ਵਿਧਾਨ ਸਭਾ ਦਾ ਘਟਨਾ-ਕ੍ਰਮ ਕਾਂਗਰਸੀਆ ਦੀ ਸੋਚੀ-ਸਮਝੀ ਚਾਲ
ਕੇਂਦਰ ਦੀ ਰਿਪੋਰਟ ਅਨੁਸਾਰ ਪੰਜਾਬ ਸਭ ਘੱਟ ਅਪਰਾਧ ਦਰ ਵਾਲਾ ਸੂਬਾ, ਜਦ ਕਿ ਦਿੱਲੀ ਬਲਾਤਕਾਰੀਆਂ ਦੀ ਰਾਜਧਾਨੀ ਬਣ ਗਈ ਹੈ
ਲੁਧਿਆਣਾ, 24 ਦਸੰਬਰ (ਸਤਪਾਲ ਸੋਨ) ਕਾਂਗਰਸ ਪਾਰਟੀ ਦਾ ਪੰਜਾਬ ਵਿੱਚ ਕੋਈ ਜਨ-ਅਧਾਰ ਨਹੀਂ ਰਿਹਾ, ਜਿਸ ਕਾਰਨ ਕਾਂਗਰਸ ਹਰ ਮੁੱਦੇ ਤੇ ਦੋਗਲੀ ਰਾਜਨੀਤੀ ਕਰ ਰਹੀ ਹੈ। ਇਹ ਵਿਚਾਰ ਸ੍ਰ. ਬਿਕਰਮ ਸਿੰਘ ਮਜੀਠੀਆ ਮਾਲ, ਸੂਚਨਾ ਤੇ ਲੋਕ ਸੰਪਰਕ ਮੰਤਰੀ ਪੰਜਾਬ ਨੇ ਅੱਜ ਮਾਡਲ ਟਾਊਨ ਲੁਧਿਆਣਾ ਵਿਖੇ ਸ੍ਰ. ਮਹੇਸ਼ਇੰਦਰ ਸਿੰਘ ਗਰੇਵਾਲ ਸਲਾਹਕਾਰ ਮੁੱਖ ਮੰਤਰੀ ਪੰਜਾਬ ਦੇ ਮਾਤਾ-ਪਿਤਾ ਦੀ ਬਰਸੀ ਸਮਾਗਮ ਵਿੱਚ ਸ਼ਾਮਲ ਹੋਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਪ੍ਰਗਟ ਕੀਤੇ। ਸ੍ਰ. ਮਜੀਠੀਆ ਨੇ ਕਿਹਾ ਕਿ ਵਿਧਾਨ ਸਭਾ ਦੇ ਕੁੱਝ ਕਾਇਦੇ ਕਾਨੂੰਨ ਹਨ, ਜਿਸ ਅਧੀਨ ਮੁੱਖ ਮੰਤਰੀ ਨੂੰ ਕਿਸੇ ਵੀ ਸਮੇਂ ਬੋਲਣ ਦਾ ਅਧਿਕਾਰ ਹੁੰਦਾ ਹੈ, ਇਸ ਲਈ ਕਾਂਗਰਸੀਆਂ ਨੂੰ ਮੁੱਖ ਮੰਤਰੀ ਨੂੰ ਬੋਲਣ ਤੋਂ ਰੋਕਣ ਦਾ ਕੋਈ ਅਧਿਕਾਰ ਨਹੀਂ ਸੀ। ਉਹਨਾਂ ਕਿਹਾ ਕਿ ਵਿਧਾਨ ਸਭਾ ਦਾ ਇਹ ਘਟਨਾ ਕ੍ਰਮ ਕਾਂਗਰਸੀਆ ਦੀ ਸੋਚੀ-ਸਮਝੀ ਚਾਲ ਕਾਰਨ ਹੀ ਹੋਇਆ ਹੈ। ਉਹਨਾਂ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਸ੍ਰੀ ਸੁਨੀਲ ਜਾਖੜ ਵੱਲੋਂ ਵਿਧਾਨ ਸਭਾ ਵਿੱਚ ਕਰੀਬ 55 ਮਿੰਟ ਦਾ ਆਪਣਾ ਭਾਸ਼ਣ ਦਿੱਤਾ ਗਿਆ ਜਿਸ ਦੌਰਾਨ ਕੋਈ ਨਾਅਰੇ-ਬਾਜ਼ੀ ਨਹੀਂ ਹੋਈ, ਪ੍ਰਤੂੰ ਜਦ ਮੇਰੇ ਵੱਲੋਂ ਭਾਸ਼ਣ ਦਿੱਤਾ ਜਾਣ ਲੱਗਿਆ ਤਾ ਕਾਂਗਰਸੀਆਂ ਵੱਲੋਂ ਵਿਧਾਨ ਸਭਾ ਦਾ ਮਾਹੌਲ ਖਰਾਬ ਕਰਨ ਲਈ ਜਾਣ-ਬੁੱਝ ਕੇ ਨਾਅਰੇਬਾਜ਼ੀ ਕੀਤੀ ਗਈ। ਉਹਨਾਂ ਦੱਸਿਆ ਕਿ ਕਾਂਗਰਸ ਵੱਲੋਂ ਵਿਧਾਨ ਸਭਾ ਵਿੱਚ ਫਰੀਦਕੋਟ ਦੀ ਸ਼ਰੂਤੀ ਅਤੇ ਅੰਮ੍ਰਿਤਸਰ ਦੇ ਏ.ਐਸ.ਆਈ ਦੇ ਕਤਲ ਮਾਮਲੇ ਸਬੰਧੀ ਮੁੱਦਾ ਉਠਾਇਆ ਗਿਆ ਸੀ। ਇਸ ਮੁੱਦੇ ਸਬੰਧੀ ਉਹਨਾ ਸਪਸੱਟ ਕੀਤਾ ਕਿ ਇਹਨਾਂ ਦੋਵਾ ਮਾਮਲਿਆਂ ਦੀ ਜਾਂਚ ਬਹੁਤ ਡੂੰਘਾਈ ਨਾਲ ਕੀਤੀ ਗਈ ਅਤੇ ਦੋਸ਼ੀ ਫੜੇ ਗਏ ਹਨ ਤੇ ਉਹਨਾਂ ਨੂੰ ਤੇ ਉਹਨਾਂ ਦੀ ਸ਼ਿਫਾਰਸ਼ ਕਰਨ ਵਾਲਿਆਂ ਨੂੰ ਪਾਰਟੀ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਇਹਨਾਂ ਮਾਮਲਿਆਂ ਵਿੱਚ ਵੀ ਕਾਂਗਰਸ ਪਾਰਟੀ ਵੱਲੋਂ ਦੋਗਲੀ ਰਾਜਨੀਤੀ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਏ.ਐਸ.ਆਈ ਦੇ ਪਰਿਵਾਰ ਨੂੰ ਕਾਗਰਸ ਪਾਰਟੀ ਵੱਲੋਂ ਕੇਂਦਰੀ ਸਰਕਾਰ ਵਿੱਚ ਨੌਕਰੀ ਦੇਣ ਦਾ ਲਾਲਚ ਦਿੱਤਾ ਗਿਆ ਅਤੇ ਮੇਰੇ ਵਿਰੁੱਧ ਬਿਆਨ ਦੇਣ ਲਈ ਉਕਸਾਇਆ ਗਿਆ, ਪ੍ਰਤੂੰ ਪਰਿਵਾਰ ਵੱਲੋਂ ਉਹਨਾਂ ਨੂੰ ਕੋਈ ਸਹਿਯੋਗ ਨਹੀਂ ਦਿੱਤਾ ਗਿਆ, ਇੱਥੋਂ ਤੱਕ ਕੇ ਕਾਂਗਰਸੀ ਲੀਡਰਾਂ ਨੂੰ ਏ.ਐਸ.ਆਈ. ਦੀ ਅੰਤਿਮ ਅਰਦਾਸ ਮੌਕੇ ਪਰਿਵਾਰ ਵੱਲੋਂ ਬੋਲਣ ਦਾ ਸਮਾਂ ਤੱਕ ਨਹੀਂ ਦਿੱਤਾ। ਸ੍ਰ. ਮਜੀਠੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਸ੍ਰੀ ਸੁਨੀਲ ਜਾਖੜ ਜੇਕਰ ਮੇਰੇ ਤੇ ਦੋਸ਼ ਸਾਬਤ ਕਰ ਦੇਣ ਤਾਂ ਮੈਂ ਸਿਆਸਤ ਛੱਡ ਦਿਆਗਾਂ, ਪਰ ਜੇਕਰ ਦੋਸ਼ ਸਾਬਤ ਨਹੀਂ ਹੋਏ ਤਾਂ ਕਿ ਕਾਂਗਰਸ ਪਾਰਟੀ ਦੋਗਲੀ ਰਾਜਨੀਤੀ ਛੱਡ ਦੇਵੇਗੀ ? ਉਹਨਾਂ ਕਿਹਾ ਕਿ ਕਾਂਗਰਸ ਪਾਰਟੀ 84 ਦੇ ਦੰਗਿਆਂ ਦੇ ਦੋਸ਼ੀਆਂ ਦਾ ਸਨਮਾਨ ਕਰ ਰਹੀ ਹੈ ਅਤੇ ਇਹ ਅੱਜ ਅਪਰਾਧੀਆਂ ਦੀ ਤੇ ਭ੍ਰਿਸ਼ਟਾਚਾਰੀਆਂ ਦੀ ਪਾਰਟੀ ਬਣ ਕੇ ਰਹਿ ਗਈ ਹੈ। ਸ੍ਰ. ਮਜੀਠੀਆ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸੂਬਿਆਂ ਵਿੱਚ ਹੁੰਦੇ ਅਪਰਾਧ ਮਾਮਲਿਆਂ ਸਬੰਧੀ ਕਰਵਾਏ ਸਰਵੇਖਣ ਵਿੱਚ ਪੰਜਾਬ ਨੂੰ ਘੱਟ ਅਪਰਾਧ ਦਰ ਵਾਲੇ ਸੂਬਿਆਂ ਵਿੱਚੋਂ ਤੀਸਰਾ ਸਥਾਨ ਦਿੱਤਾ ਗਿਆ ਹੈ, ਜਦ ਕਿ ਦਿੱਲੀ ਸਮੇਤ ਕਾਂਗਰਸ ਸ਼ਾਸ਼ਤ ਸੂਬਿਆਂ ਵਿੱਚ ਅਪਰਾਧ ਦਰ ਬਹੁਤ ਜਿਆਦਾ ਹੈ। ਉਹਨਾਂ ਕਿਹਾ ਕਿ ਦਿੱਲੀ ਨੂੰ ਅੱਜ ਬਲਾਤਕਾਰੀਆਂ ਦੀ ਰਾਜਧਾਨੀ ਕਿਹਾ ਜਾਣ ਲੱਗ ਪਿਆ ਹੈ। ਉਹਨਾਂ ਕਾਂਗਰਸੀ ਲੀਡਰ ਸ੍ਰ. ਰਾਣਾ ਗੁਰਜੀਤ ਸਿੰਘ ਤੇ ਜੋਰਦਾਰ ਹਮਲਾ ਬੋਲਦਿਆ ਕਿਹਾ ਕਿ ਇਸ ਨੇਤਾ ਵੱਲੋਂ ਆਪਣੇ ‘ਏਕਤਾ ਭਵਨ‘ ਲਈ 20 ਹਥਿਆਰਾਂ ਦੇ ਲਾਈਸੰਸ ਲਏ ਗਏ ਹਨ। ਉਹਨਾਂ ਸ੍ਰ. ਰਾਣਾ ਗੁਰਜੀਤ ਸਿੰਘ ਨੂੰ ਵੱਡੀ ਗਿਣਤੀ ਵਿੱਚ ਜਾਰੀ ਹੋਏ ਅਸਲਾ ਲਾਈਸੰਸਾਂ ਦੀ ਜਾਂਚ ਦੀ ਵੀ ਮੰਗ ਕੀਤੀ। ਇਸ ਮੌਕੇ ਸ੍ਰ. ਸ਼ਰਨਜੀਤ ਸਿੰਘ ਢਿੱਲੋਂ ਲੋਕ ਨਿਰਮਾਣ ਮੰਤਰੀ, ਸ੍ਰ. ਹਰਚਰਨ ਸਿੰਘ ਗੋਹਲਵੜੀਆ ਮੇਅਰ ਨਗਰ ਨਿਗਮ, ਸ੍ਰ. ਮਨਪ੍ਰੀਤ ਸਿੰਘ ਇਆਲੀ ਚੇਅਰਮੈਨ ਜਿਲਾ ਪਰਿਸ਼ਦ ਅਤੇ ਐਮ.ਐਲ.ਏ, ਸ੍ਰ. ਦਲਜੀਤ ਸਿੰਘ ਚੀਮਾਂ ਤੇ ਸ੍ਰ. ਰਣਜੀਤ ਸਿੰਘ ਢਿੱਲੋਂ (ਦੋਵੇ ਐਮ.ਐਲ.ਏ), ਸ੍ਰ. ਸੰਤਾ ਸਿੰਘ ਊਮੈਦਪੁਰੀ ਚੇਅਰਮੈਨ ਅਧੀਨ ਸੇਵਾਵਾਂ ਬੋਰਡ, ਸ੍ਰ. ਹੀਰਾ ਸਿੰਘ ਗਾਬੜੀਆ ਸਾਬਕਾ ਕੈਬਨਿਟ ਮੰਤਰੀ ਪੰਜਾਬ, ਸ੍ਰੀ ਸ਼ਤੀਸ਼ ਢਾਂਡਾ, ਸ੍ਰੀ ਮਦਨ ਲਾਲ ਬੱਗਾ, ਸ੍ਰੀ ਵਿਜੈ ਦਾਨਵ, ਸ੍ਰ. ਸੁਰਿੰਦਰ ਸਿੰਘ ਗਰੇਵਾਲ ਮੀਡੀਆ ਇੰਚਾਰਜ਼, ਸ੍ਰੀ ਈਸ਼ਵਰ ਸਿੰਘ ਪੁਲਿਸ ਕਮਿਸ਼ਨਰ, ਸ੍ਰੀਮਤੀ ਨੀਰੂ ਕਤਿਆਲ ਵਧੀਕ ਡਿਪਟੀ ਕਮਿਸ਼ਨਰ, ਸ੍ਰੀ ਰਿਸ਼ੀਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ ਵਿਕਾਸ, ਸ੍ਰੀ ਪਰਮਜੀਤ ਸਿੰਘ ਸਿੱਧਵਾਂ, ਸ੍ਰੀ ਤਨਵੀਰ ਸਿੰਘ ਧਾਲੀਵਾਲ, ਸ੍ਰੀ ਤਰਸੇਮ ਭਿੰਡਰ, ਸ੍ਰ. ਜਤਿੰਦਰਪਾਲ ਸਿੰਘ ਸਲੂਜਾ, ਬੀਬੀ ਸੁਰਿੰਦਰ ਕੌਰ ਦਿਆਲ, ਸ੍ਰੀ ਇੰਦਰਮੋਹਨ ਕਾਦੀਆ ਹਾਜ਼ਰ ਸਨ।

Post a Comment