ਮਾਨਸਾ, 05 ਦਸੰਬਰ ( ) : ਡਿਪਟੀ ਕਮਿਸ਼ਨਰ ਸ਼੍ਰੀ ਅਮਿਤ ਢਾਕਾ ਨੇ ਬੱਚਤ ਭਵਨ ਵਿਖੇ ਪਟਵਾਰੀਆਂ, ਪੰਚਾਇਤ ਸਕੱਤਰਾਂ ਤੇ ਪਿੰਡਾਂ ਦੇ ਪਤਵੰਤਿਆਂ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਨਾਲ ਕੀਤੀ ਮੀਟਿੰਗ ਵਿਚ ਅਪੀਲ ਕਰਦਿਆਂ ਕਿਹਾ ਕਿ ਕੈਂਸਰ ਚੇਤਨਾ ਮੁਹਿੰਮ ਨੂੰ ਘਰ-ਘਰ ਪਹੁੰਚਾਉਣ ਅਤੇ ਲੋੜਵੰਦ ਵਿਅਕਤੀਆਂ ਦੀਆਂ ਪੈਨਸ਼ਨਾਂ ਲਗਵਾਉਣ ਲਈ ਸਾਂਝੇ ਹੰਭਲੇ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਵਿੱਢੇ ਇਨ੍ਹਾਂ ਦੋਹਾਂ ਕੰਮਾਂ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਪਿੰਡਾਂ ਦੀਆਂ ਪੰਚਾਇਤਾਂ ਅਤੇ ਸਮਾਜਸੇਵੀ ਸ਼ਖ਼ਸੀਅਤਾਂ ਮਹਿਕਮਿਆਂ ਦੇ ਅਧਿਕਾਰੀਆਂ ਨਾਲ ਸਹਿਯੋਗ ਕਰਕੇ ਇਸ ਸਮਾਜਿਕ ਮੁਹਿੰਮ ਵਿਚ ਨਿੱਤਰਨ। ਉਨ੍ਹਾਂ ਕਿਹਾ ਕਿ ਕੈਂਸਰ ਬਾਰੇ ਜਾਗਰੂਕਤਾ ਫੈਲਾਕੇ ਅਤੇ ਕਿਸੇ ਜ਼ਰੂਰਤਮੰਦ ਦੀ ਜਾਇਜ਼ ਪੈਨਸ਼ਨ ਲਗਵਾਉਣ ਵਰਗੇ ਪੁੰਨ ਦੇ ਕੰਮ ਲਈ ਜ਼ਿਲ੍ਹੇ ਦੇ ਨੌਜਵਾਨ ਵਰਗ ਨੂੰ ਵੀ ਅੱਗੇ ਆਉਣ ਦੀ ਲੋੜ ਹੈ।
ਸ਼੍ਰੀ ਢਾਕਾ ਨੇ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਕਿ ਪੰਜਾਬ ਸਰਕਾਰ ਨੇ ਕੈਂਸਰ ਬਾਰੇ ਚੇਤਨਾ ਫੈਲਾਉਣ ਦਾ ਜੋ ਉਪਰਾਲਾ ਕੀਤਾ ਹੈ, ਇਸਨੂੰ ਗੰਭੀਰਤਾ ਨਾਲ ਲਿਆ ਜਾਵੇ ਅਤੇ ਜ਼ਿਲ੍ਹੇ ਵਿਚ ਪਾਰਦਰਸ਼ੀ ਢੰਗ ਨਾਲ ਸਰਵੇ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਵਿੱਦਿਅਕ ਅਦਾਰਿਆਂ ਦੇ ਮੁਖੀ ਸਵੇਰ ਦੀ ਸਭਾ ਦੌਰਾਨ ਬੱਚਿਆਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ। ਉਨ੍ਹਾਂ ਕਿਹਾ ਕਿ ਸੇਵਾ ਭਾਵਨਾ ਨਾਲ ਸਰਕਾਰੀ ਅਧਿਕਾਰੀ ਤੇ ਮੁਲਾਜ਼ਮ ਇਸ ਮੁਹਿੰਮ ਵਿਚ ਯੋਗਦਾਨ ਪਾਉਣ ਕਿਉਂਕਿ ਜੇਕਰ ਇਕ ਮੁਲਾਜ਼ਮ ਇਕ ਜ਼ਿੰਦਗੀ ਨੂੰ ਬਚਾ ਲੈਂਦਾ ਹੈ ਤਾਂ ਇਸਤੋਂ ਵੱਡਾ ਪੁੰਨ ਦਾ ਕੋਈ ਕੰਮ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਮੁਲਾਜ਼ਮ ਹੋਣ ਤੋਂ ਪਹਿਲਾਂ ਅਸੀਂ ਇਨਸਾਨ ਹਾਂ, ਇਸ ਲਈ ਇਨਸਾਨੀਅਤ ਦੇ ਨਾਤੇ ਇਕਜੁੱਟਤਾ ਦਿਖਾ ਕੇ ਸਾਂਝਾ ਯਤਨ ਕੀਤਾ ਜਾਵੇ ਤਾਂ ਜੋ ਕੈਂਸਰ ਬਾਰੇ ਪਰਿਵਾਰ ਦਾ ਹਰੇਕ ਵਿਅਕਤੀ ਜਾਣੂ ਹੋ ਸਕੇ।
ਡਿਪਟੀ ਕਮਿਸ਼ਨਰ ਨੇ ਪੈਨਸ਼ਨਾਂ ਸਬੰਧੀ ਕਿਹਾ ਕਿ ਜ਼ਿਲ੍ਹੇ ਵਿਚ ਕੋਈ ਵੀ ਜਾਇਜ਼ ਪੈਨਸ਼ਨਰ ਪੈਨਸ਼ਨ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਇਹ ਸਹੂਲਤ ਹਰੇਕ ਜ਼ਰੂਰਤਮੰਦ ਤੱਕ ਪਹੁੰਚਾਉਣ ਲਈ ਪਿੰਡਾਂ ਦੀਆਂ ਪੰਚਾਇਤਾਂ ਵੀ ਮੋਹਰੀ ਰੋਲ ਅਦਾ ਕਰਕੇ ਜ਼ਿਲ੍ਹਾ ਪ੍ਰਸਾਸ਼ਨ ਨਾਲ ਸਹਿਯੋਗ ਕਰਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ 60 ਹਜ਼ਾਰ ਵਿਅਕਤੀਆਂ ਨੂੰ ਲਗਾਤਾਰ ਪੈਨਸ਼ਨ ਵੰਡੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਪੈਨਸ਼ਨ ਸਮਾਰਟ ਕਾਰਡਾਂ ਰਾਹੀਂ ਦਿੱਤੀ ਜਾ ਰਹੀ ਹੈ ਪਰ ਅਜੇ ਵੀ ਕਈ ਵਿਅਕਤੀਆਂ ਨੇ ਸਮਾਰਟ ਕਾਰਡ ਨਹੀਂ ਬਣਵਾਏ, ਜਿਸ ਕਾਰਨ ਲੋਕਾਂ ਵਿਚ ਆਮ ਚਰਚਾ ਹੈ ਕਿ ਉਨ੍ਹਾਂ ਦੀ ਪੈਨਸ਼ਨ ਕੱਟ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੱਧਰ 'ਤੇ ਕੋਈ ਵੀ ਜਾਇਜ਼ ਪੈਨਸ਼ਨ ਨਹੀਂ ਕੱਟੀ ਗਈ ਪਰ ਪਹਿਲਾਂ ਜੋ ਪੈਨਸ਼ਨਾਂ ਕੱਟੀਆਂ ਗਈਆਂ ਸਨ, ਉਹ ਹਾਈਕੋਰਟ ਦੇ ਹੁਕਮਾਂ 'ਤੇ ਨਜਾਇਜ਼ ਪੈਨਸ਼ਨਾਂ ਕੱਟੀਆਂ ਸਨ ਪਰ ਇਸ ਤੋਂ ਬਾਅਦ ਜ਼ਿਲ੍ਹਾ ਪ੍ਰਸਾਸ਼ਨ ਨੇ ਪੈਨਸ਼ਨਰਾਂ ਨੂੰ ਪੜਤਾਲ ਫਾਰਮ ਭਰਨ ਦੀ ਅਪੀਲ ਕੀਤੀ ਸੀ ਤਾਂ ਕਿ ਕਿਸੇ ਵੀ ਪੈਨਸ਼ਨ ਦੇ ਯੋਗ ਵਿਅਕਤੀ ਨੂੰ ਇਸ ਸਹੂਲਤ ਤੋਂ ਵਾਂਝਾ ਨਾ ਹੋਣਾ ਪਵੇ। ਉਨ੍ਹਾਂ ਪਟਵਾਰੀਆਂ ਅਤੇ ਪੰਚਾਇਤ ਸਕੱਤਰਾਂ ਨੂੰ ਅਪੀਲ ਕੀਤੀ ਕਿ ਉਹ ਜਾਇਜ਼ ਪੈਨਸ਼ਨ ਲਗਵਾਉਣ ਲਈ ਅੱਗੇ ਆਉਣ।
ਮੀਟਿੰਗ ਦੌਰਾਨ ਐਸ.ਡੀ.ਐਮ. ਮਾਨਸਾ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ, ਸਿਵਲ ਸਰਜਨ ਡਾ. ਬਲਦੇਵ ਸਿੰਘ ਸਹੋਤਾ, ਨੋਡਲ ਅਫ਼ਸਰ ਡਾ. ਯਸ਼ਪਾਲ ਸ਼ਰਮਾ, ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਸ਼੍ਰੀ ਹਰਬੰਸ ਸਿੰਘ ਸੰਧੂ, ਜ਼ਿਲ੍ਹਾ ਸਿੱਖਿਆ ਅਫ਼ਸਰ (ਅ) ਸ਼੍ਰੀ ਰਜਿੰਦਰ ਪਾਲ ਮਿੱਤਲ, ਨਗਰ ਕੌਂਸਲ ਦੇ ਪ੍ਰਧਾਨ ਸ਼੍ਰੀ ਆਤਮਜੀਤ ਸਿੰਘ ਕਾਲਾ, ਜ਼ਿਲ੍ਹਾ ਗਾਈਡੈਂਸ ਕਾਊਂਸਲਰ ਸ਼੍ਰੀ ਰਣਜੀਤ ਸਿੰਘ ਧਾਲੀਵਾਲ, ਡਾ. ਸੁਰੇਸ਼ ਸਿੰਗਲਾ, ਡਾ. ਸੰਤੋਸ਼ ਭਾਰਤੀ, ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ ਸ਼੍ਰੀ ਨੇਤਰਪਾਲ ਤੋਂ ਇਲਾਵਾ ਪਟਵਾਰੀ, ਪੰਚਾਇਤ ਸਕੱਤਰ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਸ਼ਾਮਿਲ ਸਨ।

Post a Comment