ਸੰਗਰੂਰ, 5 ਦਸੰਬਰ (ਸੂਰਜ ਭਾਨ ਗੋਇਲ)-ਸੰਗਰੂਰ ਦੇ ਵਾਰ ਹੀਰੋਜ਼ ਸਟੇਡੀਅਮ ਵਿਖੇ ਭਲਕੇ ਤੀਸਰੇ ਵਿਸ਼ਵ ਕੱਪ ਕਬੱਡੀ 2012 ਦੌਰਾਨ ਭਾਰਤੀ ਮਹਿਲਾ ਕਬੱਡੀ ਟੀਮ ਪਹਿਲੀ ਵਾਰ ਖੇਡਣ ਆਈ ਯੂਰਪੀਅਨ ਟੀਮ ਡੈਨਮਾਰਕ ਵਿਰੁੱਧ ਆਪਣੇ ਵਿਸ਼ਵ ਕੱਪ ਦੇ ਸਫਰ ਦਾ ਆਗਾਜ਼ ਕਰੇਗੀ। ਦੂਜੇ ਪਾਸੇ ਮਰਦ ਵਰਗ ਦੀ ਪਿਛਲੀ ਵਾਰ ਦੀ ਚੈਂਪੀਅਨ ਭਾਰਤ ਅਤੇ ਉਪ ਜੇਤੂ ਕੈਨੇਡਾ ਦੀਆਂ ਟੀਮਾਂ ਵੀ ਆਪੋ-ਆਪਣੇ ਲੀਗ ਮੈਚ ਖੇਡਣਗੀਆਂ।ਭਾਰਤੀ ਮਹਿਲਾ ਕਬੱਡੀ ਟੀਮ ਦਾ ਭਲਕੇ ਪਹਿਲਾ ਮੈਚ ਡੈਨਮਾਰਕ ਨਾਲ ਹੈ। ਡੈਨਮਾਰਕ ਦੀ ਟੀਮ ਪਹਿਲੀ ਵਾਰ ਵਿਸ਼ਵ ਕੱਪ ਵਿੱਚ ਖੇਡਣ ਆਈ ਹੈ, ਜਦੋਂ ਕਿ ਭਾਰਤੀ ਮਹਿਲਾ ਟੀਮ ਪਿਛਲੀ ਵਾਰ ਦੀ ਚੈਂਪੀਅਨ ਹੋਣ ਕਰ ਕੇ ਵੱਡੀ ਦਾਅਵੇਦਾਰ ਹੈ। ਮਹਿਲਾ ਵਿਸ਼ਵ ਕੱਪ ਦਾ ਦੂਜਾ ਮੁਕਾਬਲਾ ਤੁਰਕਮੇਨਸਿਤਾਨ ਤੇ ਅਮਰੀਕਾ ਦੀਆਂ ਟੀਮਾਂ ਵਿਚਾਲੇ ਖੇਡਿਆ ਜਾਵੇਗਾ। ਅਮਰੀਕਾ ਦੀ ਟੀਮ ਪਿਛਲੀ ਵਾਰ ਤੀਜੇ ਅਤੇ ਤੁਰਕਮੇਨਸਿਤਾਨ ਦੀ ਟੀਮ ਚੌਥੇ ਸਥਾਨ ’ਤੇ ਆਈ ਸੀ। ਮਹਿਲਾ ਵਿਸ਼ਵ ਕੱਪ ਦੀ ਇਨਾਮੀ ਰਾਸ਼ੀ 25 ਲੱਖ ਰੁਪਏ ਤੋਂ ਵਧਾ ਕੇ 51 ਲੱਖ ਰੁਪਏ ਕੀਤੀ ਹੋਣ ਕਾਰਨ ਮਹਿਲਾ ਵਰਗ ਦੇ ਮੁਕਾਬਲੇ ਖਾਸ ਖਿੱਚ ਦਾ ਕੇਂਦਰ ਹਨ।ਮਰਦ ਵਰਗ ਵਿੱਚ ਦੋਵੇਂ ਮੈਚ ਸੰਗਰੂਰ ਦੇ ਦਰਸ਼ਕਾਂ ਲਈ ਦਿਲ ਖਿੱਚਵੇਂ ਹੋਣਗੇ। ਇਕ ਮੈਚ ਵਿੱਚ ਪਿਛਲੀ ਵਾਰ ਦੇ ਚੈਂਪੀਅਨ ਅਤੇ ਮੇਜ਼ਬਾਨ ਮੁਲਕ ਭਾਰਤ ਦਾ ਸਾਹਮਣਾ ਅਫਗਾਨਿਸਤਾਨ ਨਾਲ ਹੈ, ਜਦੋਂ ਕਿ ਦੂਜੇ ਮੈਚ ਵਿੱਚ ਪਿਛਲੀ ਵਾਰ ਦੀ ਉਪ ਜੇਤੂ ਕੈਨੇਡਾ ਦੀ ਟੱਕਰ ਪਹਿਲੀ ਵਾਰ ਹਿੱਸਾ ਲੈਣ ਆਈ ਨਿਊਜ਼ੀਲੈਂਡ ਦੀ ਟੀਮ ਹੈ। ਭਾਰਤ ਤੇ ਕੈਨੇਡਾ ਦੀਆਂ ਟੀਮਾਂ ਇਸ ਵਾਰ ਵਿਸ਼ਵ ਕੱਪ ਦੀਆਂ ਤਕੜੀਆਂ ਦਾਅਵੇਦਾਰ ਹਨ ਅਤੇ ਦੋਵੇਂ ਟੀਮਾਂ ਲੀਗ ਮੈਚਾਂ ਤੋਂ ਹੀ ਆਪਣੀ ਦਾਅਵੇਦਾਰ ਮਜ਼ਬੂਤ ਕਰਨ ਲਈ ਮੈਦਾਨ ਵਿੱਚ ਉਤਰਨਗੀਆਂ।

Post a Comment