ਸਾਦਿਕ, 23 ਦਸੰਬਰ (ਪਰਮਜੀਤ)-ਸਮੇਂ ਦੀਆਂ ਸਰਕਾਰਾਂ ਨੇ ਅੰਕੜਿਆਂ ਵਿੱਚ ਹੇਰਾਫੇਰੀ ਕਰਕੇ ਗਰੀਬ ਘਟਾਏ ਹਨ ਪਰ ਗਰੀਬੀ ਘਟਾਉਣ ਦਾ ਕੋਈ ਠੋਸ ਉਪਰਾਲਾ ਨਹੀਂ ਕੀਤਾ। ਇਹ ਦੋਸ਼ ਭਾਰਤੀ ਕਮਿਊਨਿਸਟ ਪਾਰਟੀ ਜ਼ਿਲਾ ਫਰੀਦਕੋਟ ਦੇ ਸਕੱਤਰ ਕਾਮਰੇਡ ਪਵਨਪ੍ਰੀਤ ਸਿੰਘ ਨੇ ਪਿੰਡ ਅਹਿਲ ਵਿਖੇ ਭਰਵੇਂ ਇਕੱਠ ਨੂੰ ਸੰਬੋਧਨ ਹੁੰਦਿਆਂ ਲਗਾਏ। ਉਨਾਂ ਕਿਹਾ ਕਿ ਜੇ ਸ਼ਹਿਰਾਂ ਅਤੇ ਪਿੰਡਾਂ ਨੂੰ ਤੰਦਰੁਸਤ ਰਹਿਣ ਵਾਲੇ ਕਹੇ ਜਾਂਦੇ ਖੁਰਾਕ ਦੇ ਅੰਕੜਿਆਂ ਨੂੰ ਧਿਆਨ ਨਾਲ ਜਾਂਚੀਏ ਤਾਂ ਉਸ ਮੁਤਾਬਿਕ ਦੇਸ਼ ਦੇ ਪਿੰਡਾਂ ਵਿੱਚ ਜਿਥੇ ਸਾਲ 2004-05 ਦੌਰਾਨ ਗਰੀਬਾਂ ਦੀ ਗਿਣਤੀ 69.5 ਪ੍ਰਤੀਸ਼ਤ ਸੀ, ਹੁਣ ਉਥੇ 75 ਪ੍ਰਤੀਸ਼ਤ ਹੋ ਗਈ ਹੈ। ਸ਼ਹਿਰੀ ਵਸੋਂ 2004-05 ਦੌਰਾਨ 65.5 ਪ੍ਰਤੀਸ਼ਤ ਸੀ ਜੋ ਹੁਣ 73 ਪ੍ਰਤੀਸ਼ਤ ਹੋ ਚੁੱਕੀ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ 92 ਪ੍ਰਤੀਸ਼ਤ ਲੋਕ ਗਰੀਬੀ ਦੀ ਰੇਖਾ ਤੋਂ ਹੇਠਾਂ ਰਹਿ ਰਹੇ ਹਨ। ਉਨਾਂ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰਾਂ ਅਮੀਰਾਂ ਨੂੰ ਹੋਰ ਅਮੀਰ ਤੇ ਗਰੀਬਾਂ ਨੂੰ ਹੋਰ ਗਰੀਬ ਕਰਨ ਤੇ ਲੱਗੀਆਂ ਹਨ ਤੇ ਵੱਡੇ ਉਦਯੋਗਪਤੀਆਂ ਨੂੰ ਸਬਸਿਡੀਆਂ ਦੇ ਰਹੀਆਂ ਹਨ। ਉਥੇ ਗਰੀਬਾਂ ਨੂੰ ਮਿਲਦੀਆਂ ਨਿਗੁਣੀਆਂ ਸਬਸਿਡੀਆਂ ਵੀ ਬੰਦ ਕੀਤੀਆਂ ਜਾ ਰਹੀਆਂ ਹਨ। ਸਰਕਾਰ ਨਰੇਗਾ ਕਾਨੂੰਨ ਨੂੰ ਸ਼ਹਿਰਾਂ ਵਿੱਚ ਲਾਗੂ ਕਰੇ ਅਤੇ ਇਸ ਨੂੰ ਵਧਾ ਕੇ 200 ਦਿਨ ਤੱਕ ਵਧਾਇਆ ਜਾਵੇ ਅਤੇ ਹਰ ਪਰਿਵਾਰ ਦੇ ਦੋ ਜੀਆਂ ਨੂੰ ਯਕੀਨੀ ਕੰਮ ਦਿੱਤਾ ਜਾਵੇ। ਉਨਾਂ ਅੰਨ ਸੁਰੱਖਿਆ ਕਾਨੂੰਨ ਦੀ ਮੰਗ ਕਰਦਿਆਂ ਕਿਹਾ ਕਿ ਅੱਤ ਦੀ ਮਹਿੰਗਾਈ ਦੌਰਾਨ 350 ਰੁਪਏ ਰੋਜਾਨਾ ਦਿਹਾੜੀ ਕੀਤੀ ਜਾਵੇ। ਇਸ ਮੌਕੇ ਭਰਪੂਰ ਸਿੰਘ ਪੱਪੂ ਅਹਿਲ, ਮੇਜਰ ਸਿੰਘ, ਭਾਗ ਸਿੰਘਵਾਲਾ, ਗੁਰਪ੍ਰੀਤ ਸਿੰਘ, ਕਾਲਾ ਸਿੰਘ, ਵੀਰ ਸਿੰਘ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।


Post a Comment