਗਪੁਰ ਚੇਅਰਮੈਨ ਮਿਲਕ ਪਲਾਂਟ ਲੁਧਿਆਣਾ, ਸ੍ਰੀਮਤੀ ਸੁਨੀਤਾ ਅਗਰਵਾਲ ਸੀਨੀਅਰ ਡਿਪਟੀ ਮੇਅਰ, ਬਾਬਾ ਜਗਰੂਪ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਸਾਹਨੇਵਾਲ, ਖੰਡ ਮਿੱਲ ਬੁੱਢੇਵਾਲ ਦੇ ਵਾਈਸ ਚੇਅਰਮੈਨ ਸ. ਅਮਰ ਸਿੰਘ, ਸ. ਮਨਮੋਹਣ ਸਿੰਘ, ਸ. ਭਰਪੂਰ ਸਿੰਘ, ਸ. ਸੱਤਪਾਲ ਸਿੰਘ, ਸ. ਸਵਰਨ ਸਿੰਘ ਤੇ ਸ. ਹਰਬੰਸ ਸਿੰਘ (ਸਾਰੇ ਡਾਇਰੈਕਟਰ), ਸ. ਪਰਗਟ ਸਿੰਘ ਸਿੱਧੂ ਸਾਬਕਾ ਐਮ.ਡੀ, ਸ. ਭਾਗ ਸਿੰਘ ਮਾਨਗੜ• ਤੇ ਸ਼ਰਨਜੀਤ ਸਿੰਘ ਗਰਚਾ (ਦੋਵੇ ਮੈਬਰ ਜਿਲਾ ਪ੍ਰੀਸ਼ਦ), ਸ. ਬਲਵਿੰਦਰ ਸਿੰਘ ਪ੍ਰਿਥੀਪੁਰ, ਸ. ਗੁਰਦੀਪ ਸਿੰਘ ਭੋਲਾ, ਸ. ਅਵਤਾਰ ਸਿੰਘ ਮੇਹਲੋ ਤੇ ਸ. ਸ਼ਰਨਜੀਤ ਸਿੰਘ ਮੇਹਲੋ ਆਦਿ ਹਾਜ਼ਰ ਸਨ।

Post a Comment