ਢਾਕਾ ‘ਚ ਪਾਣੀ ਦੀਆਂ ਬੋਤਲਾਂ ਦਾ ਵਿਕਣਾ ਮੰਦਭਾਗਾ – ਸੰਤ ਸੀਚੇਵਾਲ
ਸੁਲਤਾਨਪੁਰ ਲੋਧੀ 10 ਦਸੰਬਰ (ਸਸ) ਬੰਗਲਾ ਦੇਸ਼ ਦੀ ਧਾਰਮਿਕ ਯਾਤਰਾ ‘ਤੇ ਗਏ ਵਿਸ਼ਵ ਪ੍ਰਸਿੱਧ ਵਾਤਾਵਰਣ ਪ੍ਰੇਮੀ ਸੰਤ ਬਾਬਾ ਬਲਬੀਰ ਸਿੰਘ ਜੀ ਸੀਚੇਵਾਲ ਤੇ ਗੁਰਦੁਆਰਾ ਟਾਹਲੀ ਸਾਹਿਬ ਦੇ ਮੁੱਖ ਸੇਵਦਾਰ ਸੰਤ ਦਇਆ ਸਿੰਘ ਨੂੰ ਬੰਗਲਾ ਦੇਸ਼ ਗੁਰਦੁਆਰਾ ਮੈਨਜ਼ਮੈਂਟ ਬੋਰਡ ਵੱਲੋਂ ਸਨਮਾਨਿਤ ਕੀਤਾ ਗਿਆ। ਗੁਰਦੁਆਰਾ ਨਾਨਕਸ਼ਾਹੀ ਢਾਕਾ ਵਿੱਚ ਹੋਏ ਧਾਰਮਿਕ ਸਮਾਗਮ ਦੌਰਾਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਕਾਲੀ ਵੇਈਂ ਦੀ ਕਾਰ ਸੇਵਾ ਕਰਵਾ ਰਹੇ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਜੀ ਨੂੰ ਵਾਤਾਵਰਣ ਪ੍ਰਤੀ ਕੀਤੀਆਂ ਗਈਆਂ ਸੇਵਾਵਾਂ ਸਦਕਾ ਤੇ ਗਰੁਬਾਣੀ ਦੇ ਆਸ਼ੇ ਅਨੁਸਾਰ ਵਾਤਾਵਰਣ ਪ੍ਰਤੀ ਸੰਗਤਾਂ ਨੂੰ ਜਾਗਰਿਤ ਕਰਨ ’ਤੇ ਗੁਰਦੁਆਰਾ ਬੋਰਡ ਵੱਲੋਂ ਸਨਮਾਨਤ ਕੀਤਾ ਗਿਆ।ਬੋਰਡ ਦੇ ਜਨਰਲ ਸਕੱਤਰ ਬਚਨ ਸਿੰਘ ਸਰਲ ਨੇ ਕਿਹਾ ਕਿ ਬੋਰਡ ਲਈ ਇਹ ਬੜਾ ਵੱਡਭਾਗਾ ਸਮਾਂ ਹੈ ਕਿ ਸੰਤ ਸੀਚੇਵਾਲ ਵਰਗੀ ਸ਼ਖਸੀਅਤ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ।
ਪਹਿਲੀਵਾਰ ਬੰਗਲਾ ਦੇਸ਼ ਦੇ ਗੁਰ ਧਾਮਾਂ ਦੇ ਦਰਸ਼ਨਾਂ ਕਰ ਰਹੇ ਸੰਤ ਸੀਚੇਵਾਲ ਤੇ ਸੰਤ ਦਇਆ ਸਿੰਘ ਦਾ ਬੋਰਡ ਨੇ ਜਿਥੇ ਨਿੱਘਾ ਸਵਾਗਤ ਕੀਤਾ ਉਥੇ ਇੰਨ੍ਹਾਂ ਦੋਵੇਂ ਸ਼ਖਸੀਅਤਾਂ ਨੂੰ ਵੀ ਸਨਮਾਨਿਤ ਕੀਤਾ ਗਿਆ।ਸੰਤ ਸੀਚੇਵਾਲ ਜੀ ਦਾ ਸਨਮਾਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਚਰਨ ਸਿੰਘ ਤੇ ਤਖਤ ਸ਼੍ਰੀ ਪਟਨਾ ਸਾਹਿਬ ਦੇ ਸਿੰਘ ਸਾਹਿਬ ਇਕਬਾਲ ਸਿੰਘ ਨੇ ਕੀਤਾ।ਬੰਗਲਾ ਦੇਸ਼ ਦੇ ਇਤਿਹਾਸਕ ਗੁਰਧਾਮਾਂ ਦੀ ਕਾਰ ਸੇਵਾ ਕਰਵਾ ਰਹੇ ਬਾਬਾ ਹਾਕਮ ਸਿੰਘ ਜੀ ਨੇ ਸੰਤ ਦਇਆ ਸਿੰਘ ਜੀ ਨੂੰ ਯਾਦ ਚਿੰਨ ਭੇਂਟ ਕਰਕੇ ਤੇ ਸਿਰੋਪਾਏ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਸੰਗਤਾਂ ਦੇ ਇੱਕਠ ਨੂੰ ਸੰਬੋਧਨ ਕਰਦਿਆ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨੇ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਕਾਲ ਦੌਰਾਨ ਕੀਤੀਆਂ ਚਾਰ ਉਦਾਸੀਆਂ ‘ਚ ਭਟਕੀ ਹੋਈ ਲੋਕਾਈ ਨੂੰ ਸਿੱਧੇ ਰਸਤੇ ਪਾਉਣ ਲਈ ਤੇ ਕਿਰਤ ਕਰਨ,ਨਾਮ ਜੱਪਣ,ਵੰਡ ਛੱਕਣ ਤੇ ਸਰਬੱਤ ਦਾ ਭਲਾ ਮੰਗਣ ਦਾ ਉਪਦੇਸ਼ ਦਿੱਤਾ ਸੀ।ਉਨ੍ਹਾਂ ਕਿ ਜਿਸ ਗਲੋਬਲ ਵਾਰਮਿੰਗ ਤੋਂ ਸੰਸਾਰ ਤ੍ਰਿਬਕਿਆ ਫਿਰ ਰਿਹਾ ਹੈ ਉਸ ਤੋਂ ਛੁਟਕਾਰਾ ਪਾਉਣ ਦਾ ਭੇਦ ਬਾਬੇ ਨਾਨਕ ਦੇ ਉਪਦੇਸ਼ਾਂ ‘ਚ ਬੜਾ ਸ਼ੱਪਸ਼ਟ ਪੜ੍ਹਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਜੇ ਬਾਬੇ ਨਾਨਕ ਦੇਵ ਜੀ ਦੀਆਂ ਨਾਮ ਲੇਵਾ ਸੰਗਤਾਂ ਨੇ ਹੀ ਉਨ੍ਹਾਂ ਦਾ ਉਪਦੇਸ਼ ਮੰਨਿਆ ਹੁੰਦਾ ਤਾਂ ਪੰਜਾਬ ਦਾ ਕੋਈ ਦਰਿਆ ਗੰਦਾ ਨਹੀਂ ਸੀ ਹੋਣਾ।ਉਨ੍ਹਾਂ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਸ਼ੁਧ ਹਵਾ ਤੇ ਪਾਣੀ ਵਿਰਾਸਤ ’ਚ ਛੱਡ ਕੇ ਜਾਣ।
ਉਨ੍ਹਾਂ ਕਿਹਾ ਬੰਗਲਾ ਦੇਸ਼ ਵਰਗੇ ਗਰੀਬ ਮੁਲਕ ‘ਚ ਪਾਣੀ ਦੀਆਂ ਬੋਤਲਾਂ ਵਿਕਣੀਆਂ ਬਹੁਤ ਹੀ ਮੰਦਭਾਗਾ ਹੈ।ਉਨ੍ਹਾਂ ਕਿਹਾ ਇੱਥੋਂ ਦੇ ਗਰੀਬ ਲੋਕ ਆਪਣਾ ਪੇਟ ਪਾਲਣ ਲਈ ਸਖਤ ਮਿਹਨਤ ਕਰਦੇ ਹਨ ਤੇ ਇਸ ਮਜ਼ਦੂਰੀ ਦਾ ਬਹੁਤਾ ਹਿੱਸਾ ਜੇ ਉਨ੍ਹਾਂ ਨੂੰ ਪਾਣੀ ’ਤੇ ਖਰਣਾ ਪੈ ਗਿਆ ਤਾਂ ਉਹ ਘਰਾਂ ਦੀਆਂ ਹੋਰ ਲੋੜਾਂ ਕਿਵੇਂ ਪੂਰੀਆਂ ਕਰਨਗੇ।ਉਨ੍ਹਾਂ ਕਿਹਾ ਪਾਣੀ ਕੁਦਰਤ ਦੀ ਅਣਮੋਲ ਦੇਣ ਹੈ ਤੇ ਇਹ ਸਭ ਨੂੰ ਮੁਫਤ ਹੀ ਮਿਲਣਾ ਚਾਹੀਦਾ ਹੈ।
Post a Comment