ਨਾਭਾ, 16 ਦਸੰਬਰ (ਜਸਬੀਰ ਸਿੰਘ ਸੇਠੀ)- ਪੰਜਾਬ ਵਿਚ ਲੋਕ ਅਮਨ ਸ਼ਾਂਤੀ ਨਾਲ ਰਹਿ ਰਹੇ ਹਨ ਕਿਉਂਕਿ ਪੰਜਾਬ ਵਿਚ ਸ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਲੋਕਾਂ ਨੂੰ ਇਨਸਾਫ ਮਿਲ ਰਿਹਾ ਹੈ। ਪਰ ਕਾਂਗਰਸ ਦੇ ਲੀਡਰ ਪੰਜਾਬ ਵਿਚ ਆਪਣੇ ਖਰੀਦੇ ਹੋਏ ਲੋਕਾਂ ਰਾਹੀਂ ਪੰਜਾਬ ਵਿਚ ਹਿੰਸਾ ਕਰਵਾਕੇ ਪੰਜਾਬ ਨੂੰ ਦੁਆਰਾ ਭੱਠੀ ਵਿਚ ਝੋਕਣਾ ਚਾਹੁੰਦੇ ਹਨ ਅਤੇ ਵਾਰ-ਵਾਰ ਬਿਨ੍ਹਾਂ ਵਜਾ ਪੰਜਾਬ ਵਿਚ ਰਾਸ਼ਟਰਪਤੀ ਰਾਜ ਦੀ ਮੰਗ ਕਰ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਸ. ਬਲਵੰਤ ਸਿੰਘ ਸ਼ਾਹਪੁਰ ਸਾਬਕਾ ਐਮ.ਐਲ.ਏ ਨੇ ਸ੍ਰੋਮਣੀ ਅਕਾਲੀ ਦਲ ਦਫਤਰ ਵਿਚ ਸੰਬੋਧਨ ਕਰਦੇ ਹੋਏ ਪੱਤਰਕਾਰਾਂ ਨੂੰ ਕਹੇ। ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਮਾੜੀ ਘਟਨਾ ਪੰਜਾਬ ਵਿਚ ਵਾਪਰ ਜਾਂਦੀ ਹੈ ਤਾਂ ਕਾਂਗਰਸੀ ਉਸਨੂੰ ਅਕਾਲੀ ਦਲ ਨਾਲ ਜੋੜਨ ਦਾ ਯਤਨ ਕਰਦੇ ਹਨ ਅਤੇ ਅਕਾਲੀ ਦਲ ਦੀ ਬਦਨਾਮੀ ਕਰਨ ਦੀ ਕੋਸ਼ਿਸ਼ ਕਰਦੇ ਹਨ। ਪਰ ਪੰਜਾਬ ਦੇ ਲੋਕ ਕਾਂਗਰਸ ਦੀਆਂ ਨੀਤੀਆਂ ਨੂੰ ਭਲੀਭਾਂਤੀ ਜਾਣਦੇ ਹਨ ਕਿ ਕਾਂਗਰਸ ਨੇ ਸ਼ੁਰੂ ਤੋਂ ਹੀ ਪੰਜਾਬ ਵਿਚ ਪਾੜੋ ਅਤੇ ਰਾਜ ਕਰੋ ਦੀ ਨੀਤੀ ਅਪਣਾਕੇ ਪੰਜਾਬ ਵਿਚ ਰਾਜ ਕਰਨ ਦੀ ਕੋਸ਼ਿਸ ਕੀਤੀ ਹੈ। ਉਨ੍ਹਾਂ ਨੇ ਸ. ਸੁਖਬੀਰ ਸਿੰਘ ਬਾਦਲ ਡਿਪਟੀ ਮੁੱਖ ਮੰਤਰੀ ਪੰਜਾਬ ਅਤੇ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਦੇ ਇਸ ਬਿਆਨ ਦੀ ਵੀ ਸਲਾਘਾ ਕੀਤੀ ਕਿ ਗਲਤ ਲੋਕਾਂ ਦੀ ਸਫਾਰਿਸ਼ ਤੇ ਸ੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਏ ਲੋਕਾਂ ਦੀ ਸਕਰੀਨਿੰਗ ਕੀਤੀ ਜਾਵੇਗੀ ਅਤੇ ਸ੍ਰੋਮਣੀ ਅਕਾਲੀ ਦਲ ਦੇ ਜੁਝਾਰੂ ਅਤੇ ਵਫਾਦਾਰ ਵਰਕਰਾਂ ਦੀ ਕਦਰ ਕੀਤੀ ਜਾਵੇਗੀ। ਇਸ ਮੌਕੇ ਉਨ੍ਹਾਂ ਨਾਲ ਹੋਰਨਾਂ ਤੋਂ ਇਲਾਵਾ ਸ. ਸ਼ਮਸੇਰ ਸਿੰਘ ਚੌਧਰੀਮਾਜਰਾ ਜਨਰਲ ਸਕੱਤਰ ਸ੍ਰੋਮਣੀ ਅਕਾਲੀ ਦਲ ਜਿਲ੍ਹਾ ਪਟਿਆਲਾ, ਸ. ਗੁਰਵਿੰਦਰ ਸਿੰਘ ਪੱਪੀ ਸਰਪੰਚ ਦੁਲੱਦੀ, ਡਾ. ਹਰਜਿੰਦਰ ਸਿੰਘ ਰਾਣਾ, ਸ. ਸਰਬਜੀਤ ਸਿੰਘ ਹੈਪੀ, ਹਰਚਰਨ ਅਗੇਤੀ, ਮਾਸਟਰ ਕੁਲਵੰਤ ਸਿੰਘ ਅਤੇ ਸ. ਸੁਖਵਿੰਦਰ ਸਿੰਘ ਗੁਦਾਈਆ ਆਦਿ ਹਾਜਰ ਸਨ।

Post a Comment