ਦੋਦਾ, ਸ੍ਰੀ ਮੁਕਤਸਰ ਸਾਹਿਬ, 3 ਦਸੰਬਰ/ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਪਿੰਡ ਦੋਦਾ ਵਿਸਵ ਕਬੱਡੀ ਕੱਪ ਦੇ ਤਿੰਨ ਮੈਚਾਂ ਦੀ ਮੇਜਬਾਨੀ ਲਈ ਦੁਲਹਨ ਵਾਂਗ ਸਜ ਕੇ ਤਿਆਰ ਹੋ ਰਿਹਾ ਹੈ। ਅੱਜ ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ, ਡੀ.ਆਈ.ਜੀ. ਸ੍ਰੀ ਪ੍ਰਮੋਦ ਬਾਨ ਅਤੇ ਐਸ.ਐਸ.ਪੀ. ਸ: ਸੁਰਜੀਤ ਸਿੰਘ ਨੇ ਦੋਦਾ ਵਿਖੇ ਤਿਆਰੀਆਂ ਨੂੰ ਅੰਤਿਮ ਰੂਪ ਦਿੱਤੇ ਜਾਣ ਦੇ ਚੱਲ ਰਹੇ ਕੰਮ ਦੀ ਸਮੀਖਿਆ ਕੀਤੀ। 5 ਦਸੰਬਰ 2012 ਨੂੰ ਦੋਦਾ ਵਿਖੇ ਵਿਸਵ ਕਬੱਡੀ ਕੱਪ ਦੇ ਤਿੰਨ ਮੈਚ ਕ੍ਰਮਵਾਰ ਡੈਨਮਾਰਕ ਅਤੇ ਅਫਗਾਨਿਸਤਾਨ, ਭਾਰਤ ਅਤੇ ਇੰਗਲੈਂਡ ਦੀਆਂ ਪੁਰਸ਼ ਟੀਮਾਂ ਅਤੇ ਕੈਨੇਡਾ ਅਤੇ ਡੈਨਮਾਰਕ ਦੀਆਂ ਮਹਿਲਾ ਟੀਮਾਂ ਵਿਚਕਾਰ ਹੋਣਗੇ। ਇਸ ਸਬੰਧੀ ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ ਨੇ ਕਿਹਾ ਕਿ ਇੱਥੇ ਆਉਣ੍ਯ ਵਾਲੇ ਖੇਡ ਪ੍ਰੇਮੀਆਂ ਨੂੰ ਕੋਈ ਦਿੱਕਤ ਨਾ ਆਵੇ ਇਸ ਲਈ ਪੂਰੇ ਇੰਤਜਾਮ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਆਮ ਲੋਕਾਂ ਦਾ ਸਟੇਡੀਅਮ ਅੰਦਰ ਦਾਖਲਾ ਮੁੱਖ ਗੇਟ ਤੋਂ ਹੋਵੇਗਾ ਜਦ ਕਿ ਔਰਤਾਂ ਲਈ ਸਟੇਡੀਅਮ ਦੇ ਖੱਬੇ ਪਾਸੇ ਸਥਿਤ ਗਲੀ ਵਿਚ ਦੀ ਸਟੇਡੀਅਮ ਦੇ ਅੰਦਰ ਆਉਣ ਦਾ ਰਾਸਤਾ ਤਿਆਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇੱਥੇ ਮੈਚ ਖੇਡਣ ਲਈ ਆਉਣ ਵਾਲੀਆਂ ਟੀਮਾਂ ਅਤੇ ਹੋਰ ਪ੍ਰਬੰਧਕਾਂ ਦੀ ਠਹਿਰਾਓ ਅਤੇ ਆਓ ਭਗਤ ਦੇ ਢੁਕਵੇਂ ਇੰਤਜਾਮ ਕੀਤੇ ਗਏ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਮੈਚ ਵੇਖਣ ਲਈ ਸਮੇਂ ਸਿਰ ਆ ਕੇ ਆਪਣਾ ਸਥਾਨ ਗ੍ਰਹਿਣ ਕਰ ਲੈਣ। ਉਨ੍ਹਾਂ ਕਿਹਾ ਕਿ ਮੁੱਖ ਖੇਡ ਗਰਾਉਂਡ ਪੂਰੀ ਤਰਾਂ ਤਿਆਰ ਕਰ ਦਿੱਤਾ ਗਿਆ ਹੈ ਅਤੇ ਇਸ ਦੀ ਬੈਰੀਕੇਟਿੰਗ ਦਾ ਕੰਮ ਹੋ ਗਿਆ ਹੈ। ਉਨ੍ਹਾਂ ਕਿਹਾ ਕਿ 4 ਦਸੰਬਰ ਦੀ ਸਵੇਰ ਤੱਕ ਬਕਾਇਆ ਛੁੱਟਪੁੱਟ ਕੰਮ ਵੀ ਨੇਪਰੇ ਚਾੜ ਦਿੱਤੇ ਜਾਣਗੇ। ਇਸ ਮੌਕੇ ਐਸ.ਐਸ.ਪੀ. ਸ: ਸੁਰਜੀਤ ਸਿੰਘ ਨੇ ਦੱਸਿਆ ਕਿ ਮੈਚ ਵਾਲੇ ਦਿਨ ਸਟੇਡੀਅਮ ਦੇ ਸਾਹਮਣੇ ਦੀ ¦ਘਣ ਵਾਲੀ ਸ੍ਰੀ ਮੁਕਤਸਰ ਸਾਹਿਬ‑ਬਠਿੰਡਾ ਸੜਕ ਤੇ ਆਵਾਜਾਈ ਬੰਦ ਕਰ ਦਿੱਤੀ ਜਾਵੇਗੀ। ਸ੍ਰੀ ਮੁਕਤਸਰ ਸਾਹਿਬ‑ਬਠਿੰਡਾ ਵਿਚਕਾਰ ਚੱਲਣ ਵਾਲੇ ਵਾਹਨ ਪਿੰਡ ਦੋਦਾ ਦੀ ਫਿਰਨੀ ਤੋਂ ਹੋ ਕੇ ਜਾਣਗੇ। ਇਸ ਤੋਂ ਬਿਨ੍ਹਾਂ ਸ੍ਰੀ ਮੁਕਤਸਰ ਸਾਹਿਬ ਵੱਲੋਂ ਆਉਣ ਵਾਲੇ ਖੇਡ ਪ੍ਰੇਮੀਆਂ ਲਈ ਜੰਗੀਰ ਫਾਰਮ ਦੋਦਾ ਕੋਲ ਪਾਰਕਿੰਗ ਬਣਾਈ ਗਈ ਹੈ ਜਦ ਕਿ ਬਠਿੰਡਾ ਅਤੇ ਗਿੱਦੜਬਾਹਾ ਵਾਲੇ ਪਾਸਿਓ ਆਉਣ ਵਾਲੇ ਦਰਸ਼ਕਾਂ ਲਈ ਪਿੰਡ ਦੋਦਾ ਦੀ ਅਨਾਜ ਮੰਡੀ ਅਤੇ ਡੇਰਾ ਬਾਬਾ ਧਿਆਨ ਦਾਸ ਵਿਖੇ ਪਾਰਕਿੰਗ ਲਈ ਸਥਾਨ ਨਿਰਧਾਰਿਤ ਕੀਤੇ ਗਏ ਹਨ। ਉਨ੍ਹਾਂ ਮੈਚ ਦੇਖਣ ਆਉਣ ਵਾਲਿਆਂ ਨੂੰ ਅਪੀਲ ਕੀਤੀ ਕਿ ਆਪਣੇ ਵਾਹਨ ਕੇਵਲ ਨਿਰਧਾਰਿਤ ਥਾਂਵਾਂ ਤੇ ਹੀ ਪਾਰਕ ਕੀਤੇ ਜਾਣ। ਐਸ.ਐਸ.ਪੀ . ਸ: ਸੁਰਜੀਤ ਸਿੰਘ ਨੇ ਦੱਸਿਆ ਕਿ ਪੂਰੇ ਗਰਾਉਂਡ ਨੂੰ 6 ਬਲਾਕਾਂ ਵਿਚ ਵੰਡ ਦਿੱਤਾ ਗਿਆ ਹੈ ਅਤੇ ਸਾਰੇ ਸੁਰੱਖਿਆ ਪ੍ਰਬੰਧਾਂ ਦੇ ਲਈ 6 ਐਸ.ਪੀ., 16 ਡੀ.ਐਸ.ਪੀ., 25 ਇੰਸਪੈਕਟਰ, 170 ਐਨ.ਜੀ.ਓ. ਅਤੇ 1400 ਜਵਾਨ ਤਾਇਨਾਤ ਰਹਿਣਗੇ। ਉਨ੍ਹਾਂ ਕਿਹਾ ਕਿ ਸੁੱਰਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਐਸ.ਪੀ. ਐਚ. ਸ੍ਰੀ ਐਨ.ਪੀ.ਐਸ. ਸਿੱਧੂ, ਐਸ.ਪੀ.ਡੀ. ਸ: ਗੁਰਿੰਦਰਜੀਤ ਸਿੰਘ, ਪੁਲਿਸ ਉਪ ਕਪਤਾਨ ਸ: ਦਰਸ਼ਨ ਸਿੰਘ ਸੰਧੂ, ਜ਼ਿਲ੍ਹਾ ਖੇਡ ਅਫ਼ਸਰ ਸ: ਬਲਵੰਤ ਸਿੰਘ, ਨਿਗਰਾਨ ਇੰਜਨੀਅਰ ਬਿਜਲੀ ਨਿਗਮ ਸ: ਦਿਲਬਰ ਸਿੰਘ, ਪਿੰਡ ਦੇ ਆਗੂ ਸ: ਗੁਲਾਬ ਸਿੰਘ ਅਤੇ ਸ: ਸੁਖਪਾਲ ਸਿੰਘ ਆਦਿ ਵੀ ਹਾਜਰ ਸਨ।

Post a Comment