ਦੋਦਾ (ਸ੍ਰੀ ਮੁਕਤਸਰ ਸਾਹਿਬ)/ਚੰਡੀਗੜ•, 4 ਦਸੰਬਰ/ਦੋ ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਕਬੱਡੀ ਟੀਮ ਇਸ ਵਾਰ ਤਜ਼ਰਬੇਕਾਰ ਤੇ ਨਵੇਂ ਖਿਡਾਰੀਆਂ ਦੇ ਸੁਮੇਲ ਨਾਲ ਤਿਆਰ ਹੋਈ ਹੈ ਅਤੇ ਇਸ ਵਾਰ ਭਾਰਤੀ ਟੀਮ ਕਬੱਡੀ ਵਿਸ਼ਵ ਕੱਪ ਜਿੱਤਣ ਦੀ ਹੈਟ੍ਰਿਕ ਕਰਨ ਲਈ ਦ੍ਰਿੜ ਹੈ। ਭਲਕੇ ਦੋਦਾ (ਸ੍ਰੀ ਮੁਕਤਸਰ ਸਾਹਿਬ) ਵਿਖੇ ਪਹਿਲਾ ਮੈਚ ਖੇਡਣ ਜਾ ਰਹੀ ਭਾਰਤੀ ਟੀਮ ਵਿੱਚ ਇਸ ਵਾਰ ਦੋ ਖਿਡਾਰੀ ਸ਼੍ਰੋਮਣੀ ਕਮੇਟੀ ਦੀ ਸਾਬਤ ਸੂਰਤ ਟੀਮ ਵਿੱਚੋਂ ਵੀ ਸ਼ਾਮਲ ਹੋਏ ਹਨ।ਭਾਰਤੀ ਟੀਮ ਦਾ ਕਪਤਾਨ ਮੁੜ ਸੁਖਬੀਰ ਸਿੰਘ ਸਰਾਵਾਂ ਨੂੰ ਬਣਾਇਆ ਗਿਆ ਹੈ ਜਦੋਂ ਕਿ ਕੋਚ ਬਾਬਾ ਬਾਜਾਖਾਨਾ ਹੈ। ਭਾਰਤੀ ਟੀਮ ਦੀ ਰੇਡਰ ਪੰਕਤੀ ਵਿੱਚ ਪਹਿਲੀ ਵਾਰ ਸ਼ਾਮਲ ਕੀਤਾ ਸੁੱਖੀ ਲੱਖਣਕੇ ਪੱਡਾ ਅਹਿਮ ਖਿਡਾਰੀ ਹੈ। ਇਸ ਤੋਂ ਇਲਾਵਾ ਪਿਛਲੀ ਵਾਰ ਵਾਲੀ ਟੀਮ ਵਿੱਚੋਂ ਗੁਰਲਾਲ ਘਨੌਰ, ਸੰਦੀਪ ਲੁੱਧੜ ਤੇ ਗਗਨਦੀਪ ਗੱਗੀ ਖੀਰਾਂਵਾਲੀ ਵੀ ਟੀਮ ਦਾ ਹਿੱਸਾ ਹਨ। ਜਾਫੀਆਂ ਵਿੱਚ ਤਿੰਨ ਜਾਫੀ ਨਵੇਂ ਹਨ ਜਿਨ•ਾਂ ਵਿੱਚ ਬਲਬੀਰ ਪਾਲਾ ਤੋਂ ਇਲਾਵਾ ਦੋ ਜਾਫੀ ਗੋਪੀ ਮਾਣਕੀ ਤੇ ਨਰਪਿੰਦਰ ਸਿੰਘ ਸ਼੍ਰੋਮਣੀ ਕਮੇਟੀ ਦੀ ਟੀਮ ਵਿੱਚੋਂ ਚੁਣੇ ਗਏ ਹਨ। ਪਿਛਲੀ ਵਾਰ ਟੀਮ ਦਾ ਹਿੱਸਾ ਰਹੇ ਏਕਮ ਹਠੂਰ, ਨਰਿੰਦਰ ਬਿੱਟੂ ਦੁਗਾਲ ਤੇ ਗੁਰਵਿੰਦਰ ਕਾਹਲਮਾ ਇਸ ਵਾਰ ਵੀ ਜਾਫ ਲਾਈਨ ਦੇ ਅਹਿਮ ਖਿਡਾਰੀ ਹਨ।ਭਾਰਤੀ ਟੀਮ ਦੇ ਕਪਤਾਨ ਸੁਖਬੀਰ ਸਿੰਘ ਸਰਾਵਾਂ ਨੇ ਭਲਕੇ ਦੇ ਇੰਗਲੈਂਡ ਵਿਰੁੱਧ ਫਸਵੇਂ ਮੁਕਾਬਲੇ ਦੀ ਰਣਨੀਤੀ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਉਨ•ਾਂ ਦੀ ਟੀਮ ਹਰ ਮੈਚ ੍ਰਫਾਈਨਲ ਵਾਂਗ ਖੇਡੇਗੀ ਅਤੇ ਕਿਸੇ ਵੀ ਟੀਮ ਨੂੰ ਹਲਕੇ ਵਿੱਚ ਨਹੀਂ ਲਵੇਗੀ। ਸੁਖਬੀਰਾ ਸਰਾਵਾਂ ਨੇ ਕਿਹਾ ਕਿ ਇੰਗਲੈਂਡ ਦੀ ਟੀਮ ਤਕੜੀਆਂ ਟੀਮਾਂ ਵਿੱਚ ਸ਼ੁਮਾਰ ਹੈ ਜਿਸ ਕਾਰਨ ਉਹ ਆਪਣੀ 100 ਫੀਸਦੀ ਪ੍ਰਦਰਸ਼ਨ ਕਰਨਗੇ।

Post a Comment